550 ਸਾਲਾ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਪੁਰਾਤਨ ਪੁਸਤਕਾਂ ਨੂੰ ਮੁੜ ਛਾਪੇਗੀ

12/09/2018 8:49:19 AM

ਅੰਮ੍ਰਿਤਸਰ,(ਦੀਪਕ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਪੁਸਤਕ ‘ਗੁਰੂ ਨਾਨਕ ਵਿਚਾਰਧਾਰਾ’ ਅਤੇ ਯਾਦਗਾਰੀ ਸਿੱਖ ਡਾਇਰੀ ਛਾਪਣ ਦਾ ਫੈਸਲਾ ਕੀਤਾ ਹੈ। ਬੀਤੇ  ਦਿਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਸਿੱਖ ਇਤਿਹਾਸ ਰਿਸਰਚ ਬੋਰਡ ਦੀ ਇਕੱਤਰਤਾ ਦੌਰਾਨ ਇਹ ਫੈਸਲਾ ਕੀਤਾ ਗਿਆ।

ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਹੈ ਕਿ ਸਿੱਖ ਇਤਿਹਾਸ ਰਿਸਰਚ ਬੋਰਡ ਦੀ ਇਕੱਤਰਤਾ ’ਚ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਬੈਜ (ਬਿੱਲੇ) ਤਿਆਰ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ਪੁਰਾਤਨ ਪੁਸਤਕਾਂ ਨੂੰ ਮੁੜ ਛਪਵਾਉਣ ਦਾ ਫੈਸਲਾ ਕੀਤਾ ਹੈ, ਇਸ ਤਹਿਤ ਮੁੱਢਲੇ ਤੌਰ ’ਤੇ ਕੁਝ ਪੁਸਤਕਾਂ ਛਪਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਇਸ ਇਤਿਹਾਸਕ ਮੌਕੇ ’ਤੇ ਨਵੀਆਂ ਪੁਸਤਕਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਕਾਰਜ ਲਈ ਵੱਖ-ਵੱਖ ਸਿੱਖ ਵਿਦਵਾਨਾਂ ਪਾਸੋਂ ਵਿਸ਼ੇਸ਼ ਲੇਖ ਮੰਗਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਲਡ਼ੀ ਤਹਿਤ ‘ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤ੍ਰੈਕਾਲੀ ਦ੍ਰਿਸ਼ਟੀ’ ਇਕ ਪੁਸਤਕ ਲਗਭਗ ਤਿਆਰ ਹੈ, ਜਿਸ ਨੂੰ ਅਗਲੇ ਦਿਨਾਂ ਵਿਚ ਸੰਗਤ ਅਪਰਣ ਕਰ ਦਿੱਤਾ ਜਾਵੇਗਾ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਬੀਤੇ ਸਮੇਂ ’ਚ ਪ੍ਰਸਿੱਧ ਪੱਤਰਕਾਰ ਸ. ਹਰਬੀਰ ਸਿੰਘ ਭੰਵਰ ਦੀ ਪੁਸਤਕ ‘ਡਾਇਰੀ ਦੇ ਪੰਨੇ’ ਛਾਪੀ ਗਈ ਸੀ, ਜਿਸ ਦੇ ਕੁਝ ਸਮਾਂ ਪਹਿਲਾਂ ਛਾਪਣ ਦੇ ਅਧਿਕਾਰ ਸ. ਭੰਵਰ ਨੇ ਵਾਪਸ ਲੈ ਲਏ ਸਨ। ਲੇਖਕ ਵੱਲੋਂ ਹੁਣ ਸ਼੍ਰੋਮਣੀ ਕਮੇਟੀ ਨੂੰ ਮੁਡ਼ ਅਧਿਕਾਰ ਦੇਣ  ਲਈ ਪੱਤਰ ਭੇਜਿਆ ਗਿਆ ਹੈ ਅਤੇ ਇਸ ਪੁਸਤਕ ਨੂੰ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਮੁੜ ਪ੍ਰਕਾਸ਼ਤ ਕਰਵਾਇਆ ਜਾਵੇਗਾ। ਭਾਈ ਲੌਂਗੋਵਾਲ ਨੇ ਦੱਸਿਆ ਕਿ ਸ. ਭੰਵਰ ਦੀ ਸਿਹਤ ਠੀਕ ਨਾ ਰਹਿਣ ਕਰ ਕੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਕ ਹੋਰ ਵਿਸ਼ੇਸ਼ ਫੈਸਲੇ ਸਬੰਧੀ ਭਾਈ ਲੌਂਗੋਵਾਲ ਨੇ ਦੱਸਿਆ ਕਿ ਸਿੱਖ ਇਤਿਹਾਸ, ਗੁਰਬਾਣੀ, ਗੁਰਮਤਿ ਸਿਧਾਂਤਾਂ ਨਾਲ ਸਬੰਧਤ ਸਰਵਉੱਚ ਪੁਸਤਕਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਉਚੇਚੇ ਇਨਾਮ ਦਿੱਤੇ ਜਾਇਆ ਕਰਨਗੇ। ਇਸ ਤਹਿਤ ਸਾਲ ਵਿਚ ਇਕ ਪੰਜਾਬੀ ਭਾਸ਼ਾ ਵਿਚ ਗੁਰਮਤਿ ਨਾਲ ਸਬੰਧਤ ਸਰਵੋਤਮ ਪੁਸਤਕ ਦੇ ਲੇਖਕ ਅਤੇ ਇਕ ਕਿਸੇ ਹੋਰ ਭਾਸ਼ਾ ਦੀ ਗੁਰਮਤਿ ਸਬੰਧੀ ਪੁਸਤਕ ਦੇ ਲੇਖਕ ਨੂੰ 51-51 ਹਜ਼ਾਰ ਰੁਪਏ ਨਾਲ ਸਨਮਾਨਤ ਕੀਤਾ ਜਾਵੇਗਾ।