550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕੌਮੀ ਪੱਧਰ ਦਾ ਮੁੱਖ ਸਮਾਗਮ 23 ਨਵੰਬਰ ਨੂੰ

11/19/2018 8:41:41 AM

ਅੰਮ੍ਰਿਤਸਰ,(ਦੀਪਕ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ  ਨਾਨਕ  ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਕੌਮੀ ਪੱਧਰ ’ਤੇ ਮਨਾਉਣ ਲਈ 21  ਤੋਂ 24  ਨਵੰਬਰ ਤੱਕ ਸਾਰੇ ਸਮਾਗਮ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ  (ਕਪੂਰਥਲਾ)  ਵਿਖੇ ਪੂਰੇ ਪ੍ਰਬੰਧ ਕੀਤੇ ਗਏ ਹਨ। ਮੁੱਖ ਸਮਾਗਮ ਸਵੇਰੇ 4.45 ਤੋਂ ਲੈ ਕੇ  ਰਾਤ 10.30  ਵਜੇ ਤੱਕ 23 ਨਵੰਬਰ ਨੂੰ ਇਸ ਪ੍ਰਮੁੱਖ ਇਤਿਹਾਸਕ ਗੁਰਦੁਆਰਾ ਸਾਹਿਬ  ਵਿਚ ਕੀਤੇ ਜਾਣਗੇ,  ਜਿਸ ਦੀ ਅਗਵਾਈ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ  ਬਦਨੌਰ ਕਰਨਗੇ। ਇਹ ਜਾਣਕਾਰੀ  ਦਿੰਦਿਅਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ  ਮੁੱਖ ਸਕੱਤਰ ਡਾ. ਰੂਪ ਸਿੰਘ ਤੇ  ਧਰਮ ਪ੍ਰਚਾਰ ਕਮੇਟੀ ਦੇ ਸਕੱਤਰ  ਬਲਵਿੰਦਰ ਸਿੰਘ  ਜੌੜਾਸਿੰਘਾ ਨੇ ਦੱਸਿਆ ਕਿ ਉਕਤ  ਸਮਾਗਮਾਂ ਦੀ ਤਿਆਰੀ ਸੰਗਤ ਦੇ ਸਹਿਯੋਗ ਨਾਲ ਪੂਰੀ ਕਰ ਲਈ  ਗਈ ਹੈ।


ਪੰਜਾਬ ਦੇ ਰਾਜਪਾਲ  ਆਪਣੇ ਸੰਬੋਧਨ ਰਾਹੀਂ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ  ਦੇਣਗੇ ਤੇ 550ਵੇਂ ਪ੍ਰਕਾਸ਼  ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕਰਵਾਏ ਸੋਨੇ-ਚਾਂਦੀ ਦੇ ਵਿਸ਼ੇਸ਼ ਯਾਦਗਾਰੀ ਸਿੱਕੇ ਵੀ ਸੰਗਤ ਅਰਪਣ ਕਰਨਗੇ। ਸ਼੍ਰੀ ਬਦਨੌਰ ਨੂੰ ਸਮਾਗਮਾਂ  ’ਚ ਸ਼ਾਮਿਲ ਹੋਣ ਦਾ ਸੱਦਾ  ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ  ਖੁਦ ਜਾ ਕੇ ਦਿੱਤਾ ਹੈ।  ਸ਼੍ਰੋਮਣੀ  ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਵੱਲੋਂ ਦਿੱਤੀ  ਜਾਣਕਾਰੀ ਅਨੁਸਾਰ ਸ਼੍ਰੋਮਣੀ  ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਦਿੱਤੇ  ਸੱਦੇ ਨੂੰ ਰਾਜਪਾਲ ਵੀ.  ਪੀ. ਸਿੰਘ ਬਦਨੌਰ ਨੇ ਖੁਸ਼ੀ-ਖੁਸ਼ੀ ਪ੍ਰਵਾਨ ਕੀਤਾ ਹੈ।
ਇਸ ਦੌਰਾਨ  ਰਾਜਪਾਲ ਬਦਨੌਰ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ  ਗਏ ਸੋਨੇ-ਚਾਂਦੀ ਦੇ  ਯਾਦਗਾਰੀ ਸਿੱਕਿਅਾਂ ਨੂੰ ਪ੍ਰਧਾਨ ਲੌਂਗੋਵਾਲ ਦੇ ਨਾਲ ਜਾਰੀ ਕਰਨਗੇ।