ਬੀਬੀਆਂ ਦੇ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਨੇ ਰੂਹਾਨੀਅਤ ਦੇ ਰੰਗ ''ਚ ਰੰਗੀ ਸੰਗਤ

11/10/2019 12:05:44 PM

ਸੁਲਤਾਨਪੁਰ ਲੋਧੀ (ਧੀਰ)— ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਇਸ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਗੁਰਬਾਣੀ 'ਚ ਔਰਤਾਂ ਨੂੰ ਬਖਸ਼ੇ ਗਏ ਸਤਿਕਾਰ 'ਤੇ ਪਹਿਰਾ ਦਿੰਦੇ ਹੋਏ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ 'ਚ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਦਾ ਪੰਜਵਾਂ ਦਿਨ ਬੇਬੇ ਨਾਨਕੀ ਜੀ ਨੂੰ ਸਮਰਪਿਤ ਰਿਹਾ। ਇਸ ਦੌਰਾਨ ਬੀਬੀਆਂ ਦੇ ਪੰਥ ਪ੍ਰਸਿੱਧ ਜਥਿਆਂ ਨੇ ਇਲਾਹੀ ਬਾਣੀ ਦਾ ਰਾਗਬੱਧ ਕੀਰਤਨ ਕਰਕੇ ਇਥੇ ਵੱਡੀ ਗਿਣਤੀ 'ਚ ਪੁੱਜੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।

ਔਰਤਾਂ ਨੂੰ ਸਤਿਕਾਰ ਦੇਣ ਵਜੋਂ ਕੀਤੇ ਗਏ ਇਸ ਸਮਾਗਮ ਦੀ ਸ਼ੁਰੂਆਤ 'ਚ ਡਾ. ਜਸਮੀਤ ਕੌਰ ਜੰਮੂ ਵਾਲਿਆਂ ਦੇ ਰਾਗੀ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ। ਜਿਸ ਉਪਰੰਤ ਬੀਬੀ ਸਿਮਰਨ ਕੌਰ ਲੁਧਿਆਣਾ ਵਾਲਿਆਂ ਅਤੇ ਬੀਬੀ ਜਸਲੀਨ ਕੌਰ ਦਿੱਲੀ ਵਾਲਿਆਂ ਦੇ ਕੀਰਤਨੀ ਜਥਿਆਂ ਨੇ ਹਾਜ਼ਰੀ ਲਵਾਈ ਅਤੇ ਡਾ. ਗੁਰਿੰਦਰ ਕੌਰ ਦਿੱਲੀ ਵਾਲਿਆਂ ਦੇ ਰਾਗੀ ਜਥੇ ਨੇ ਰਾਗਬੱਧ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰ ਦਿੱਤਾ। ਬੀਬੀ ਇਸ਼ਵਿਨੀਕ ਕੌਰ ਦਿੱਲੀ ਵਾਲਿਆਂ ਦੇ ਜਥੇ ਨੇ 'ਬਲਿਓ ਚਰਾਗ ਅੰਧਾਰ ਮੇਂ' ਅਤੇ 'ਆਓ ਮੀਤ ਪਿਆਰੇ' ਸ਼ਬਦਾਂ ਦਾ ਗਾਇਨ ਕਰ ਕੇ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ। ਇਸ ਤੋਂ ਬਾਅਦ ਬੀਬੀ ਪ੍ਰਭਜੋਤ ਕੌਰ ਬਟਾਲਾ ਵਾਲਿਆਂ ਅਤੇ ਡਾ. ਜਸਬੀਰ ਕੌਰ ਪਟਿਆਲਾ ਵਾਲਿਆਂ ਦੇ ਜਥਿਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਰੂਹਾਨੀ ਰੰਗ ਵਿਚ ਰੰਗ ਦਿੱਤਾ। ਇਸ ਦੌਰਾਨ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਵੀ ਗੁਰੂ ਨਾਨਕ ਦਰਬਾਰ ਵਿਚ ਨਤਮਸਤਕ ਹੋਣ ਲਈ ਪੁੱਜੇ।

shivani attri

This news is Content Editor shivani attri