550 ਸਾਲਾ ਸਮਾਗਮਾਂ ਲਈ ਪੈਦਾ ਕੀਤੀਆਂ ਜਾ ਰਹੀਆਂ ਆਰਗੈਨਿਕ ਸਬਜ਼ੀਆਂ

07/24/2019 7:03:15 PM

ਸੀਚੇਵਾਲ,(ਸੋਢੀ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਨਵੰਬਰ ਮਹੀਨੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ 'ਤੇ ਕਰਵਾਏ ਜਾ ਰਹੇ ਸਮਾਗਮਾਂ ਦੌਰਾਨ ਲੱਗਣ ਵਾਲੇ ਲੰਗਰਾਂ ਵਾਸਤੇ ਆਰਗੈਨਿਕ ਸਬਜ਼ੀਆਂ ਪੈਦਾ ਕਰਨ ਲਈ ਉਘੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਨਿਰਮਲ ਕੁਟੀਆ ਸੀਚੇਵਾਲ ਵਿਖੇ ਇਲਾਕੇ ਦੇ ਕਿਸਾਨਾਂ ਨਾਲ ਮੀਟਿੰਗ ਕੀਤੀ। ਇਸ ਮੌਕੇ ਕਿਸਾਨਾਂ ਨੇ ਹਲਵਾ ਕੱਦੂ, ਗਾਜਰ, ਪਾਲਕ, ਤੋਰੀਆ ਆਦਿ ਪੈਦਾ ਕਰਨ ਲਈ ਇੱਕ ਕਨਾਲ ਤੋਂ ਇੱਕ ਏਕੜ ਤੱਕ ਹਰ ਕਿਸਾਨ ਨੇ ਹਾਮੀ ਭਰੀ। ਕਿਸਾਨ ਤੇਗਾ ਸਿੰਘ ਨੇ ਆਪਣੇ ਖੇਤਾਂ ਵਿੱਚ ਸਬਜ਼ੀ ਲਾ ਕੇ ਸ਼ੁਰੂਆਤ ਕੀਤੀ। ਇਸ ਮੌਕੇ ਸੰਤ ਸੀਚੇਵਾਲ ਨੇ ਕਿਸਾਨਾਂ ਨੂੰ ਕਿਹਾ ਕਿ ਸਾਡੇ ਲਈ 550 ਸਾਲਾ ਸਮਾਗਮਾਂ ਦੌਰਾਨ ਸੰਗਤ ਦੀ ਸੇਵਾ ਕਰਨ ਦਾ ਸੁਨਿਹਰੀ ਮੌਕਾ ਹੈ। ਇਸ ਮੌਕੇ ਦੇਸ਼ ਵਿਦੇਸ਼ ਤੋਂ ਆਈਆਂ ਗੁਰਸੰਗਤਾਂ ਨਾਲ ਸਾਂਝ ਵਧਾਉਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਹਰ ਪਿੰਡ ਹਰ ਘਰ ਸੰਗਤ ਠਹਿਰਾਉਣ ਲਈ ਪਿੰਡਾਂ ਵਾਲਿਆਂ ਵਿੱਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਮਲਸੀਆਂ ਤੋਂ ਲੋਹੀਆਂ ਰੋਡ 'ਤੇ ਨਿਹਾਲੂਵਾਲ ਸਕੂਲ ਵਿੱਚ ਇਲਾਕੇ ਦੇ ਸਾਰੇ ਪਿੰਡਾਂ ਦਾ ਸਾਂਝਾ ਲੰਗਰ ਲਗਾਇਆ ਜਾਵੇਗਾ ਤੇ ਸੁਲਤਾਨਪੁਰ ਲੌਧੀ ਵਿਖੇ ਵੀ ਲੰਗਰ ਲੱਗਣਗੇ। ਇਨ੍ਹਾਂ ਲੰਗਰਾਂ ਲਈ ਹਰ ਪਿੰਡ 'ਚ ਲੰਗਰ ਤਿਆਰ ਕੀਤੇ ਜਾਣਗੇ। ਆਈਆਂ ਗੁਰੂ ਦੀਆਂ ਸੰਗਤਾਂ ਦੀ ਸੇਵਾ ਲਈ ਘਰ-ਘਰ ਤੋਂ ਬਿਸਤਰੇ ਵੀ ਇਕੱਠੇ ਕੀਤੇ ਜਾ ਰਹੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਸੁਲਤਾਨਪੁਰ ਲੋਧੀ ਨੂੰ ਆਉਂਦੇ ਸਾਰੇ ਰਸਤਿਆਂ ਨੂੰ ਸੰਵਾਰਨ ਅਤੇ ਸਿੰਗਾਰਨ ਦੀ ਸੇਵਾ ਕੀਤੀ ਜਾਵੇਗੀ।ਇਨ੍ਹਾਂ ਪਵਿੱਤਰ ਕਾਰਜ਼ਾਂ ਵਿੱਚ ਸਹਿਯੋਗ ਕਰਨ ਲਈ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਯੂਥ ਕਲੱਬ, ਪੰਚਾਇਤਾਂ ਤੇ ਸਮਾਜ ਸੇਵੀ ਜਥੇਬੰਦੀਆਂ ਅੱਗੇ ਹੋਣ। ਇਸ ਮੌਕੇ ਪਿੰਡ ਸੀਚੇਵਾਲ, ਤਲਵੰਡੀ ਮਾਧੋ, ਅਹਿਮਦਪੁਰ, ਚੱਕ ਚੇਲਾ, ਵਾੜਾ ਜਗੀਰ, ਨਿਹਾਲੂਵਾਲ, ਮਹਿਮੂਵਾਲ, ਮਾਲੂਪੁਰ, ਰੂਪੇਵਾਲ, ਦੋਦਾ ਵਜ਼ੀਰ, ਸਰੂਪਵਾਲ, ਕਿਲੀਵਾੜਾ, ਮੇਵਾ ਸਿੰਘ ਵਾਲਾ, ਸਰਾਏ ਜੱਟਾਂ, ਸ਼ੇਰਪੁਰ ਦੋਨਾਂ, ਕੋਟਲਾ ਹੇਰ, ਫੋਜੀ ਕਲੌਨੀ, ਮੁਹੱਬਲੀਪੁਰ, ਤਾਸ਼ਪੁਰ, ਰਾਮਪੁਰ ਜਗੀਰ ਸਮੇਤ ਹੋਰ ਪਿੰਡਾਂ ਦੇ ਕਿਸਾਨ ਵੀ ਹਾਜ਼ਰ ਸਨ।