ਆਤਮ-ਹੱਤਿਆ ਲਈ ਮਜਬੂਰ ਕਰਨ ਦੇ ਮਾਮਲੇ ''ਚ 5 ਸਾਲ ਦੀ ਕੈਦ

09/23/2017 2:08:59 AM

ਹੁਸ਼ਿਆਰਪੁਰ, (ਅਮਰਿੰਦਰ)- ਵਿਆਹੁਤਾ ਨੂੰ ਆਤਮ-ਹੱਤਿਆ ਕਰਨ ਲਈ ਮਜਬੂਰ ਕਰਨ ਦੇ ਦੋਸ਼ 'ਚ ਉਸ ਦੇ ਪਤੀ ਗਗਨਦੀਪ ਸਿੰਘ ਪੁੱਤਰ ਤਰਨਜੋਤ ਸਿੰਘ ਵਾਸੀ ਰੂਪ ਨਗਰ ਹੁਸ਼ਿਆਰਪੁਰ ਨੂੰ ਦੋਸ਼ੀ ਕਰਾਰ ਦਿੰਦਿਆਂ ਅਦਾਲਤ ਨੇ 5 ਸਾਲ ਦੀ ਕੈਦ ਤੇ 3 ਲੱਖ ਰੁਪਏ ਜੁਰਮਾਨਾ ਅਦਾ ਕਰਨ ਦੇ ਹੁਕਮ ਸੁਣਾਏ ਹਨ। ਅਦਾਲਤ ਨੇ ਨਕਦ ਜੁਰਮਾਨਾ ਰਾਸ਼ੀ 'ਚੋਂ 2.5 ਲੱਖ ਰੁਪਏ ਪੀੜਤ ਧਿਰ ਨੂੰ ਦੇਣ ਦੇ ਹੁਕਮ ਦਿੱਤੇ ਹਨ। ਨਕਦ ਜੁਰਮਾਨਾ ਰਾਸ਼ੀ ਦੀ ਅਦਾਇਗੀ ਨਾ ਕੀਤੇ ਜਾਣ 'ਤੇ ਦੋਸ਼ੀ ਨੂੰ ਇਕ ਸਾਲ ਦੀ ਸਜ਼ਾ ਹੋਰ ਭੁਗਤਣੀ ਪਵੇਗੀ। 
ਵਰਣਨਯੋਗ ਹੈ ਕਿ ਥਾਣਾ ਮਾਡਲ ਟਾਊਨ ਦੀ ਪੁਲਸ ਨੇ 14 ਅਗਸਤ 2013 ਨੂੰ ਸ਼ਿਕਾਇਤਕਰਤਾ ਪਾਲ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਕੱਚੇ ਕੁਆਰਟਰ ਹੁਸ਼ਿਆਰਪੁਰ ਦੇ ਬਿਆਨਾਂ 'ਤੇ ਦੋਸ਼ੀ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤਕਰਤਾ ਅਨੁਸਾਰ ਉਸ ਨੇ ਆਪਣੀ ਬੇਟੀ ਰਪਜੀਤ ਕੌਰ (23) ਦਾ ਵਿਆਹ 19 ਨਵੰਬਰ 2011 ਨੂੰ ਗਗਨਦੀਪ ਪੁੱਤਰ ਤਰਨਜੋਤ ਸਿੰਘ ਵਾਸੀ ਰੂਪ ਨਗਰ ਹੁਸ਼ਿਆਰਪੁਰ ਨਾਲ ਕੀਤਾ ਸੀ। ਵਿਆਹ 'ਚ ਆਪਣੀ ਹੈਸੀਅਤ ਤੋਂ ਵੱਧ ਦਾਜ ਵੀ ਦਿੱਤਾ ਪਰ ਰਪਜੀਤ ਦੇ ਸਹੁਰੇ ਫਿਰ ਵੀ ਉਸ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰਦੇ ਰਹੇ। ਇਸ ਦੌਰਾਨ 2 ਵਾਰ ਰਾਜ਼ੀਨਾਮਾ ਵੀ ਕਰਵਾਇਆ ਗਿਆ। 
ਸਹੁਰਿਆਂ ਤੋਂ ਤੰਗ ਆ ਕੇ ਨਿਗਲਿਆ ਸੀ ਜ਼ਹਿਰ  
ਸ਼ਿਕਾਇਤਕਰਤਾ ਪਾਲ ਸਿੰਘ ਅਨੁਸਾਰ 13 ਅਗਸਤ 2013 ਨੂੰ ਰਾਤ ਕਰੀਬ 8.30 ਵਜੇ ਰਪਜੀਤ ਕੌਰ ਦਾ ਫੋਨ ਆਇਆ ਕਿ ਉਸ ਦੇ ਸਹੁਰੇ ਉਸ ਨੂੰ ਮੁੜ ਤੰਗ ਕਰ ਰਹੇ ਹਨ। ਇਹ ਸੁਣ ਕੇ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਉਥੇ ਪਹੁੰਚੇ ਤੇ ਦੇਖਿਆ ਕਿ ਰਪਜੀਤ ਤੜਫ ਰਹੀ ਸੀ। ਅਸੀਂ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ, ਜਿਥੋਂ ਉਸ ਨੂੰ ਡੀ. ਐੱਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ ਪਰ ਰਸਤੇ 'ਚ ਹੀ ਉਸ ਨੇ ਦਮ ਤੋੜ ਦਿੱਤਾ। 
ਪੁਲਸ ਨੂੰ ਦਿੱਤੇ ਬਿਆਨਾਂ 'ਚ ਉਸ ਨੇ ਦੋਸ਼ ਲਾਇਆ ਸੀ ਕਿ ਜ਼ਹਿਰ ਖਾਣ ਲਈ ਉਸ ਦੇ ਪਤੀ ਨੇ ਉਸ 
ਨੂੰ ਉਕਸਾਇਆ ਸੀ। ਪੁਲਸ ਨੇ ਰਪਜੀਤ ਦੇ ਪਤੀ ਖਿਲਾਫ਼ ਧਾਰਾ 306 ਤਹਿਤ ਕੇਸ ਦਰਜ ਕਰ 
ਲਿਆ ਸੀ। ਅੱਜ ਦੋਸ਼ੀ ਪਾਏ ਜਾਣ 'ਤੇ ਮਾਣਯੋਗ ਅਦਾਲਤ ਨੇ ਉਪਰੋਕਤ ਸਜ਼ਾ ਸੁਣਾਈ।