ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ 5 ਡਰਾਈਵਰਾਂ ਦੇ ਕੱਟੇ ਚਲਾਨ

12/20/2017 7:35:42 AM

ਕਪੂਰਥਲਾ, (ਭੂਸ਼ਣ)- ਸੂਬੇ 'ਚ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਕਾਰਨ ਲਗਾਤਾਰ ਹੋ ਰਹੇ ਹਾਦਸਿਆਂ ਨੂੰ ਵੇਖਦੇ ਹੋਏ ਚਲ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਟ੍ਰੈਫਿਕ ਪੁਲਸ ਕਪੂਰਥਲਾ ਦੀ ਟੀਮ ਨੇ ਇਕ ਵਿਸ਼ੇਸ਼ ਮੁਹਿੰਮ ਚਲਾਉਂਦੇ ਹੋਏ ਐਲਕੋ ਮੀਟਰ ਦੀ ਮਦਦ ਨਾਲ ਵੱਡੀ ਗਿਣਤੀ 'ਚ ਵਾਹਨ ਸਵਾਰਾਂ ਦੀ ਜਾਂਚ ਕਰਦੇ ਹੋਏ 5 ਵਾਹਨ ਸਵਾਰਾਂ ਨੂੰ ਸ਼ਰਾਬ ਦੇ ਨਸ਼ੇ 'ਚ ਪਾਉਂਦੇ ਹੋਏ ਉਨ੍ਹਾਂ ਦੇ ਚਲਾਨ ਕੱਟੇ। ਉਥੇ ਹੀ ਕੁੱਝ ਵਾਹਨਾਂ ਨੂੰ ਇੰਪਾਊਂਡ ਵੀ ਕੀਤਾ ਗਿਆ।  ਜਾਣਕਾਰੀ ਅਨੁਸਾਰ ਸੂਬੇ 'ਚ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਕਾਰਨ ਕਈ ਲੋਕਾਂ ਦੀ ਮੌਤ ਹੋਣ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਸੂਬੇ ਭਰ 'ਚ ਇਸ ਸਬੰਧੀ ਇਕ ਵਿਸ਼ੇਸ਼ ਮੁਹਿੰਮ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਸ ਨੂੰ ਲੈ ਕੇ ਟ੍ਰੈਫਿਕ ਇੰਚਾਰਜ ਕਪੂਰਥਲਾ ਇੰਸਪੈਕਟਰ ਦਰਸ਼ਨ ਲਾਲ ਸ਼ਰਮਾ ਨੇ ਪੁਲਸ ਟੀਮ ਦੇ ਨਾਲ ਡੀ. ਸੀ. ਚੌਕ , ਕਰਤਾਰਪੁਰ ਰੋਡ, ਜਲੰਧਰ ਰੋਡ, ਕਾਂਜਲੀ ਰੋਡ ਤੇ ਸੁਲਤਾਨਪੁਰ ਲੋਧੀ ਮਾਰਗ 'ਤੇ ਨਾਕਾਬੰਦੀ ਕਰਦੇ ਹੋਏ 30 ਦੇ ਕਰੀਬ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੇ ਡਰਾਈਵਰਾਂ ਦੀ ਐਲਕੋ ਮੀਟਰ ਦੀ ਮਦਦ ਨਾਲ ਜਾਂਚ ਕੀਤੀ ਗਈ। ਜਿਸ ਦੌਰਾਨ 4-ਪਹੀਆ ਵਾਹਨਾਂ 'ਚ ਸਵਾਰ 5 ਵਾਹਨ ਡਰਾਈਵਰਾਂ ਵਲੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਪੁਸ਼ਟੀ ਹੋ ਗਈ। ਜਿਸ ਨੂੰ ਵੇਖਦੇ ਹੋਏ ਟ੍ਰੈਫਿਕ ਪੁਲਸ ਨੇ ਪੰਜਾਂ ਵਾਹਨਾਂ ਦੇ ਚਲਾਨ ਕੱਟੇ ਅਤੇ ਭਵਿੱਖ 'ਚ ਸ਼ਰਾਬ ਪੀ ਕੇ ਵਾਹਨ ਨਾ ਚਲਾਉਣ ਦੇ ਨਿਰਦੇਸ਼ ਦਿੱਤੇ ।