ਖ਼ਤਰਿਆਂ ਦੇ ''ਬੱਦਲਾਂ'' ਹੇਠ ਖੇਤੀ ਕਰਦੇ ਨੇ ਸਰਹੱਦੀ ਕਿਸਾਨ

05/23/2019 7:04:02 AM

ਜੰਮੂ (ਜੁਗਿੰਦਰ ਸੰਧੂ)-ਪਾਕਿਸਤਾਨ ਨਾਲ ਲੱਗਦੀ ਸਰਹੱਦ ਕੰਢੇ ਸਥਿਤ ਜ਼ਮੀਨ 'ਚ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸੱਪਾਂ ਦੇ ਦੂਹਰੇ-ਤੀਹਰੇ ਹਮਲਿਆਂ ਤੋਂ ਬਚ ਕੇ ਕੰਮ ਕਰਨਾ ਪੈਂਦਾ ਹੈ। ਉਨ੍ਹਾਂ ਦੇ ਸਿਰ 'ਤੇ ਹਰ ਵੇਲੇ 'ਖ਼ਤਰਿਆਂ ਦੇ ਬੱਦਲ' ਮੰਡਰਾਉਂਦੇ ਰਹਿੰਦੇ ਹਨ, ਜਿਸ ਕਾਰਨ ਇਨ੍ਹਾਂ ਜ਼ਮੀਨਾਂ ਤੋਂ ਆਮ ਵਾਂਗ ਫਸਲਾਂ ਦੀ ਪੈਦਾਵਾਰ ਨਹੀਂ ਲਈ ਜਾ ਸਕਦੀ।
ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਹਜ਼ਾਰਾਂ ਕਿਸਾਨ ਪਰਿਵਾਰਾਂ ਦੀ ਜ਼ਮੀਨ ਸਰਹੱਦ 'ਤੇ ਲੱਗੀ ਤਾਰ-ਵਾੜ ਦੇ ਅੰਦਰ ਅਤੇ ਬਾਹਰ ਸਥਿਤ ਹੈ। ਜ਼ਿਕਰਯੋਗ ਗੱਲ ਇਹ ਹੈ ਕਿ ਤਾਰ-ਵਾੜ ਸਿਰਫ ਭਾਰਤ ਵੱਲੋਂ ਆਪਣੇ ਪਾਸੇ ਲਗਾਈ ਗਈ ਹੈ, ਜਦੋਂਕਿ ਪਾਕਿਸਤਾਨ ਵਾਲਾ ਪਾਸਾ ਪੂਰੀ ਤਰ੍ਹਾਂ ਖੁੱਲ੍ਹਾ ਹੈ, ਜਿੱਥੇ ਜ਼ੀਰੋ ਲਾਈਨ ਤਕ ਬਿਨਾਂ ਝਿਜਕ ਆਵਾਜਾਈ ਹੋ ਸਕਦੀ ਹੈ।

ਅੱਤਵਾਦੀਆਂ ਦੀ ਘੁਸਪੈਠ, ਸਰਹੱਦ ਪਾਰ ਤੋਂ ਗੋਲੀਬਾਰੀ ਅਤੇ ਜੰਗਲੀ ਜਾਨਵਰਾਂ ਦੇ ਉਜਾੜੇ ਤੋਂ ਇਲਾਵਾ ਕਈ ਵਾਰ ਭਾਰਤੀ ਕਿਸਾਨਾਂ ਨੂੰ ਪਾਕਿਸਤਾਨੀ ਸੈਨਿਕਾਂ ਅਤੇ ਨਾਗਰਿਕਾਂ ਦੇ ਹਮਲਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜਦੋਂ ਫਸਲਾਂ ਦੀ ਬੀਜਾਈ ਜਾਂ ਵਾਢੀ ਦਾ ਸਮਾਂ ਹੁੰਦਾ ਹੈ ਤਾਂ ਪਾਕਿਸਤਾਨ ਵੱਲੋਂ ਜਾਣ-ਬੁੱਝ ਕੇ ਕੋਈ ਸ਼ਰਾਰਤ ਕੀਤੀ ਜਾਂਦੀ ਹੈ, ਜਿਸ ਨਾਲ ਕਿਸਾਨਾਂ ਦਾ ਨੁਕਸਾਨ ਹੋ ਜਾਂਦਾ ਹੈ।

ਬਹੁਤੇ ਖੇਤਾਂ ਵਿਚ ਇਕ ਹੀ ਫਸਲ ਹੁੰਦੀ ਹੈ ਅਤੇ ਨਾਲ ਹੀ ਅਜਿਹੀਆਂ ਵੀ ਹਦਾਇਤਾਂ ਹਨ ਕਿ ਤਾਰ-ਵਾੜ ਤੋਂ ਅੰਦਰਲੀ ਜ਼ਮੀਨ ਵਿਚ ਉੱਚੇ ਕੱਦ ਵਾਲੀਆਂ ਅਤੇ ਜ਼ਿਆਦਾ ਸੰਘਣੀਆਂ ਫਸਲਾਂ ਦੀ ਕਾਸ਼ਤ ਨਾ ਕੀਤੀ ਜਾਵੇ। ਸਮੇਂ ਦੀ ਵੀ ਪਾਬੰਦੀ ਹੈ, ਜਿਸ ਕਾਰਨ ਇਨ੍ਹਾਂ ਖੇਤਾਂ 'ਚ ਕਿਸਾਨ ਦਿਨ ਵੇਲੇ ਹੀ ਕੰਮ ਕਰ ਸਕਦੇ ਹਨ, ਰਾਤ ਨੂੰ ਉਥੇ ਆਉਣ-ਜਾਣ ਦੀ ਮਨਾਹੀ ਹੈ। ਜਿਹੜੀ ਫਸਲ ਬੀਜੀ ਨਹੀਂ ਜਾ ਸਕਦੀ ਜਾਂ ਪ੍ਰਭਾਵਿਤ ਹੋ ਜਾਂਦੀ ਹੈ, ਉਸ ਦਾ ਮੁਆਵਜ਼ਾ ਵੀ ਨਾਮਾਤਰ ਮਿਲਦਾ ਹੈ। ਤਾਰ-ਵਾੜ ਤੋਂ ਅੰਦਰ ਪਾਣੀ ਦੀ ਵੀ ਘਾਟ ਹੈ, ਜਿਸ ਕਾਰਨ ਪੈਦਾਵਾਰ ਘੱਟ ਹੁੰਦੀ ਹੈ।

ਸਰਹੱਦੀ ਪਿੰਡਾਂ ਅਤੇ ਖਾਸ ਕਰ ਕੇ ਕਿਸਾਨਾਂ ਦੇ ਹਾਲਾਤ ਜਾਣਨ ਦਾ ਮੌਕਾ ਪਿਛਲੇ ਦਿਨੀਂ ਉਦੋਂ ਮਿਲਿਆ ਜਦੋਂ ਪੰਜਾਬ ਕੇਸਰੀ ਦੀ ਰਾਹਤ ਵੰਡ ਟੀਮ ਆਰ. ਐੱਸ. ਪੁਰਾ ਸੈਕਟਰ ਵਿਚ ਪ੍ਰਭਾਵਿਤ ਪਰਿਵਾਰਾਂ ਨੂੰ 510ਵੇਂ ਟਰੱਕ ਦੀ ਸਮੱਗਰੀ ਵੰਡਣ ਲਈ ਗਈ ਸੀ। ਇਹ ਸਮੱਗਰੀ ਗਊ ਸੇਵਾ ਮਿਸ਼ਨ ਦੇ ਕੌਮੀ ਪ੍ਰਧਾਨ ਸੁਆਮੀ ਕ੍ਰਿਸ਼ਨਾਨੰਦ ਜੀ ਮਹਾਰਾਜ (ਬੀਨੇਵਾਲ) ਵੱਲੋਂ ਭਿਜਵਾਈ ਗਈ ਸੀ। ਪਿੰਡ ਜੰਗਵਾਲ ਵਿਚ ਹੋਏ ਰਾਹਤ ਵੰਡ ਆਯੋਜਨ ਦੌਰਾਨ 500 ਤੋਂ ਵਧੇਰੇ ਪਰਿਵਾਰਾਂ ਨੂੰ ਰਾਸ਼ਨ ਆਦਿ ਮੁਹੱਈਆ ਕਰਵਾਇਆ ਗਿਆ।  

ਸਰਹੱਦੀ ਖੇਤਰਾਂ ਦਾ ਸਰਵੇਖਣ ਕਰਨ ਲਈ ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਉੱਘੇ ਲੇਖਕ ਅਤੇ ਸੁਪਰੀਮ ਕੋਰਟ ਦੇ ਵਕੀਲ ਸ਼੍ਰੀ ਵਿਮਲ ਵਧਾਵਨ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਦੀ ਮਾਨਸਿਕਤਾ ਠੀਕ ਹੋਣ ਦੀ ਅਜੇ ਕੋਈ ਸੰਭਾਵਨਾ ਨਹੀਂ ਹੈ। ਇਸ ਲਈ ਆਪਣੇ ਦੇਸ਼ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਸਾਨੂੰ ਹੋਰ ਸਖਤ ਅਤੇ ਅਸਰਦਾਰ ਪ੍ਰਬੰਧ ਕਰਨੇ ਪੈਣਗੇ। ਪਿਛਲੇ ਦਿਨੀਂ ਗੁਰਦਾਸਪੁਰ (ਪੰਜਾਬ) ਜ਼ਿਲੇ ਦੇ ਪਿੰਡ ਜੈਦਪੁਰ ਨਾਲ ਸਬੰਧਤ ਕਿਸਾਨ ਦੀ, ਤਾਰ-ਵਾੜ ਅੰਦਰਲੇ ਖੇਤਾਂ 'ਚ ਕੰਮ ਦੌਰਾਨ, ਪਾਕਿਸਤਾਨੀਆਂ ਵੱਲੋਂ ਕੀਤੀ ਗਈ ਕੁੱਟਮਾਰ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਿਦਆਂ ਸ਼੍ਰੀ ਵਧਾਵਨ ਨੇ ਕਿਹਾ ਕਿ ਜ਼ੀਰੋ ਲਾਈਨ 'ਤੇ ਇਕ ਹੋਰ ਤਾਰ-ਵਾੜ ਲਾਈ ਜਾਣੀ ਚਾਹੀਦੀ ਹੈ ਤਾਂ ਜੋ ਕੋਈ ਇਨਸਾਨ ਅਤੇ ਜਾਨਵਰ ਭਾਰਤੀ ਖੇਤਰ 'ਚ ਨਾ ਆ ਸਕੇ। ਉਨ੍ਹਾਂ ਕਿਹਾ ਕਿ ਦੋਹਰੀ ਤਾਰ-ਵਾੜ ਤੋਂ ਬਿਨਾਂ ਅਜਿਹੀਆਂ ਘਟਨਾਵਾਂ ਨੂੰ ਰੋਕਣਾ ਮੁਸ਼ਕਲ ਹੈ। ਸ਼੍ਰੀ ਵਧਾਵਨ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਨ੍ਹਾਂ ਦਾ ਮਾਮਲਾ ਸਰਕਾਰ ਕੋਲ ਉਠਾਇਆ ਜਾਵੇਗਾ ਤਾਂ ਜੋ ਛੇਤੀ ਕੋਈ ਹੱਲ ਕੀਤਾ ਜਾ ਸਕੇ। ਉਨ੍ਹਾਂ ਨੇ ਸਰਹੱਦੀ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਹਰ ਦੁੱਖ-ਸੁੱਖ 'ਚ ਸਾਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।



ਪ੍ਰਭਾਵਿਤ ਲੋਕਾਂ ਦੀ ਸਹਾਇਤਾ ਜਾਰੀ ਰੱਖੀ ਜਾਵੇਗੀ–ਵਰਿੰਦਰ ਸ਼ਰਮਾ
ਰਾਹਤ ਵੰਡ ਟੀਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ। ਜਿਹੜੇ ਲੋਕ ਅਜੇ ਵੀ ਰਾਹਤ ਸਮੱਗਰੀ ਤੋਂ ਵਾਂਝੇ ਹਨ, ਉਨ੍ਹਾਂ ਤੱਕ ਰਾਹਤ ਟੀਮ ਜਲਦੀ ਹੀ ਪਹੁੰਚੇਗੀ। ਸ਼੍ਰੀ ਸ਼ਰਮਾ ਨੇ ਇਹ ਵੀ ਕਿਹਾ ਕਿ ਸਰਹੱਦੀ ਲੋਕਾਂ ਦੇ ਮਸਲੇ ਵੱਡਾ ਧਿਆਨ ਮੰਗਦੇ ਹਨ। ਇਸ ਲਈ ਸਰਕਾਰ ਸਾਹਮਣੇ ਅਤੇ ਅਦਾਲਤ ਵਿਚ ਚਾਰਾਜੋਈ ਕਰਨ ਤੋਂ ਇਲਾਵਾ ਅਖਬਾਰਾਂ ਰਾਹੀਂ ਵੀ ਇਨ੍ਹਾਂ ਖੇਤਰਾਂ ਵੱਲ ਦੇਸ਼-ਵਿਦੇਸ਼ ਦਾ ਧਿਆਨ ਖਿੱਚਿਆ ਜਾਵੇਗਾ। ਰਾਹਤ ਵੰਡ ਆਯੋਜਨ ਦੀ ਦੇਖ-ਰੇਖ ਕਰ ਰਹੇ ਸਮਾਜ ਸੇਵੀ ਸ਼੍ਰੀ ਤਰੁਣਜੀਤ ਸਿੰਘ ਟੋਨੀ ਨੇ ਕਿਹਾ ਕਿ ਪਾਕਿਸਤਾਨ ਵਾਲੇ ਪਾਸੇ ਜੰਗਲੀ ਜਾਨਵਰਾਂ ਅਤੇ ਖਾਸ ਕਰ ਕੇ ਸੂਰਾਂ ਦੀ ਬਹੁਤਾਤ ਹੈ, ਜਿਹੜੇ ਭਾਰਤੀ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਜਾਂਦੇ ਹਨ। ਪਿਛਲੇ ਦਿਨੀਂ ਸੂਰਾਂ ਨੇ ਇਕ ਆਦਮੀ ਦੀ ਜਾਨ ਵੀ ਲੈ ਲਈ ਸੀ। ਸਰਕਾਰ ਨੂੰ ਇਹ ਮਸਲਾ ਤਰਜੀਹ ਦੇ ਆਧਾਰ 'ਤੇ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਬਰਬਾਦ ਹੁੰਦੀਆਂ ਫਸਲਾਂ ਦਾ ਮੁਆਵਜ਼ਾ ਪੂਰਾ ਅਤੇ ਤੁਰੰਤ ਦਿੱਤਾ ਜਾਵੇ।

ਲੋੜਵੰਦਾਂ ਦੀ ਮਦਦ ਲਈ ਹੋਰ ਯਤਨ ਕੀਤੇ ਜਾਣ–ਤਰਸੇਮ ਕਟਾਰੀਆ
ਰਾਹਤ ਸਮੱਗਰੀ ਦੇ ਟਰੱਕ ਨਾਲ ਵਿਸ਼ੇਸ਼ ਤੌਰ 'ਤੇ ਪੁੱਜੇ ਬਲਾਚੌਰ ਦੇ ਪ੍ਰਤੀਨਿਧੀ ਸ਼੍ਰੀ ਤਰਸੇਮ ਕਟਾਰੀਆ ਨੇ ਕਿਹਾ ਕਿ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਹੋਰ ਜ਼ਿਆਦਾ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਚਲਾਏ ਜਾ ਰਹੇ ਸੇਵਾ ਦੇ ਇਸ ਕੁੰਭ ਵਿਚ ਸੁਆਮੀ ਕ੍ਰਿਸ਼ਨਾਨੰਦ ਜੀ ਬੀਨੇਵਾਲ ਵਲੋਂ ਅਨੇਕਾਂ ਟਰੱਕਾਂ ਦਾ ਯੋਗਦਾਨ ਦਿੱਤਾ ਗਿਆ ਹੈ। ਇਸ ਮਕਸਦ ਲਈ ਹੋਰ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ 'ਤੇ ਠਾਕੁਰ ਜੈ ਸਿੰਘ ਅਤੇ ਸਮਾਜ ਸੇਵੀ ਸਰਬਜੀਤ ਸਿੰਘ ਨੇ ਵੀ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕੀਤਾ ਅਤੇ ਰਾਹਤ ਸਮੱਗਰੀ ਭਿਜਵਾਉਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ 'ਤੇ ਸ਼੍ਰੀ ਕਮਲ ਮਹਿੰਦਰੂ, ਸੋਭਾ ਸਿੰਘ, ਗੁਰਬਚਨ ਸਿੰਘ, ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ, ਆਰ. ਐੱਸ. ਪੁਰਾ ਦੇ ਪ੍ਰਤੀਨਿਧੀ ਮੁਕੇਸ਼ ਕੁਮਾਰ, ਸ਼੍ਰੀਮਤੀ ਕਮਲੇਸ਼ ਤੁਲੀ, ਸ਼੍ਰੀਮਤੀ ਵੀਨਾ ਸ਼ਰਮਾ, ਮੈਡਮ ਡੌਲੀ ਹਾਂਡਾ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਰਾਹਤ ਸਮੱਗਰੀ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ ਸ਼ੇਰਾਚੱਕ, ਤਲਹਾੜ, ਪੰਜਗਰਾਈਂ, ਮੂਲੇ ਚੱਕ ਅਤੇ ਬਿਆਸਪੁਰ ਆਦਿ ਪਿੰਡਾਂ ਨਾਲ ਸਬੰਧਤ ਸਨ।

Karan Kumar

This news is Content Editor Karan Kumar