ਮਿੰਨੀ ਬੱਸ ਤੇ ਬੋਲੈਰੋ ਜੀਪ ਦੀ ਟੱਕਰ ''ਚ 5 ਜ਼ਖ਼ਮੀ

11/21/2017 12:05:16 AM

ਚੱਬੇਵਾਲ, (ਗੁਰਮੀਤ)- ਚੱਬੇਵਾਲ ਤੋਂ ਸਾਰੰਗੋਵਾਲ ਲਿੰਕ ਸੜਕ 'ਤੇ ਪਿੰਡ ਸਿੰਘਪੁਰ ਨੇੜੇ ਇਕ ਮਿੰਨੀ ਬੱਸ ਅਤੇ ਬੋਲੈਰੋ ਜੀਪ ਦੀ ਆਹਮੋ-ਸਾਹਮਣੀ ਟੱਕਰ ਹੋਣ ਨਾਲ ਜੀਪ 'ਚ ਸਵਾਰ 5 ਵਿਅਕਤੀਆਂ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਚੱਬੇਵਾਲ ਦੀ ਪੁਲਸ ਨੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। 
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸ਼ਾਮੀਂ ਲਗਭਗ 5 ਕੁ ਵਜੇ ਨਿੱਜੀ ਕੰਪਨੀ ਦੀ ਮਿੰਨੀ ਬੱਸ ਨੰਬਰ ਪੀ ਬੀ 23 ਸੀ-0476, ਜੋ ਕਿ ਚੱਬੇਵਾਲ ਤੋਂ ਸਾਰੰਗੋਵਾਲ ਵੱਲ ਜਾ ਰਹੀ ਸੀ ਕਿ ਲਿੰਕ ਸੜਕ ਪਿੰਡ ਸਿੰਘਪੁਰ ਨੇੜੇ ਪਿੰਡ ਕਾਲੇਵਾਲ ਭਗਤਾਂ ਵੱਲੋਂ ਆ ਰਹੀ ਬੋਲੈਰੋ ਜੀਪ ਨੰਬਰ ਸੀ ਐੱਚ 03 ਆਰ-3070 ਨਾਲ ਟਕਰਾ ਗਈ। ਸਿੱਟੇ ਵਜੋਂ ਬੋਲੈਰੋ ਜੀਪ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਜੀਪ ਸਵਾਰ ਗੁਰਮੁੱਖ ਸਿੰਘ ਪੁੱਤਰ ਮੇਹਰ ਸਿੰਘ, ਮਨਜੀਤ ਕੌਰ ਪਤਨੀ ਗੁਰਮੁੱਖ ਸਿੰਘ ਵਾਸੀਆਨ ਡਵਿੱਡਾ ਅਹਿਰਾਣਾ ਸਮੇਤ ਪੰਜ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਲੋਕਾਂ 
ਦੀ ਮਦਦ ਨਾਲ ਐਂਬੂਲੈਂਸ 108 ਰਾਹੀਂ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। 
ਬੋਲੈਰੋ ਚਾਲਕ ਸਤਵਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਹਾਰਟਾ ਨੇ ਦੱਸਿਆ ਕਿ ਉਹ ਆਪਣੇ ਨਾਨਕੇ ਪਰਿਵਾਰ ਨਾਲ ਆਪਣੇ ਨਾਨਾ ਜੀ ਦੀਆਂ ਅਸਥੀਆਂ ਜਲ ਪ੍ਰਵਾਹ ਕਰ ਕੇ ਸ੍ਰੀ ਕੀਰਤਪੁਰ ਸਾਹਿਬ ਤੋਂ ਵਾਪਸ ਆ ਰਹੇ ਸਨ ਕਿ ਪਿੰਡ ਸਿੰਘਪੁਰ ਨੇੜੇ ਹਾਦਸਾ ਵਾਪਰ ਗਿਆ।