ਸੁਲਤਾਨਪੁਰ ਲੋਧੀ ''ਚ ਪਿਆ ਮੀਂਹ ਪਰ ਨਹੀਂ ਘਟਿਆ ਸੰਗਤ ਦਾ ਉਤਸ਼ਾਹ

11/07/2019 6:05:30 PM

ਸੁਲਤਾਨਪੁਰ ਲੋਧੀ (ਸੋਢੀ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੂਰ-ਦੁਰਾਡੇ ਤੋਂ ਸੰਗਤਾਂ ਸੁਲਤਾਨਪੁਰ ਲੋਧੀ ਪੁੱਜ ਰਹੀਆਂ ਹਨ। ਸੰਗਤਾਂ ਨੂੰ ਉਸ ਸਮੇਂ ਥੋੜ੍ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਅਚਾਨਕ ਮੌਸਮ ਖੁਰਾਬ ਹੋ ਗਿਆ ਅਤੇ ਬਾਰਿਸ਼ ਸ਼ੁਰੂ ਹੋ ਗਈ ਪਰ ਬਾਰਿਸ਼ ਦੇ ਬਾਵਜੂਦ ਵੀ ਸੰਗਤ 'ਚ ਕੋਈ ਉਤਸ਼ਾਹ ਨਹੀਂ ਘਟਿਆ ਅਤੇ ਲੋਕ ਦਰਸ਼ਨਾਂ ਲਈ ਆਉਂਦੇ ਰਹੇ। 

ਇਸ ਸਮੇਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਆਈਆਂ ਸੰਗਤਾਂ ਆਲੇ-ਦੁਆਲੇ ਦੇ ਵਰਾਂਡਿਆਂ ਅਤੇ ਭਾਈ ਮਰਦਾਨਾ ਜੀ ਦੀਵਾਨ ਹਾਲ 'ਚ ਖੜ੍ਹ ਕੇ ਆਪਣਾ ਬਚਾਅ ਕੀਤਾ। ਦੱਸਿਆ ਜਾ ਰਿਹਾ ਹੈ ਕਿ ਬਾਰਿਸ਼ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਕੰਪਲੈਕਸ ਦੇ ਸਾਰੇ ਮੈਟ ਪਾਣੀ ਨਾਲ ਭਰ ਗਏ ਅਤੇ ਵੱਖ-ਵੱਖ ਥਾਵਾਂ 'ਤੇ ਲਗਾਏ ਹੋਏ ਟੈਂਟ ਵੀ ਬਾਰਿਸ਼ ਦੇ ਪਾਣੀ ਨਾਲ ਚੋਣ ਲੱਗ ਪਏ। ਸੁਲਤਾਨਪੁਰ ਲੋਧੀ ਦੀ ਟੈਂਟ ਸਿਟੀ 'ਚ ਭਾਵੇਂ ਵਾਟਰ ਪਰੂਫ ਟੈਂਟ ਦੇ ਕਮਰੇ ਅਤੇ ਹਾਲ ਬਣੇ ਹੋਏ ਹਨ ਪਰ ਬਾਹਰ ਬਣਾਈਆਂ ਸੜਕਾਂ 'ਤੇ ਰੱਖੇ ਸਾਰੇ ਮੈਟ ਆਦਿ ਪਾਣੀ ਨਾਲ ਭਿੱਜ ਗਏ। 

ਸੁਲਤਾਨਪੁਰ ਲੋਧੀ 'ਚ ਗੁਰੂ ਦੇ ਲੰਗਰਾਂ ਲਈ ਲਗਾਏ ਪੰਡਾਲ ਵੀ ਪਾਣੀ ਭਰਨ ਨਾਲ ਕਾਫੀ ਪ੍ਰਭਾਵਿਤ ਹੋਏ। ਤੇਜ ਹਵਾਵਾਂ ਨੇ ਕਈ ਜਗ੍ਹਾ ਟੈਂਟ ਆਦਿ ਨੂੰ ਵੀ ਨੁਕਸਾਨ ਪਹੁੰਚਾਇਆ। ਮੀਂਹ ਹਟਦੇ ਹੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਵੱਲੋਂ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ ਅਤੇ ਸਫਾਈ ਕੀਤੀ, ਜਿਸ ਤੋਂ ਬਾਅਦ ਸੰਗਤਾਂ ਵੱਲੋਂ ਮੁੜ ਦਰਸ਼ਨਾਂ ਲਈ ਭੀੜ ਲੱਗ ਗਈ ।

shivani attri

This news is Content Editor shivani attri