15300 ਰੁਪਏ ''ਤੇ ਸਹਿਮਤ 500 ਅਧਿਆਪਕਾਂ ਨੇ ਸੋਨੀ ਤੋਂ ਪ੍ਰਾਪਤ ਕੀਤੇ ਨਿਯੁਕਤੀ ਪੱਤਰ

10/17/2018 8:29:21 PM

ਚੰਡੀਗੜ (ਭੁੱਲਰ)— ਸਿੱਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਅੱਜ ਇੱਥੇ ਆਪਣੇ ਸਰਕਾਰੀ ਰਿਹਾਇਸ਼ ਵਿਖੇ ਵੱਖ-ਵੱਖ ਸੁਸਾਇਟੀਆਂ ਅਧੀਨ ਕੰਮ ਕਰਦੇ ਰੈਗੂਲਰ ਕੀਤੇ ਗਏ ਅਧਿਆਪਕਾਂ 'ਚੋਂ ਕੁਝ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਅੱਜ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਦੀ ਗਿਣਤੀ 500 ਦੇ ਕਰੀਬ ਸੀ ਜਦਕਿ ਇਸਤੋਂ ਪਹਿਲਾਂ 300 ਤੋਂ ਵੱਧ ਅਧਿਆਪਕ ਨਿਯੁਕਤੀ ਪੱਤਰ ਪ੍ਰਾਪਤ ਕਰ ਚੁੱਕੇ ਹਨ। ਰੈਗੂਲਰ ਕੀਤੇ ਜਾਣ ਵਾਲੇ ਰਮਸਾ/ਐੱਸ.ਐੱਸ.ਏ. ਤੇ ਆਦਰਸ਼ ਅਧਿਆਪਕਾਂ ਦੀ ਸੰਖਿਆ 8500 ਤੋਂ ਵੱਧ ਹੈ। ਇਹ ਅਧਿਆਪਕ ਇਨੀਂ ਦਿਨੀ ਅੰਦੋਲਨ ਦੇ ਰਾਹ 'ਤੇ ਹਨ ਅਤੇ ਮੁੱਖ ਮੰਤਰੀ ਦੇ ਸ਼ਹਿਰ ਵਿਚ ਮਰਨ ਵਰਤ ਚੱਲ ਰਿਹਾ ਹੈ। ਇਸ ਤਰ੍ਹਾਂ ਸਰਕਾਰ ਦੇ ਫੈਸਲੇ ਦੇ ਵਿਰੋਧ 'ਚ ਹਾਲੇ ਵੀ ਹਜ਼ਾਰਾਂ ਅਧਿਆਪਕ ਪੂਰੀ ਤਨਖਾਹ ਲੈਣ ਅੜੇ ਹੋਏ ਹਨ ਅਤੇ ਉਹ ਅੰਦੋਲਨ ਦਾ ਰਾਹ ਛੱਡਣ ਲਈ ਤਿਆਰ ਨਹੀਂ।

ਸੋਨੀ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਅਧਿਆਪਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਸੋਚ ਨੂੰ ਮੁੱਖ ਰੱਖਕੇ ਹੀ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਇਹ ਫੈਸਲਾ ਲੈਣ ਤੋਂ ਪਹਿਲਾਂ ਵੱਖ-ਵੱਖ ਅਧਿਅਪਕ ਯੂਨੀਅਨਾਂ ਨਾਲ ਇਸ ਸਬੰਧੀ ਕਈ ਮੀਟਿੰਗਾਂ ਕੀਤੀਆਂ ਗਈਆਂ ਸਨ ਜਿਨਾਂ 'ਚ ਯੂਨੀਅਨ ਆਗੂਆਂ ਨੂੰ ਸਰਕਾਰ ਦੀ ਯੋਜਨਾ ਸਬੰਧੀ ਦਸ ਦਿੱਤਾ ਗਿਆ ਸੀ ਅਤੇ ਯੂਨੀਅਨ ਆਗੂਆਂ ਵੱਲੋਂ ਇਸ ਯੋਜਨਾ 'ਤੇ ਸਹਿਮਤੀ ਦਿੱਤੀ ਗਈ ਸੀ, ਜਿਸ ਉਪਰੰਤ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਰੈਗੂਲਰ ਕੀਤੇ ਗਏ ਅਧਿਆਪਕਾਂ ਨੂੰ ਪਿਛਲੀ ਸਰਕਾਰ ਵੱਲੋਂ ਭਰਤੀ ਹੋਣ ਵਾਲੇ ਸਮੂਹ ਸਰਕਾਰੀ ਕਰਮਚਾਰੀਆਂ ਨੂੰ ਪਹਿਲੇ ਤਿੰਨ ਸਾਲ ਪ੍ਰੋਬੈਸ਼ਨ ਦੌਰਾਨ 9200 ਰੁਪਏ ਦੇਣ ਦਾ ਜੋ ਫੈਸਲੇ ਲਿਆ ਸੀ ਉਸ ਅਧੀਨ ਹੀ 9200 ਰੁਪਏ 'ਤੇ ਹੀ ਭਰਤੀ ਕੀਤੀ ਜਾਣੀ ਸੀ ਪਰ ਸਾਡੀ ਸਰਕਾਰ ਨੇ ਇਨ੍ਹਾਂ ਨੂੰ 15300 ਹਜ਼ਾਰ ਰੁਪਏ ਦੇਣ ਦਾ ਫੈਸਲਾ ਕੀਤਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਸਿਆਸੀ ਲਾਹਾ ਲੈਣ ਲਈ ਅਧਿਆਪਕ ਯੂਨੀਅਨਾਂ ਦੇ ਆਗੂਆਂ ਨੂੰ ਗੁੰਮਰਾਹ ਕਰਕੇ ਬਿਨਾਂ ਕਾਰਨ ਰੌਲਾ ਪਾ ਰਹੀਆਂ ਹਨ।

ਸੋਨੀ ਦਾ ਕਹਿਣਾ ਹੈ ਕਿ ਸਰਕਾਰ ਨੇ ਇਨ੍ਹਾਂ ਰੈਗੂਲਰ ਕੀਤੇ ਅਧਿਆਪਕਾਂ ਦੀ ਇਹ ਨਿੱਜੀ ਮਰਜ਼ੀ ਹੈ ਕਿ ਉਨਾਂ ਨੇ ਰੈਗੂਲਰ ਹੋ ਕੇ 15300 ਹਜ਼ਾਰ ਰੁਪਏ ਮਹੀਨਾ 'ਤੇ ਨੌਕਰੀ ਕਰਨੀ ਹੈ ਜਾਂ ਮੌਜੂਦਾ ਸਮੇਂ ਿਜਨ੍ਹਾਂ ਸੁਸਾਇਟੀਆ ਅਧੀਨ ਕੰਮ ਕਰ ਰਹੇ ਹਨ। ਉਨ੍ਹਾਂ ਸੁਸਾਇਟੀਆਂ ਅਧੀਨ ਨੌਕਰੀ ਕਰਦੇ ਹੋਏ ਪੂਰੀ ਤਨਖਾਹ ਲੈਣੀ ਹੈ ਜੋ ਉਹ ਲੈ ਰਹੇ ਸਨ ਉਹ ਲੈਣੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੁਸਾਇਟੀਆਂ ਨੂੰ ਭੰਗ ਨਹੀਂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 5178 ਅਧੀਨ ਭਰਤੀ ਹੋਏ ਅਧਿਆਪਕ ਜਿਹੜੇ ਅਜੇ ਰੈਗੂਲਰ ਨਹੀਂ ਹੋਏ ਉਨ੍ਹਾਂ ਨੂੰ ਵੀ ਸਰਕਾਰ ਜਲਦ ਪੱਕਾ ਕਰਨ ਜਾ ਰਹੀ ਹੈ।