ਤਲਖ਼ ਹਕੀਕਤਾਂ ਦੇ ਪੁੜਾਂ ''ਚ ਪਿਸ ਰਿਹੈ ਲੋਕ-ਜੀਵਨ

11/01/2019 5:15:45 PM

ਜਲੰਧਰ (ਜੁਗਿੰਦਰ ਸੰਧੂ)—ਸਾਰਾ ਦੇਸ਼ ਇਹ ਗੱਲ ਚੰਗੀ ਤਰ੍ਹਾਂ ਸਮਝ ਚੁੱਕਾ ਹੈ ਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਭਾਰਤੀ ਪਿੰਡਾਂ 'ਤੇ ਹਰ ਵੇਲੇ ਪੱਛੋਂ ਵਲੋਂ ਉੱਠਦੇ ਖਤਰਿਆਂ ਭਰੇ ਬੱਦਲਾਂ ਦੀਆਂ ਘਟਾਵਾਂ ਛਾਈਆਂ ਰਹਿੰਦੀਆਂ ਹਨ, ਜਿਸ ਕਾਰਨ ਉਥੇ ਵੱਸਣ ਵਾਲਿਆਂ ਦੀ ਜ਼ਿੰਦਗੀ 'ਚ ਗ਼ਮ ਪੱਸਰੇ ਰਹਿੰਦੇ ਹਨ। ਕੁਝ ਪਿੰਡ ਤਾਂ ਅਜਿਹੇ ਵੀ ਹਨ, ਜਿਨ੍ਹਾਂ ਨੂੰ ਸਿਰਫ ਪਾਕਿਸਤਾਨ ਤੋਂ ਹੀ ਖਤਰਾ ਨਹੀਂ, ਸਗੋਂ ਆਪਣੇ ਦੇਸ਼ ਵਲੋਂ ਵੀ ਮੁਸੀਬਤਾਂ 'ਚ ਘਿਰੇ ਰਹਿੰਦੇ ਹਨ। ਅਜਿਹੇ ਪਿੰਡਾਂ ਅਤੇ ਲੋਕਾਂ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲੇ 'ਚ ਸਥਿਤ ਰਾਵੀ ਪਾਰਲੇ ਇਲਾਕੇ 'ਚ ਦੇਖਿਆ/ਮਿਲਿਆ ਜਾ ਸਕਦਾ ਹੈ।
ਪੰਜਾਬ ਦੇ ਉਕਤ ਇਲਾਕੇ ਨਾਲ ਸਬੰਧਤ ਅੱਠ ਪਿੰਡ ਅਜਿਹੀ ਸਥਿਤੀ ਵਿਚ ਹਨ, ਜਿਨ੍ਹਾਂ ਦੇ ਇਕ ਪਾਸੇ ਦੋ ਦਰਿਆ, ਰਾਵੀ ਅਤੇ ਉੱਝ ਵਹਿੰਦੇ ਹਨ ਅਤੇ ਦੂਜੇ ਪਾਸੇ ਪਾਕਿਸਤਾਨ ਦੀ ਸਰਹੱਦ, ਜਿਸ ਦੇ ਭਾਰਤ ਵਾਲੇ ਪਾਸੇ ਕੰਡਿਆਲੀ ਤਾਰ ਲੱਗੀ ਹੋਈ ਹੈ ਅਤੇ ਉਸ ਦੇ ਨਾਲ-ਨਾਲ ਸੁਰੱਖਿਆ ਬਲਾਂ ਦੀਆਂ ਸੰਗੀਨਾਂ ਦਾ ਪਹਿਰਾ ਹੁੰਦਾ ਹੈ। ਦੂਜੇ ਪਾਸੇ ਬੈਠਾ ਦੇਸ਼ 1947 ਵੇਲੇ ਤੋਂ ਹੀ ਦੁਸ਼ਮਣੀ ਭਰੀਆਂ ਚਾਲਾਂ ਚੱਲਦਾ ਆ ਰਿਹਾ ਹੈ, ਜਿਸ ਕਾਰਨ ਇਸ ਖੇਤਰ 'ਚ ਵੱਸਣ ਵਾਲਿਆਂ ਦੇ ਹਰ ਵੇਲੇ ਸਾਹ ਸੁੱਕੇ ਰਹਿੰਦੇ ਹਨ। ਮੁਸੀਬਤ ਦਾ ਸਮਾਂ ਉਦੋਂ ਹੁੰਦਾ ਹੈ, ਜਦੋਂ ਸਰਹੱਦ 'ਤੇ ਸਥਿਤੀ ਨਾਜ਼ੁਕ ਹੁੰਦੀ ਹੈ ਅਤੇ ਦੂਜੇ ਪਾਸੇ ਦਰਿਆਵਾਂ 'ਚ ਪਾਣੀ ਭਰ ਜਾਂਦਾ ਹੈ। ਅਜਿਹੀ ਹਾਲਤ 'ਚ ਇਨ੍ਹਾਂ ਪਿੰਡਾਂ ਦੇ ਲੋਕ ਤਲਖ਼ ਹਕੀਕਤਾਂ ਦੇ ਪੁੜਾਂ 'ਚ ਫਸ ਜਾਂਦੇ ਹਨ, ਜਿਥੋਂ ਨਿਕਲਣ ਦਾ ਕੋਈ ਰਸਤਾ ਨਹੀਂ ਹੁੰਦਾ। ਦਰਿਆਵਾਂ 'ਤੇ ਪੁਲ ਨਾ ਹੋਣ ਕਰਕੇ ਉਨ੍ਹਾਂ ਦੀ ਆਵਾਜਾਈ ਬੰਦ ਹੋ ਜਾਂਦੀ ਹੈ ਅਤੇ ਕੰਮ-ਧੰਦੇ ਠੱਪ ਹੋ ਜਾਂਦੇ ਹਨ। ਸਕੂਲ ਜਾਣ ਵਾਲੇ ਬੱਚਿਆਂ, ਬੀਮਾਰ ਲੋਕਾਂ, ਬਜ਼ੁਰਗਾਂ ਅਤੇ ਔਰਤਾਂ ਦੀ ਹਾਲਤ ਘਰ 'ਚ ਕੈਦ ਹੋਣ ਵਰਗੀ ਹੋ ਜਾਂਦੀ ਹੈ।

ਇਨ੍ਹਾਂ ਮੁਸੀਬਤ ਮਾਰੇ ਲੋਕਾਂ ਦਾ ਦੁੱਖ-ਦਰਦ ਵੰਡਾਉਣ ਲਈ ਪਿਛਲੇ ਮਹੀਨਿਆਂ 'ਚ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਕਈ ਟਰੱਕਾਂ ਦੀ ਰਾਹਤ ਸਮੱਗਰੀ ਭਿਜਵਾਈ ਜਾ ਚੁੱਕੀ ਹੈ। ਪਿਛਲੇ ਦਿਨੀਂ 527ਵੇਂ ਟਰੱਕ ਦੀ ਸਮੱਗਰੀ ਵੀ ਉਕਤ ਖੇਤਰ ਦੇ ਅੱਠ ਪਿੰਡਾਂ 'ਚ ਸ਼ਾਮਲ ਭਰਿਆਲ ਵਿਖੇ ਵੰਡੀ ਗਈ ਸੀ। ਇਹ ਸਮੱਗਰੀ ਲੁਧਿਆਣਾ ਦੇ ਉੱਘੇ ਉਦਯੋਗਪਤੀ ਸ਼੍ਰੀ ਵਿਪਨ ਜੈਨ ਦੇ ਜਨਮ ਦਿਨ ਦੇ ਸਬੰਧ 'ਚ ਉਨ੍ਹਾਂ ਦੇ ਪਰਿਵਾਰ ਵਲੋਂ ਭਿਜਵਾਈ ਗਈ ਸੀ। ਰਾਜ ਜੈਨ ਫੈਬਰਿਕਸ ਦੇ ਮਾਲਕ ਜੈਨ ਪਰਿਵਾਰ ਦਾ ਅੱਤਵਾਦ ਪੀੜਤਾਂ ਅਤੇ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਮਦਦ ਪਹੁੰਚਾਉਣ ਲਈ ਚਲਾਈ ਜਾ ਰਹੀ ਮੁਹਿੰਮ ਵਿਚ ਵੱਡਾ ਯੋਗਦਾਨ ਰਿਹਾ ਹੈ।

ਭਰਿਆਲ ਵਿਚ ਹੋਏ ਰਾਹਤ ਵੰਡ ਆਯੋਜਨ ਦੌਰਾਨ ਵੱਖ-ਵੱਖ ਪਿੰਡਾਂ ਨਾਲ ਸਬੰਧਤ 300 ਪਰਿਵਾਰਾਂ ਨੂੰ ਸਰਦੀਆਂ ਦੀਆਂ ਜੈਕਟਾਂ, ਕਮੀਜ਼ਾਂ ਅਤੇ ਸੂਟਾਂ ਦੀ ਵੰਡ ਕੀਤੀ ਗਈ। ਇਸ ਮੌਕੇ 'ਤੇ ਸੰਬੋਧਨ ਕਰਦਿਆਂ ਭਗਵਾਨ ਮਹਾਵੀਰ ਸੇਵਾ ਸੰਸਥਾ ਲੁਧਿਆਣਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ-ਸਹਾਇਤਾ ਕਰਨਾ ਵੱਡੇ ਪੁੰਨ ਦਾ ਕੰਮ ਹੈ, ਜਿਸ ਲਈ ਸਾਰੇ ਦੇਸ਼ ਵਾਸੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਇਨਸਾਨ, ਦੂਜਿਆਂ ਦੀ ਮਦਦ ਕਰਦਾ ਹੈ, ਉਹ ਮਹਾਨ ਹੁੰਦਾ ਹੈ। ਇਸ ਦੀ ਜਿਊਂਦੀ-ਜਾਗਦੀ ਮਿਸਾਲ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਹਨ, ਜਿਹੜੇ ਛੋਟੀ ਉਮਰੇ ਹੀ ਸੇਵਾ ਕਾਰਜਾਂ ਨਾਲ ਜੁੜ ਗਏ ਅਤੇ ਅੱਜ ਤੱਕ ਇਸ ਰਾਹ 'ਤੇ ਪੱਕੇ ਪੈਰੀਂ ਚੱਲ ਰਹੇ ਹਨ।

ਸ਼੍ਰੀ ਜੈਨ ਨੇ ਕਿਹਾ ਕਿ ਵਿਜੇ ਜੀ ਤੋਂ ਪ੍ਰੇਰਨਾ ਲੈ ਕੇ ਹੀ ਵਿਪਨ ਜੈਨ ਵੀ ਸੇਵਾ ਦੇ ਮਾਰਗ 'ਤੇ ਚੱਲ ਰਹੇ ਹਨ। ਉਨ੍ਹਾਂ ਨੇ ਲੋੜਵੰਦਾਂ ਦੀ ਸੇਵਾ ਨੂੰ ਆਪਣੇ ਜੀਵਨ ਦਾ ਉਦੇਸ਼ ਬਣਾ ਲਿਆ ਹੈ। ਸ਼੍ਰੀ ਜੈਨ ਨੇ ਕੁਦਰਤੀ ਅਤੇ ਗੈਰ-ਕੁਦਰਤੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮਦਦ ਦਾ ਇਹ ਸਿਲਸਿਲਾ ਭਵਿੱਖ ਵਿਚ ਵੀ ਜਾਰੀ ਰੱਖਿਆ ਜਾਵੇਗਾ।

ਸੀ. ਆਰ.ਪੀ.ਐੱਫ. ਦੇ ਰਿਟਾਇਰਡ ਕਰਮਚਾਰੀਆਂ ਦੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸ. ਸੁਲਿੰਦਰ ਸਿੰਘ ਕੰਡੀ  ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਰਹੱਦੀ ਲੋਕ ਬਹਾਦਰ ਇਨਸਾਨ ਹਨ, ਜਿਹੜੇ ਖਤਰਿਆਂ ਦਾ ਸਾਹਮਣਾ ਕਰਕੇ ਵੀ ਪਾਕਿਸਤਾਨ ਦੇ ਸਾਹਮਣੇ ਛਾਤੀ ਤਾਣ ਕੇ ਡਟੇ ਰਹਿੰਦੇ ਹਨ। ਇਹ ਲੋਕ ਬਿਨਾਂਤਨਖਾਹ ਤੋਂ ਦੇਸ਼ ਦੇ ਪਹਿਰੇਦਾਰਾਂ ਦੀ ਭੂਮਿਕਾ ਨਿਭਾਅ ਰਹੇ ਹਨ।

ਆਪਣੀ ਕਮਾਈ 'ਚੋਂ ਦਸਵੰਧ ਕੱਢਣਾ ਚਾਹੀਦੈ : ਵਰਿੰਦਰ ਸ਼ਰਮਾ
ਰਾਹਤ ਮੁਹਿੰਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਰਾਹਤ ਵੰਡ ਆਯੋਜਨ 'ਚ ਇਕੱਠੇ ਹੋਏ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਨੇਕ ਕਮਾਈ 'ਚੋਂ ਦਸਵੰਧ ਜ਼ਰੂਰ ਕੱਢਣਾ ਚਾਹੀਦੈ। ਉਨ੍ਹਾਂ ਕਿਹਾ ਕਿ ਇਸ ਧਰਤੀ 'ਤੇ ਜਾਨਵਰ ਵੀ ਰਹਿੰਦੇ ਹਨ, ਜੋ ਆਪਣਾ ਪੇਟ ਪਾਲਦੇ ਹਨ, ਬੱਚੇ ਪੈਦਾ ਕਰਦੇ ਹਨ ਪਰ ਇਹ ਸਮਰੱਥਾ ਸਿਰਫ ਇਨਸਾਨ ਵਿਚ ਹੀ ਹੁੰਦੀ ਹੈ ਕਿ ਉਹ ਦੂਜਿਆਂ ਦੇ ਕੰਮ ਆ ਸਕਦਾ ਹੈ ਅਤੇ ਲੋੜ ਪੈਣ ਸਮੇਂ ਉਨ੍ਹਾਂ ਦੀ ਮਦਦ ਵੀ ਕਰਦਾ ਹੈ। ਇਸ ਲਈ ਆਪਣੀ ਸਮਰੱਥਾ ਅਨੁਸਾਰ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ।

ਸ਼੍ਰੀ ਸ਼ਰਮਾ ਨੇ ਕਿਹਾ ਕਿ ਸਰਹੱਦੀ ਪਰਿਵਾਰਾਂ ਨੂੰ ਪਾਕਿਸਤਾਨ ਵਲੋਂ ਗੋਲੀਬਾਰੀ, ਅੱਤਵਾਦ ਆਦਿ ਦੀ ਮਾਰ ਪੈਂਦੀ ਹੈ ਅਤੇ ਨਾਲ ਹੀ ਉਹ ਬੇਰੋਜ਼ਗਾਰੀ ਅਤੇ ਸਹੂਲਤਾਂ ਦੀ ਘਾਟ ਦੇ ਵੀ ਸ਼ਿਕਾਰ ਹੁੰਦੇ ਹਨ। ਭਰਿਆਲ ਅਤੇ ਇਸ ਦੇ ਨਾਲ ਲੱਗਦੇ ਲਸਿਆਣ, ਤੂਰ, ਚਿੱਬ, ਚਕਰੰਗਾ ਆਦਿ ਪਿੰਡਾਂ ਦੀ ਤਰੱਕੀ ਦਾ ਰਾਹ ਤਾਂ ਰਾਵੀ ਅਤੇ ਉੱਝ ਨੇ ਵੀ ਰੋਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ 70-72 ਸਾਲਾਂ ਦਾ ਅਰਸਾ ਗੁਜ਼ਰ ਜਾਣ ਦੇ ਬਾਵਜੂਦ ਦੇਸ਼ ਦੇ ਹੁਕਮਰਾਨ ਇਨ੍ਹਾਂ ਦਰਿਆਵਾਂ 'ਤੇ ਪੁਲ ਵੀ ਨਹੀਂ ਬਣਵਾ ਸਕੇ। ਸਰਕਾਰ ਨੂੰ ਲੋਕਾਂ ਦੀ ਇਸ ਮੁਸ਼ਕਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਇਸ ਇਲਾਕੇ ਦੇ ਵਿਕਾਸ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ।

ਕਿਸਾਨਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ
ਇਸ ਖੇਤਰ ਨਾਲ ਸਬੰਧਤ ਕਿਸਾਨਾਂ ਲਈ ਸਾਉਣੀ ਦੇ ਇਸ ਸੀਜ਼ਨ ਵਿਚ ਵੱਡੀ ਮੁਸਬਤ ਬਣ ਗਈ ਹੈ, ਜਿਸ ਕਾਰਨ ਉਨ੍ਹਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਉੱਭਰਨੀਆਂ ਸੁਭਾਵਕ ਹਨ। ਭਰਿਆਲ ਦੇ ਸਾਬਕਾ ਸਰਪੰਚ ਸ਼ਾਮ ਸਿੰਘ, ਨੰਬਰਦਾਰ ਵਿਜੇ ਸਿੰਘ ਅਤੇ ਪਿੰਡ ਤੂਰ ਦੇ ਆਸ਼ਾਨੰਦ ਨੇ ਦੱਸਿਆ ਕਿ ਝੋਨੇ ਦੀ ਫਸਲ ਪੱਕ ਕੇ ਤਿਆਰ ਹੈ ਅਤੇ ਗੰਨੇ ਦੀ ਕਟਾਈ ਵੀ ਛੇਤੀ ਹੀ ਆਰੰਭ ਹੋ ਜਾਵੇਗੀ। ਦਰਿਆਵਾਂ 'ਤੇ ਆਰਜ਼ੀ ਪੁਲ ਵੀ ਨਾ ਹੋਣ ਕਰਕੇ ਉਹ ਆਪਣੀ ਫਸਲ ਮੰਡੀਕਰਣ ਲਈ ਦੀਨਾਨਗਰ, ਗੁਰਦਾਸਪਰ ਆਦਿ ਦੀਆਂ ਮੰਡੀਆਂ 'ਚ ਨਹੀਂ ਲਿਜਾ ਸਕਦੇ। ਇਸ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਖੇਤਰ ਵਿਚ ਮੰਡੀਕਰਨ ਦਾ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਮਸਲੇ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।

ਇਸ ਮੌਕੇ 'ਤੇ ਸ਼੍ਰੀ ਵਿਪਨ ਜੈਨ, ਸ਼੍ਰੀਮਤੀ ਰਮਾ ਜੈਨ, ਲੁਧਿਆਣਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਰਾਜਨ ਚੋਪੜਾ, ਸੀ. ਆਰ. ਪੀ. ਐੱਫ ਦੇ ਰਿਟਾਇਰਡ ਅਧਿਕਾਰੀ ਰਾਜ ਸਿੰਘ, ਜਲੰਧਰ ਦੇ ਸ਼੍ਰੀ ਰਾਜੇਸ਼ ਭਗਤ, ਫਿਰੋਜ਼ਪੁਰ ਤੋਂ ਸ਼੍ਰੀ ਅਭਿਸ਼ੇਕ ਅਰੋੜਾ, ਪ੍ਰੋ. ਲਕਸ਼ਮਿੰਦਰ ਭੋਰੀਵਾਲ, ਸਰਪੰਚ ਰੂਪ ਸਿੰਘ, ਦੀਨਾ ਨਗਰ ਤੋਂ ਪ੍ਰਤੀਨਿਧੀ ਦੀਪਕ, ਪਰਮਜੀਤ ਸਾਹਬੀ ਅਤੇ ਵਿਨੋਦ ਸ਼ਰਮਾ ਵੀ ਮੌਜੂਦ ਸਨ।

Shyna

This news is Content Editor Shyna