ਕੈਪਟਨ ਦੀ ਅਪੀਲ ਪ੍ਰਵਾਨ, 550ਵੇਂ ਪ੍ਰਕਾਸ਼ ਪੁਰਬ ''ਤੇ 14 ਵਿਸ਼ੇਸ਼ ਗੱਡੀਆਂ ਚਲਾਵੇਗਾ ਰੇਲਵੇ

09/30/2019 6:43:51 PM

ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਸ਼ੇਸ਼ ਰੇਲ ਗੱਡੀਆਂ ਸ਼ੁਰੂ ਕਰਨ ਦੀ ਅਪੀਲ ਨੂੰ ਰੇਲਵੇ ਵਲੋਂ ਪ੍ਰਵਾਨ ਕਰ ਲਿਆ ਗਿਆ ਹੈ। ਰੇਲਵੇ ਨੇ ਪਹਿਲੀ ਨਵੰਬਰ 2019 ਤੋਂ ਸੁਲਤਾਨਪੁਰ ਲੋਧੀ ਨੂੰ 14 ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਰੇਲ ਗੱਡੀਆਂ ਸੂਬੇ ਵਿਚੋਂ ਅਤੇ ਸੂਬੇ ਤੋਂ ਬਾਹਰੋਂ ਅੰਤਰ-ਰਾਜ ਲੰਬੀਆਂ ਦੂਰੀਆਂ ਦੀਆਂ ਚੱਲਣਗੀਆਂ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਵਿਸ਼ੇਸ਼ ਰੇਲ ਗੱਡੀਆਂ ਅਤੇ ਐਕਸਪ੍ਰੈੱਸ ਰੇਲ ਗੱਡੀਆਂ ਸ਼ਰਧਾਲੂਆਂ ਨੂੰ ਪੰਜਾਬ ਅਤੇ ਦੂਜੇ ਖੇਤਰਾਂ ਖਾਸ ਕਰਕੇ ਨਾਂਦੇੜ ਸਾਹਿਬ ਤੇ ਪਟਨਾ ਸਾਹਿਬ ਤੋਂ ਸੁਲਤਾਨਪੁਰ ਲੋਧੀ ਲੈ ਕੇ ਜਾਣਗੀਆਂ। ਇਸ ਤੋਂ ਪਹਿਲਾਂ ਇਸੇ ਮਹੀਨੇ ਕੇਂਦਰ ਨੇ ਸੂਬਾ ਸਰਕਾਰ ਦੇ ਪ੍ਰਸਤਾਵ 'ਤੇ ਨਵੀਂ ਦਿੱਲੀ ਤੇ ਸੁਲਤਾਨਪੁਰ ਲੋਧੀ ਵਿਚਾਲੇ ਵਿਸ਼ੇਸ਼ ਐਕਸਪ੍ਰੈੱਸ ਰੇਲ ਗੱਡੀ ਚਲਾਉਣ ਦਾ ਐਲਾਨ ਕੀਤਾ ਸੀ।

ਬੁਲਾਰੇ ਨੇ ਦੱਸਿਆ ਕਿ ਨਵੰਬਰ ਮਹੀਨੇ ਹੋਣ ਵਾਲੇ ਇਤਿਹਾਸਕ ਸਮਾਗਮਾਂ ਤੋਂ ਪਹਿਲਾਂ ਰੇਲਵੇ ਵੱਲੋਂ ਸੁਲਤਾਨਪੁਰ ਲੋਧੀ ਰੇਲਵੇ ਸਟੇਸ਼ਨ ਨੂੰ ਅੱਪਗ੍ਰੇਡ ਕਰਨ ਦਾ ਜਾਰੀ ਕੰਮ ਮੁਕੰਮਲ ਹੋ ਜਾਵੇਗਾ। ਉਤਰੀ ਰੇਲਵੇ ਵੱਲੋਂ ਭੇਜੇ ਪੱਤਰ ਅਨੁਸਾਰ ਅੰਮ੍ਰਿਤਸਰ-ਡੇਰਾ ਬਾਬਾ ਨਾਨਕ ਡੀਜ਼ਲ ਮਲਟੀਪਲ ਯੂਨਿਟ (ਡੀ. ਈ. ਐੱਮ. ਯੂ.) 1 ਤੋਂ 16 ਨਵੰਬਰ 2019 ਤੱਕ ਕੁੱਲ 60 ਵਾਰ ਚੱਲੇਗਾ। ਇਹ ਅੰਮ੍ਰਿਤਸਰ ਤੋਂ ਰਾਤ ਨੂੰ 9.10 ਵਜੇ ਰਵਾਨਾ ਹੋਵੇਗਾ ਅਤੇ ਡੇਰਾ ਬਾਬਾ ਨਾਨਕ ਵਿਖੇ ਤੜਕੇ 2.30 ਵਜੇ ਪਹੁੰਚੇਗਾ।

ਸ਼ਰਧਾਲੂਆਂ ਦੀ ਵੱਡੀ ਆਮਦ ਨੂੰ ਦੇਖਦਿਆਂ ਰੇਲਵੇ ਵੱਲੋਂ ਇਤਿਹਾਸਕ ਕਸਬਿਆਂ ਡੇਰਾ ਬਾਬਾ ਨਾਨਕ ਤੇ ਸੁਲਤਾਨਪੁਰ ਲੋਧੀ ਨੂੰ ਜੋੜਦੀ ਇਕ ਹੋਰ ਰੇਲ ਗੱਡੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਜਿਹੜੀ ਡੇਰਾ ਬਾਬਾ ਨਾਨਕ ਤੋਂ ਰਾਤ 7.15 ਵਜੇ ਸ਼ੁਰੂ ਹੋਵੇਗੀ ਅਤੇ ਅੱਧੀ ਰਾਤ ਬਾਅਦ 1.30 ਵਜੇ ਆਪਣੀ ਮੰਜ਼ਿਲ 'ਤੇ ਪਹੁੰਚੇਗੀ। 4 ਨਵੰਬਰ ਤੋਂ ਰੇਲ ਗੱਡੀ ਚਲਾਉਣ ਦਾ ਕੰਮ ਦੋਗੁਣਾ ਕਰ ਦਿੱਤਾ ਜਾਵੇਗਾ। ਫਿਰੋਜ਼ਪੁਰ-ਪਟਨਾ ਜੰਕਸ਼ਨ ਐਕਸਪ੍ਰੈੱਸ 1 ਤੋਂ 16 ਨਵੰਬਰ 2019 ਤੱਕ ਤਿੰਨ ਵਾਰ ਚੱਲੇਗੀ ਜਿਹੜੀ ਪਟਨਾ ਸਾਹਿਬ ਤੋਂ 6, 10 ਤੇ 16 ਨਵੰਬਰ ਨੂੰ ਰਾਤ 10.45 ਵਜੇ ਰਵਾਨਾ ਹੋਵੇਗੀ। ਫਿਰੋਜ਼ਪੁਰ ਤੋਂ ਵਾਪਸੀ ਦਾ ਸਫਰ 5, 9 ਤੇ 14 ਨਵੰਬਰ ਨੂੰ ਅੱਧੀ ਰਾਤ ਵੇਲੇ 12.40 ਵਜੇ ਸ਼ੁਰੂ ਕਰੇਗੀ ਅਤੇ ਨਾਂਦੇੜ ਸਾਹਿਬ ਵਿਖੇ ਸ਼ਾਮ 6.05 ਵਜੇ ਪੁੱਜੇਗੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਹਫਤਾਵਾਰੀ ਫਿਰੋਜ਼ਪੁਰ-ਨਾਂਦੇੜ ਐਕਸਪ੍ਰੈਸ ਨਾਂਦੇੜ ਤੋਂ ਸ਼ਨੀਵਾਰ ਸਵੇਰੇ 9 ਵਜੇ ਚੱਲੇਗੀ ਅਤੇ ਵਾਇਆ ਭੋਪਾਲ, ਆਗਰਾ, ਬਠਿੰਡਾ ਹੁੰਦੀ ਹੋਈ ਫਿਰੋਜ਼ਪੁਰ ਵਿਖੇ ਰਾਤ 10.50 ਵਜੇ ਪੁੱਜੇਗੀ। ਇਹ ਵਾਪਸੀ ਦਾ ਸਫਰ ਫਿਰੋਜ਼ਪੁਰ ਤੋਂ ਵੀਰਵਾਰ ਨੂੰ ਅੱਧੀ ਰਾਤ ਬਾਅਦ 1.30 ਵਜੇ ਸ਼ੁਰੂ ਕਰੇਗੀ ਅਤੇ ਨਾਂਦੇੜ ਵਿਖੇ ਬਾਅਦ ਦੁਪਿਹਰ 1 ਵਜੇ ਪੁੱਜੇਗੀ। ਹਿਸਾਰ-ਸੁਲਤਾਨਪੁਰ ਲੋਧੀ ਰੇਲ ਗੱਡੀ ਰੋਜ਼ਾਨਾ ਚੱਲੇਗੀ ਜਿਸ ਦੇ ਇਸ ਸਮੇਂ ਦੌਰਾਨ ਕੁੱਲ 28 ਗੇੜੇ ਹੋਣਗੇ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਤੋਂ ਗੰਗਾਨਗਰ, ਸੁਲਤਾਨਪੁਰ ਲੋਧੀ ਤੋਂ ਨਵਾਂਸ਼ਹਿਰ ਤੇ ਫਾਜ਼ਿਲਕਾ-ਸੁਲਤਾਨਪੁਰ ਲੋਧੀ ਰੇਲ ਗੱਡੀਆਂ ਚੱਲਣਗੀਆਂ। ਪੁਰਾਣੀ ਦਿੱਲੀ-ਲੋਹੀਆ ਖਾਸ ਰੇਲ ਗੱਡੀ ਬਦਲਵੇਂ ਦਿਨਾਂ ਮੌਕੇ 40 ਵਾਰ ਚੱਲੇਗੀ। ਇਹ ਦਿੱਲੀ ਤੋਂ ਸੋਮਵਾਰ ਤੋਂ ਰਾਤ ਸਮੇਂ 11.50 ਵਜੇ ਚੱਲੇਗੀ।

Gurminder Singh

This news is Content Editor Gurminder Singh