1 ਲੱਖ 34 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ 5 ਕਾਬੂ

07/24/2017 7:38:48 AM

ਮੋਗਾ  (ਆਜ਼ਾਦ) - ਜ਼ਿਲਾ ਪੁਲਸ ਮੁਖੀ ਮੋਗਾ ਦੇ ਨਿਰਦੇਸ਼ਾਂ 'ਤੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਪੁਲਸ ਨੇ ਦੋ ਸਕੇ ਭਰਾਵਾਂ ਸਮੇਤ ਪੰਜ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 1 ਲੱਖ 34 ਹਜ਼ਾਰ 155 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ।  ਪੁਲਸ ਸੂਤਰਾਂ ਅਨੁਸਾਰ ਸਥਾਨਕ ਪੁਲਸ ਪਾਰਟੀ ਗਸ਼ਤ ਦੌਰਾਨ ਚੜਿੱਕ ਰੋਡ ਮੋਗਾ 'ਤੇ ਪੁੱਜੀ ਤਾਂ ਮੁਲਾਜ਼ਮਾਂ ਨੇ ਸ਼ੱਕ ਦੇ ਆਧਾਰ 'ਤੇ ਸੁਰਿੰਦਰ ਸਿੰਘ ਉਰਫ ਨੀਟਾ ਅਤੇ ਉਸ ਦੇ ਭਰਾ ਤੇਜਿੰਦਰ ਸਿੰਘ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਉਨ੍ਹਾਂ ਕੋਲੋਂ 2 ਬੈਗਾਂ 'ਚ ਭਰੀਆਂ 1 ਲੱਖ 17 ਹਜ਼ਾਰ 55 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਉਕਤ ਸਮੱਗਲਰ ਚੜਿੱਕ ਰੋਡ ਮੋਗਾ 'ਤੇ ਕਟਾਰੀਆ ਮੈਡੀਕਲ ਸਟੋਰ ਨਾਂ 'ਤੇ ਦਵਾਈਆਂ ਦੀ ਦੁਕਾਨ ਚਲਾ ਰਹੇ ਹਨ। ਦੋਵਾਂ ਭਰਾਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸੇ ਤਰ੍ਹਾਂ ਪੁਲਸ ਚੌਕੀ ਦੀਨਾ ਸਾਹਿਬ ਦੇ ਇੰਚਾਰਜ ਸਹਾਇਕ ਥਾਣੇਦਾਰ ਬਲਜੀਤ ਸਿੰਘ ਜਦੋਂ ਪੁਲਸ ਪਾਰਟੀ ਨਾਲ ਇਲਾਕੇ 'ਚ ਗਸ਼ਤ ਕਰਦੇ ਹੋਏ ਜਾ ਰਹੇ ਸੀ ਤਾਂ ਇਸ ਦੌਰਾਨ ਸ਼ੱਕ ਦੇ ਆਧਾਰ 'ਤੇ ਅਮਰੀਕ ਸਿੰਘ ਨਿਵਾਸੀ ਪਿੰਡ ਸਮਾਧ ਭਾਈ ਹਾਲ ਆਬਾਦ ਘੋਲੀਆ ਖੁਰਦ ਅਤੇ ਨਿਰਮਲ ਸਿੰਘ ਨਿਵਾਸੀ ਪਿੰਡ ਘੋਲੀਆ ਖੁਰਦ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 900 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀ ਅਮਰੀਕ ਸਿੰਘ ਆਪਣੇ-ਆਪ ਨੂੰ ਆਰ. ਐੱਮ. ਪੀ. ਡਾਕਟਰ ਦੱਸ ਰਿਹਾ ਸੀ ਪਰ ਉਸ ਦੇ ਕੋਲ ਕੋਈ ਅਧਿਕਾਰਿਤ ਪੱਤਰ ਨਹੀਂ ਮਿਲਿਆ, ਜਦਕਿ ਨਿਰਮਲ ਸਿੰਘ ਨਸ਼ੀਲੀਆਂ ਗੋਲੀਆਂ ਸਪਲਾਈ ਕਰਦਾ ਸੀ।
ਉਧਰ, ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਜਦੋਂ ਪੁਲਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਕਰ ਰਹੇ ਸੀ ਤਾਂ ਸ਼ੱਕ ਦੇ ਆਧਾਰ 'ਤੇ ਹਰਦੀਪ ਸਿੰਘ ਉਰਫ ਹੈਪੀ ਨਿਵਾਸੀ ਪਿੰਡ ਸਮਾਧ ਭਾਈ ਨੂੰ ਕਾਬੂ ਕਰ ਕੇ ਉਸ ਕੋਲੋਂ 16 ਹਜ਼ਾਰ 200 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਦੋਸ਼ੀ ਆਪਣੇ-ਆਪ ਨੂੰ ਆਰ. ਐੱਮ. ਪੀ. ਡਾਕਟਰ ਦੱਸ ਰਿਹਾ ਸੀ ਪਰ ਉਸ ਦੇ ਕੋਲ ਕੋਈ ਵੀ ਮਾਨਤਾ ਪ੍ਰਾਪਤ ਪੱਤਰ ਨਹੀਂ ਮਿਲਿਆ, ਜਿਸ 'ਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਕੀ ਹੋਈ ਪੁਲਸ ਕਾਰਵਾਈ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤੇ ਗਏ ਸਾਰੇ ਕਥਿਤ ਸਮੱਗਲਰਾਂ ਖਿਲਾਫ ਮਾਮਲੇ ਦਰਜ ਕਰ ਕੇ ਉਨ੍ਹਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਕਤ ਸਾਰਿਆਂ ਦਾ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ, ਜਿਨ੍ਹਾਂ ਕੋਲੋਂ ਪੁੱਛਗਿੱਛ ਕਰ ਕੇ ਇਹ ਜਾਣਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਉਕਤ ਨਸ਼ੀਲੀਆਂ ਗੋਲੀਆਂ ਉਹ ਕਿੱਥੋਂ ਲਿਆਉਂਦੇ ਹਨ ਅਤੇ ਕਿਹੜੀਆਂ-ਕਿਹੜੀਆਂ ਦੁਕਾਨਾਂ 'ਤੇ ਸਪਲਾਈ ਕਰਦੇ ਹਨ।