550ਵੇਂ ਪ੍ਰਕਾਸ਼ ਉਤਸਵ ਸਬੰਧੀ ਝੂਠ ਬੋਲਣਾ ਬੰਦ ਕਰੇ ਹਰਸਿਮਰਤ : ਕੈਪਟਨ

09/16/2019 7:49:26 PM

ਜਲੰਧਰ,(ਧਵਨ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਰਕਾਰ ਨਾਲ ਮਿਲ ਕੇ ਮਨਾਉਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਖ਼ਤ ਲਿਖਿਆ ਹੈ ਤੇ ਨਾਲ ਹੀ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੂੰ ਕਿਹਾ ਹੈ ਕਿ ਉਹ ਇਸ ਇਤਿਹਾਸਕ ਘਟਨਾ ਤੋਂ ਰਾਜਸੀ ਲਾਭ ਲੈਣ ਲਈ ਝੂਠ ਬੋਲਣਾ ਬੰਦ ਕਰੇ। ਉਨ੍ਹਾਂ ਕਿਹਾ ਕਿ ਹਰਸਿਮਰਤ ਨੂੰ ਤੱਥਾਂ ਦੀ ਸਹੀ ਜਾਣਕਾਰੀ ਨਹੀਂ ਹੈ। ਕੇਂਦਰੀ ਵਜ਼ੀਰ ਇਸ ਪਵਿੱਤਰ ਉਤਸਵ ਵਿਚਕਾਰ ਰਾਜਨੀਤੀ ਨੂੰ ਘੜੀਸਣ ਲੱਗੀ ਹੋਈ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਆਗੂਆਂ ਵੱਲੋਂ ਪਿਛਲੇ ਕੁਝ ਦਿਨਾਂ 'ਚ ਕੀਤੀ ਗਈ ਬਿਆਨਬਾਜ਼ੀ 'ਚ ਉਨ੍ਹਾਂ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ। 10 ਸਾਲਾਂ ਤੱਕ ਉਨ੍ਹਾਂ ਨੇ ਪੰਜਾਬ ਦੇ ਸਮਾਜਿਕ ਤੇ ਆਰਥਿਕ ਤਾਣੇ-ਬਾਣੇ ਨੂੰ ਤਹਿਸ-ਨਹਿਸ ਕੀਤਾ ਤੇ ਹੁਣ ਉਹ ਮੁੜ ਰਾਜ ਨੂੰ ਕਾਲੇ ਦਿਨਾਂ 'ਚ ਲੈ ਜਾਣਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਨੇ ਸ਼੍ਰੋਮਣੀ ਕਮੇਟੀ ਨੂੰ ਸੌੜੇ ਲਾਭਾਂ ਲਈ ਰਾਜਸੀ ਹਥਿਆਰ ਬਣਾਇਆ ਹੋਇਆ ਹੈ। ਉਨ੍ਹਾਂ ਦੀ ਸਰਕਾਰ ਲਗਾਤਾਰ ਸ਼੍ਰੋਮਣੀ ਕਮੇਟੀ ਸਣੇ ਸਭਨਾਂ ਸੰਸਥਾਵਾਂ ਨੂੰ ਸੰਕੀਰਣ ਮਤਭੇਦਾਂ ਤੋਂ 'ਤੇ ਉਠ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਉਣ 'ਤੇ ਜ਼ੋਰ ਦੇ ਰਹੀ ਹੈ ਪਰ ਇਹ ਅਕਾਲੀਆਂ ਨੂੰ ਭਾਅ ਨਹੀਂ ਰਿਹਾ ਹੈ, ਜਿਸ ਕਾਰਣ ਉਹ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਜਨਤਾ 'ਚ ਝੂਠ ਦਾ ਪ੍ਰਸਾਰ ਕਰਨ ਲੱਗੇ ਹੋਏ ਹਨ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਭੇਜੇ ਪੱਤਰ 'ਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਹਾਨ ਉਤਸਵ ਨੂੰ ਮਨਾਉਣ ਲਈ ਪੂਰੀ ਤਰ੍ਹਾਂ ਨਾਲ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਰਾਜ ਸਰਕਾਰ ਨੇ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀਆਂ ਹਦਾਇਤਾਂ 'ਤੇ ਦੋ ਕੈਬਨਿਟ ਮੰਤਰੀਆਂ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਡਿਊਟੀ ਇਸ ਕੰਮ ਲਈ ਲਾਈ ਹੈ। 29 ਜੂਨ 2019 ਨੂੰ ਤਿੰਨ ਮੰਤਰੀਆਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਉਨ੍ਹਾਂ ਦੇ ਕਹਿਣ 'ਤੇ ਮੁਲਾਕਾਤ ਕੀਤੀ ਸੀ ਤਾਂ ਕਿ ਇਸ ਪਵਿੱਤਰ ਉਤਸਵ 'ਚ ਸਾਰੇ ਇਕੱਠੇ ਹੋ ਸਕਣ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਇਨ੍ਹਾਂ ਪ੍ਰੋਗਰਾਮਾਂ ਨੂੰ ਵੇਖਦੇ ਹੋਏ ਵਿਕਾਸ ਦੇ ਅਨੇਕ ਕੰਮ ਸ਼ੁਰੂ ਕੀਤੇ ਹਨ ਤੇ ਰਾਜ ਸਰਕਾਰ ਵੱਲੋਂ ਮੁੱਖ ਸਮਾਗਮ 12 ਨਵੰਬਰ ਨੂੰ ਸ੍ਰੀ ਸੁਲਤਾਨਪੁਰ ਲੋਧੀ 'ਚ ਆਯੋਜਿਤ ਕੀਤਾ ਜਾ ਰਿਹਾ ਹੈ।