ਦੋਆਬਾ ''ਚ ਘਰ ਬਣਾਉਣ ਦਾ ਸੁਪਨਾ ਹੋਇਆ ਹੋਰ ਮਹਿੰਗਾ, ਜਲੰਧਰ ਵਾਲਿਆਂ ਨੂੰ ਪੈ ਰਹੀ ਹੈ ਸਭ ਤੋਂ ਵਧ ਮਾਰ

07/29/2017 7:01:17 PM

ਜਲੰਧਰ— ਜੇਕਰ ਤੁਸੀਂ ਦੋਆਬਾ ਵਿਚ ਘਰ ਬਣਾਉਣ ਦਾ ਸੁਪਨਾ ਦੇਖ ਰਹੇ ਹੋ ਤਾਂ ਤੁਹਾਡੇ ਲਈ ਬੁਰੀ ਖ਼ਬਰ ਹੈ। ਭੱਠਿਆਂ 'ਤੇ ਪੰਜ ਫੀਸਦੀ ਵਸਤੂ ਅਤੇ ਸੇਵਾਵਾਂ ਟੈਕਸ (ਜੀ. ਐੱਸ. ਟੀ.) ਲੱਗਣ ਤੋਂ ਬਾਅਦ ਇੱਟਾਂ ਦਾ ਕੀਮਤਾਂ ਵਿਚ ਸਿੱਧਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਧੇ ਕਾਰਨ ਦੋਆਬੇ ਵਿਚ ਇੱਟਾਂ ਦੀ ਕੀਮਤ 4000-4500 ਰੁਪਏ ਪ੍ਰਤੀ ਹਜ਼ਾਰ ਇੱਟ ਹੋ ਗਈ ਹੈ। ਇੱਟਾਂ ਦੀਆਂ ਕੀਮਤਾਂ ਵਿਚ ਇਹ ਸਾਲ ਦਾ ਸਭ ਤੋਂ ਵੱਡਾ ਵਾਧਾ ਹੈ। ਮੌਜੂਦਾ ਸਮੇਂ ਵਿਚ ਦੂਜੇ ਦਰਜੇ ਦੀਆਂ ਇੱਟਾਂ 2700 ਤੋਂ 3000 ਰੁਪਏ ਪ੍ਰਤੀ ਹਜ਼ਾਰ ਇੱਟ ਦੀ ਕੀਮਤ 'ਤੇ ਮਿਲ ਰਹੀਆਂ ਹਨ, ਜਦੋਂ ਕਿ ਬੀਤੇ ਸਾਲ ਇਨ੍ਹਾਂ ਦੀ ਕੀਮਤ 2000 ਤੋਂ 2300 ਰੁਪਏ ਸੀ। 
ਸੂਬੇ ਦੀ ਇੱਟਾਂ-ਭੱਠਾ ਐਸੋਸੀਏਸ਼ਨ ਦੇ ਮੁਤਾਬਕ ਜਲੰਧਰ ਵਿਚ ਇੱਟਾਂ ਦੀਆਂ ਕੀਮਤਾਂ (4300-4500 ਰੁਪਏ) ਸਭ ਤੋਂ ਜ਼ਿਆਦਾ ਹਨ। ਇਸ ਤੋਂ ਬਾਅਦ ਕਪੂਰਥਲਾ (4000 ਤੋਂ 4200 ਰੁਪਏ), ਨਵਾਂਸ਼ਹਿਰ (4000-4300 ਰੁਪਏ) ਅਤੇ ਹੁਸ਼ਿਆਰਪੁਰ (4200-4400 ਰੁਪਏ) ਹੈ। ਮੋਗਾ ਜ਼ਿਲੇ ਵਿਚ ਜਿੱਥੇ ਸਭ ਤੋਂ ਜ਼ਿਆਦਾ ਇੱਟਾਂ ਦੇ ਭੱਠੇ ਹਨ, ਉੱਥੇ ਇਨ੍ਹਾਂ ਦੀ ਕੀਮਤ 4000 ਰੁਪਏ ਪ੍ਰਤੀ ਹਜ਼ਾਰ ਇੱਟ 'ਤੇ ਪਹੁੰਚ ਗਈ ਹੈ।  

ਮਜ਼ਦੂਰਾਂ ਦੀ ਘਾਟ ਕਾਰਨ ਵੀ ਵਧੀਆਂ ਇੱਟਾਂ ਦੀਆਂ ਕੀਮਤਾਂ—
ਇੱਟਾਂ ਦੇ ਭੱਠਿਆਂ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਕਮੀ ਕਾਰਨ ਵੀ ਇੱਟਾਂ ਦੀਆਂ ਕੀਮਤਾਂ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਵਧੀਆਂ ਤਨਖਾਹਾਂ 'ਤੇ ਵੀ ਲੋਕ ਇਹ ਕੰਮ ਕਰਨ ਨੂੰ ਰਾਜ਼ੀ ਨਹੀਂ ਹਨ। ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਵੀ ਮਜ਼ਦੂਰਾਂ ਨੇ ਆਪਣੀਆਂ ਮਜ਼ਦੂਰੀਆਂ ਵਧਾ ਦਿੱਤੀਆਂ ਹਨ।