ਨਸ਼ਾ ਸਮੱਗਲਰਾਂ ਬਾਰੇ ਸੂਚਨਾ ਦੇਣ ਵਾਲੇ ਨੂੰ ਮਿਲੇਗਾ 51000 ਦਾ ਇਨਾਮ, ਪੁਲਸ ਨੇ ਸ਼ੁਰੂ ਕੀਤੀ ਮੁਹਿੰਮ

04/28/2022 4:23:59 PM

ਨਵਾਂਸ਼ਹਿਰ (ਤ੍ਰਿਪਾਠੀ)- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਨਸ਼ਿਆਂ ਦੀ ਅਲਾਮਤ ਨੂੰ ਪੂਰੀ ਤਰ੍ਹਾਂ ਨਾਲ ਠੱਲ੍ਹ ਪਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਬੁੱਧਵਾਰ ਨੂੰ ਨਸ਼ਿਆਂ ਦੀ ਵੱਡੀ ਖ਼ੇਪ ਬਾਰੇ ਸੂਚਨਾ ਦੇਣ ਵਾਲੇ ਨੂੰ 51000 ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ, ਇਹ ਇਨਾਮ ਨਸ਼ਿਆਂ ਦੀ ਦੱਸੀ ਗਈ ਖ਼ੇਪ ਦੀ ਬਰਾਮਦਗੀ ਉਪਰੰਤ ਹੀ ਮਿਲੇਗਾ।

ਆਪਣੇ ਦਫ਼ਤਰ ਵਿਖੇ ਨਸ਼ਾ ਮੁਕਤ ਭਾਰਤ ਮੁਹਿੰਮ ਤਹਿਤ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੌਰਾਨ ਪੁਲਸ, ਸਿਹਤ ਮਹਿਕਮਾ, ਸਮਾਜਿਕ ਸੁਰੱਖਿਆ ਮਹਿਕਮੇ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ ਅਤੇ ਪੁਲਸ ਹਰੇਕ ਸੂਚਨਾ ’ਤੇ ਕਾਰਵਾਈ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ ਉਨ੍ਹਾਂ ਦੇ ਦਫ਼ਤਰ ਵੱਲੋਂ ਇਕ ਹੈਲਪਲਾਈਨ ਨੰਬਰ ਆਮ ਲੋਕਾਂ ਲਈ ਨਸ਼ਰ ਕੀਤਾ ਜਾਵੇਗਾ ਤਾਂ ਜੋ ਉਹ ਨਸ਼ਿਆਂ ਦੀ ਸਮੱਗਲਿੰਗ ਵਿਚ ਸ਼ਾਮਲ ਜਾਂ ਸਬੰਧਤ ਵਿਅਕਤੀਆਂ ਬਾਰੇ ਜਾਣਕਾਰੀ ਸਾਂਝੀ ਕਰ ਸਕਣ ਅਤੇ ਉਨ੍ਹਾਂ ਕੋਲੋਂ ਨਸ਼ੇ ਵਾਲੇ ਪਦਾਰਥ ਜ਼ਬਤ ਕੀਤੇ ਜਾ ਸਕਣ। ਉਨ੍ਹਾਂ ਨੇ ਸਿਹਤ ਅਧਿਕਾਰੀਆਂ ਤੋਂ ਤੰਬਾਕੂ ਉਤਪਾਦ ‘ਕੂਲ-ਲਿਪ’ ਬਾਰੇ ਵੀ ਰਿਪੋਰਟ ਮੰਗੀ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਰਿਪੋਰਟ ਭੇਜਣ ਲਈ ਕਿਹਾ। ਐੱਨ. ਪੀ. ਐੱਸ. ਰੰਧਾਵਾ ਨੇ ਕਿਹਾ ਕਿ ਇਨਾਮ ਦੇ ਇਸ ਨਿਰਣੇ ਦਾ ਮੁੱਖ ਉਦੇਸ਼ ਨਸ਼ਿਆਂ ਦੀ ਅਲਾਮਤ ਦਾ ਮੁਕੰਮਲ ਸਫ਼ਾਇਆ ਕਰਨਾ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨੂੰ ਇਸ ਬੁਰਾਈ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗਾ।

ਇਹ ਵੀ ਪੜ੍ਹੋ: ਡਿਫ਼ਾਲਟਰ ਬਿਜਲੀ ਖ਼ਪਤਕਾਰਾਂ ਦੀਆਂ ਲਿਸਟਾਂ ਤਿਆਰ, ਜਲੰਧਰ ਸ਼ਹਿਰ 'ਚ ਅੱਜ ਕੱਟੇ ਜਾਣਗੇ ਕੁਨੈਕਸ਼ਨ

ਉਨ੍ਹਾਂ ਕਿਹਾ ਕਿ ਐੱਸ. ਬੀ. ਐੱਸ. ਨਗਰ ਪੁਲਸ ਪਹਿਲਾਂ ਹੀ ਨਸ਼ਾ ਸਮੱਗਲਰਾਂ ਖ਼ਿਲਾਫ਼ ਕਾਰਵਾਈ ਕਰਕੇ ਸਲਾਖਾਂ ਪਿੱਛੇ ਡੱਕ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਸੋਮਵਾਰ ਤੋਂ ਖਟਕੜ ਕਲਾਂ ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਇਸ ਮੁਹਿੰਮ ਦਾ ਸਰਗਰਮ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਆਮ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕਾਮਯਾਬ ਨਹੀਂ ਹੋ ਸਕਦੇ ਅਤੇ ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਸਮਾਜ ਦੇ ਹਰ ਵਰਗ ਨੂੰ ਇਸ ਨੇਕ ਕਾਰਜ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਨਸ਼ਿਆਂ ਵਿਰੁੱਧ ਇਸ ਜੰਗ ਵਿਚ ਪ੍ਰਸ਼ਾਸਨ ਅਤੇ ਸਰਕਾਰ ਦਾ ਹਿੱਸਾ ਬਣਨਾ ਚਾਹੀਦਾ ਹੈ।

ਇਹ ਵੀ ਪੜ੍ਹੋ: ਮੁਫ਼ਤ ਬਿਜਲੀ: ਸੌਖਾ ਨਹੀਂ ਹੋਵੇਗਾ ਦੂਜਾ ਮੀਟਰ ਲਗਵਾਉਣਾ, ਪਾਵਰਕਾਮ ਇੰਝ ਰੱਖੇਗਾ ਪੂਰੀ ਸਥਿਤੀ 'ਤੇ ਨਜ਼ਰ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੀ ਸ਼ਮੂਲੀਅਤ ਨਾਲ ਇਹ ਮੁਹਿੰਮ ਆਉਣ ਵਾਲੀਆਂ ਪੀੜੀਆਂ ਨੂੰ ਬਚਾਉਣ ਲਈ ਇਕ ਲੋਕ ਲਹਿਰ ਬਣ ਜਾਵੇਗੀ। ਉਨ੍ਹਾਂ ਇਸ ਮੌਕੇ ਮੀਟਿੰਗ ਵਿਚ ਇੰਸਪੈਕਟਰ ਨਰੇਸ਼ ਕੁਮਾਰੀ ਨੂੰ ਵਿਸ਼ੇਸ਼ ਤੌਰ ’ਤੇ ਬੁਲਾ ਕੇ ਉਸ ਵੱਲੋਂ ਨਸ਼ਿਆਂ ਦੀ ਰੋਕਥਾਮ ਬਾਰੇ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ, ਪ੍ਰਸ਼ਾਸਨ ਦੀ ਮੌਜੂਦਾ ਮੁਹਿੰਮ ਬਾਬਤ ਸੁਝਾਅ ਵੀ ਲਏ। ਇਸ ਸਮੇਂ ਡੀ. ਐੱਸ. ਪੀ. ਅਮਰਨਾਥ, ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਨਰੇਸ਼ ਗੌਤਮ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲਾ ਸਿੱਖਿਆ ਅਫ਼ਸਰ ਕੁਲਵਿੰਦਰ ਸਿੰਘ ਸਰਾਏ, ਖੇਡ ਵਿਭਾਗ ਤੋਂ ਕੋਚ ਮਲਕੀਅਤ ਸਿੰਘ, ਸਿਹਤ ਵਿਭਾਗ ਦੇ ਜ਼ਿਲਾ ਵਿਹਾਰ ਪਰਿਵਰਤਨ ਫੈਸਿਲਿਟੇਟਰ ਮੰਗ ਗੁਰਪ੍ਰਸਾਦ ਸਿੰਘ, ਡੀ. ਪੀ. ਓ. ਦਫਤਰ ਤੋਂ ਸਮਾਇਲੀ ਥਿੰਦ ਅਤੇ ਲੈਕਚਰਾਰ ਬਲਦੀਸ਼ ਸਿੰਘ ਹਾਜ਼ਰ ਸਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: CM ਭਗਵੰਤ ਮਾਨ ਸਣੇ ਜਲੰਧਰ ਦੇ ਰੇਲਵੇ ਸਟੇਸ਼ਨ ਤੇ ਹੋਰ ਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri