ਸੁਲਤਾਨਪੁਰ ਲੋਧੀ ਜਾਣ ਵਾਲੀਆਂ ਸੰਗਤਾਂ ਲਈ ਅਹਿਮ ਖਬਰ, ਇੰਝ ਕਰੋ ਟੈਂਟ ਸਿਟੀ ''ਚ ਬੁਕਿੰਗ

11/03/2019 6:46:05 PM

ਸੁਲਤਾਨਪੁਰ ਲੋਧੀ (ਸੋਢੀ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਰੋਜ਼ਾਨਾ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਸੰਗਤਾਂ ਦਰਸ਼ਨਾਂ ਲਈ ਪੁੱਜ ਰਹੀਆਂ ਹਨ। ਸੰਗਤਾਂ ਦੀ ਰਿਹਾਇਸ਼ ਲਈ ਸੁਲਤਾਨਪੁਰ ਲੋਧੀ ਦੀਆਂ ਮੁੱਖ ਸੜਕਾਂ 'ਤੇ ਪੰਜਾਬ ਸਰਕਾਰ ਵਲੋਂ ਕਰੀਬ 277 ਏਕੜ 'ਚ 3 ਵੱਖ-ਵੱਖ ਟੈਂਟ ਸਿਟੀ ਬਣਾਏ ਗਏ ਹਨ। ਜਿੱਥੇ ਟੈਂਟ ਸਿਟੀ 'ਚ ਦੇਸ਼-ਵਿਦੇਸ਼ ਤੋਂ ਪੁੱਜਣ ਵਾਲੀਆਂ ਸੰਗਤਾਂ ਦੀ ਰਿਹਾਇਸ਼ ਲਈ ਆਨਲਾਈਨ ਬੁਕਿੰਗ ਕੀਤੀ ਜਾ ਰਹੀ ਹੈ, ਉੱਥੇ ਮੌਕੇ 'ਤੇ ਵੀ ਕਮਰੇ ਬੁੱਕ ਕਰਨ ਲਈ ਰਜਿਸਟ੍ਰੇਸ਼ਨ ਸੈਂਟਰ ਟੈਂਟ ਸਿਟੀਆਂ 'ਚ ਬਣਾਏ ਗਏ ਹਨ।

ਪਿੰਡ ਰਣਧੀਰਪੁਰ ਨੇੜੇ ਕਪੂਰਥਲਾ ਰੋਡ ਦੇ ਨਾਲ ਬਣਾਏ ਰਜਿਸਟ੍ਰੇਸ਼ਨ ਸੈਂਟਰ ਦੇ ਹੈੱਡ ਰਾਜਦੀਪ ਸਿੰਘ ਨੇ ਦੱਸਿਆ ਕਿ ਸੰਗਤਾਂ ਨੂੰ ਇਕ ਆਈ. ਡੀ. ਦੇਣ 'ਤੇ 30 ਵਿਅਕਤੀਆਂ ਨੂੰ ਰਹਿਣ ਲਈ ਤਿੰਨ ਦਿਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। 52.83 ਕਰੋੜ ਦੀ ਲਾਗਤ ਨਾਲ ਬਣੇ 2219 ਤੰਬੂਆਂ ਦੀ ਸਮਰੱਥਾ ਰਖਦੇ ਟੈਂਟ ਸਿਟੀ 'ਚ 35 ਹਜ਼ਾਰ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਹੈ। 'ਜਗ ਬਾਣੀ' ਟੀਮ ਨੇ ਦੇਖਿਆ ਕਿ 1 ਨੰਬਰ ਟੈਂਟ ਸਿਟੀ ਪੁੱਡਾ ਕਾਲੋਨੀ ਨਾਲ ਪਿੰਡ ਮਾਛੀਜੋਆ ਦੇ ਰਕਬੇ 'ਚ ਬਣਾਈ ਗਈ ਹੈ ਅਤੇ 2 ਨੰਬਰ ਟੈਂਟ ਸਿਟੀ ਲੋਹੀਆਂ ਸੜਕ 'ਤੇ ਸੁਲਤਾਨਪੁਰ ਲੋਧੀ ਵਿਖੇ ਪੁਲ ਦੇ ਨੇੜੇ ਲਾਲਾ ਦੌਲਤ ਰਾਮ ਦੇ ਭੱਠੇ ਮੁਹਰੇ ਸਥਿਤ ਹੈ ਅਤੇ 3 ਨੰਬਰ ਟੈਂਟ ਸਿਟੀ ਕਪੂਰਥਲਾ ਤੋਂ ਆਉਂਦੇ ਸੁਲਤਾਨਪੁਰ ਲੋਧੀ ਰੋਡ 'ਤੇ ਪਿੰਡ ਰਣਧੀਰਪੁਰ ਦੀ ਜ਼ਮੀਨ 'ਚ ਸਥਿਤ ਹੈ।

ਟੈਂਟ ਸਿਟੀ ਦੇ ਅੰਦਰ ਰਹਿਣ ਵਾਲੀਆਂ ਸੰਗਤਾਂ ਦੀ ਪਾਰਕਿੰਗ ਦਾ ਪ੍ਰਬੰਧ ਇਨ੍ਹਾਂ ਟੈਂਟ ਸਿਟੀ ਦੇ ਅੰਦਰ ਹੀ ਕੀਤਾ ਗਿਆ ਤੇ ਨਾਲ ਹੀ ਲੰਗਰ ਪੁਆਇੰਟ ਬਣਾਏ ਗਏ ਹਨ, ਜਿੱਥੇ ਵੱਖ-ਵੱਖ ਮਹਾਪੁਰਸ਼ਾਂ ਵਲੋਂ ਗੁਰੂ ਕੇ ਲੰਗਰ ਲਾਏ ਜਾ ਰਹੇ ਹਨ। ਟੈਂਟ ਸਿਟੀ ਅੰਦਰ ਪੁੱਛ-ਗਿੱਛ ਲਈ ਐਡਮਿਨ ਬਲਾਕ, ਜੋੜਾ ਘਰ, ਗੱਠੜੀ ਘਰ ਦਾ ਵੀ ਪ੍ਰਬੰਧ ਰੱਖਿਆ ਹੈ ਪਰ ਇਹ ਹਾਲੇ ਚਾਲੂ ਨਹੀਂ ਹੈ। ਸੰਗਤਾਂ ਦੀ ਸਿਹਤ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਹਰ ਟੈਂਟ ਸਿਟੀ ਦੇ ਅੰਦਰ ਮੈਡੀਕਲ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ।

Gurminder Singh

This news is Content Editor Gurminder Singh