5 ਦਿਨ ਸਾਰੇ ਸਰਕਾਰੀ ਦਫਤਰਾਂ ''ਚ ਕੰਮਕਾਜ ਰਹੇਗਾ ਠੱਪ

02/12/2019 9:25:19 PM

ਜਲੰਧਰ, (ਅਮਿਤ)- ਪੰਜਾਬ ਸਟੇਟ ਮਨਿਸਟ੍ਰੀਅਲ ਸਰਵਿਸਿਜ਼ ਯੂਨੀਅਨ ਵਲੋਂ ਸੂਬਾ ਸਰਕਾਰ ਦੇ ਅੜੀਅਲ ਰਵੱਈਏ ਨੂੰ ਮੁੱਖ ਰੱਖਦਿਆਂ ਬੁੱਧਵਾਰ ਤੋਂ ਆਉਣ ਵਾਲੇ ਪੰਜ ਦਿਨਾਂ ਤੱਕ ਸਾਰੇ ਸਰਕਾਰੀ ਦਫਤਰਾਂ 'ਚ ਕੰਮਕਾਜ ਪੂਰੀ ਤਰ੍ਹਾਂ ਠੱਪ ਰੱਖਿਆ ਜਾਵੇਗਾ ਕਿਉਂਕਿ ਪਹਿਲਾਂ ਤੋਂ ਦਿੱਤੇ ਗਏ ਸੱਦੇ ਦੇ ਤਹਿਤ ਪੂਰਾ ਦਫਤਰੀ ਸਟਾਫ ਕਲਮਛੋੜ ਹੜਤਾਲ 'ਤੇ ਰਹੇਗਾ। ਜਿਸ 'ਚ ਡੀ. ਸੀ. ਦਫਤਰ, ਸਹਿਕਾਰਤਾ ਵਿਭਾਗ, ਸਿੱਖਿਆ ਵਿਭਾਗ, ਚੋਣ ਵਿਭਾਗ, ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ, ਖਜਾਨਾ ਵਿਭਾਗ, ਰੋਜ਼ਗਾਰ ਦਫਤਰ, ਟਾਊਨ ਪਲਾਨਰ ਦਫਤਰ, ਉਪ-ਅਰਥ ਅੰਕੜਾ ਤੇ ਸਲਾਹਕਾਰ, ਕਮਿਸ਼ਨਰ ਦਫਤਰ, ਲੇਬਰ ਵਿਭਾਗ, ਪੀ. ਡਬਲਯੂ. ਡੀ., ਸਿਹਤ ਵਿਭਾਗ, ਜ਼ਿਲਾ ਸਮਾਜਿਕ ਸੁਰੱਖਿਆ ਦਫਤਰ ਸਣੇ ਵੱਡੀ ਗਿਣਤੀ 'ਚ ਮੁਲਾਜ਼ਮ ਸ਼ਾਮਲ ਹੋਣਗੇ। ਜਾਣਕਾਰੀ ਮੁਤਾਬਕ ਯੂਨੀਅਨ ਪ੍ਰਧਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਯੂਨੀਅਨ ਨੇ ਆਪਣੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਮੰਗਲਵਾਰ ਨੂੰ ਡੀ. ਸੀ. ਦਫਤਰ ਤੋਂ ਸ਼ੁਰੂ ਕਰਕੇ ਪੂਰੇ ਸ਼ਹਿਰ ਵਿਚ ਕਾਲੇ ਝੰਡੇ ਲੈ ਕੇ ਵ੍ਹੀਕਲ ਰੈਲੀ ਕੱਢਦਿਆਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜਲੰਧਰ ਦੇ ਸਾਰੇ ਹੀ ਸਰਕਾਰੀ ਵਿਭਾਗਾਂ ਦੇ ਮਨਿਸਟ੍ਰੀਅਲ ਸਟਾਫ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ। ਯੂਨੀਅਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਹੀ ਡੀ. ਏ. ਦੀ ਕਿਸ਼ਤ, ਪੁਰਾਣੀ ਪੈਨਸ਼ਨ ਸਕੀਮ ਦੀ ਮੁੜ ਬਹਾਲੀ, ਪੇ-ਕਮਿਸ਼ਨ ਦੀ ਰਿਪੋਰਟ, ਮਨਿਸਟ੍ਰੀਅਲ ਸਟਾਫ ਦਾ ਪੇ-ਸਕੇਲ, ਵਿਕਾਸ  ਟੈਕਸ ਬੰਦ ਕਰਨ ਸੰਬੰਧੀ ਆਦਿ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਯੂਨੀਅਨ ਦੀਆਂ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਤਾਂ ਰੋਸ ਪ੍ਰਦਰਸ਼ਨ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਸੂਬਾ ਪ੍ਰਧਾਨ ਸੀ. ਪੀ. ਐੱਫ. ਕਰਮਚਾਰੀ ਯੂਨੀਅਨ ਸੁਖਜੀਤ ਸਿੰਘ ਤੋਂ ਇਲਾਵਾ ਪ੍ਰਧਾਨ ਕਮਿਸ਼ਨਰ ਦਫਤਰ ਮੁਨੀਸ਼ ਕੁਮਾਰ ਸੋਲ, ਪ੍ਰਧਾਨ ਡੀ. ਸੀ. ਦਫਤਰ ਤਜਿੰਦਰ  ਸਿੰਘ, ਜਨਰਲ ਸੈਕਟਰੀ ਡੀ. ਸੀ. ਦਫਤਰ ਮਨੀਸ਼ ਸੈਣੀ, ਸੂਬਾ ਨੁਮਾਇੰਦਾ ਪਵਨ ਸਿੱਧੂ,  ਲਖਵੀਰ ਸਿੰਘ ਖਹਿਰਾ, ਅਵਿਫੂਲ ਪਾਠਕ, ਸੁਖਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਮਨਦੀਪ ਸਿੰਘ,  ਯੋਗਰਾਜ, ਬਲਵਿੰਦਰ ਸਿੰਘ, ਬਖਸ਼ੀਸ਼ ਸਿੰਘ, ਸੁਰੇਸ਼ ਕੁਮਾਰ ਸੂਰੀ ਆਦਿ ਸਣੇ ਵੱਡੀ ਗਿਣਤੀ 'ਚ ਦਫਤਰੀ ਕਰਮਚਰੀ ਮੌਜੂਦ ਸਨ।


ਡੀ. ਸੀ. ਦਫਤਰ ਦਾ ਕੰਮਕਾਜ ਹੋਵੇਗਾ ਪ੍ਰਭਾਵਿਤ
5 ਦਿਨ ਚੱਲਣ ਵਾਲੀ ਇਸ ਹੜਤਾਲ ਕਾਰਨ ਡੀ. ਸੀ. ਦਫਤਰ ਦਾ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਯੂਨੀਅਨ ਮੈਂਬਰਾਂ ਦੇ ਕਹਿਣਾ ਹੈ ਕਿ ਹੜਤਾਲ ਦੌਰਾਨ ਆਰ. ਟੀ. ਏ. ਦਫਤਰ ਤੇ ਡਰਾਈਵਿੰਗ ਟੈਸਟ ਟਰੈਕ 'ਤੇ ਕੰਮਕਾਜ ਨਹੀਂ ਹੋਣ ਦਿੱਤਾ ਜਾਵੇਗਾ ਜਿਸ ਕਾਰਨ ਲੋਕਾਂ ਨੂੰ ਬੇਹੱਦ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਰਕਾਰ ਨੂੰ ਹੋਵੇਗਾ ਕਰੋੜਾਂ ਦੇ ਰੈਵੇਨਿਊ ਦਾ ਨੁਕਸਾਨ
ਜੇਕਰ 3 ਦਿਨ ਹੜਤਾਲ ਕਾਰਨ ਰਜਿਸਟਰੇਸ਼ਨ ਦਾ ਕੰਮ ਬੰਦ ਰਹਿੰਦਾ ਹੈ ਤਾਂ ਸੂਬਾ ਸਰਕਾਰ ਨੂੰ ਕਰੋੜਾਂ ਰੁਪਏ ਦੇ ਰੈਵੇਨਿਊ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ।

KamalJeet Singh

This news is Content Editor KamalJeet Singh