ਸਾਬਕਾ ਅਕਾਲੀ ਵਿਧਾਇਕ ਦੇ ਪੁੱਤਰ ਸਣੇ 9 ਖਿਲਾਫ 420 ਦਾ ਪਰਚਾ ਦਰਜ

02/19/2018 5:01:25 AM

ਗੁਰਦਾਸਪੁਰ (ਦੀਪਕ) - ਗੁਰਦਾਸਪੁਰ ਦੇ ਹਨੂਮਾਨ ਚੌਕ 'ਚ ਬਣ ਰਹੇ ਏ. ਜੀ. ਐੱਮ. ਮਾਲ ਦੀ ਜਗ੍ਹਾ ਦੇ ਕਾਗਜ਼ਾਂ 'ਚ ਧੋਖਾਦੇਹੀ ਕਰਨ ਦੇ ਦੋਸ਼ 'ਚ ਥਾਣਾ ਸਿਟੀ ਗੁਰਦਾਸਪੁਰ 'ਚ ਸਾਬਕਾ ਅਕਾਲੀ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਪੁੱਤਰ ਸਣੇ 9 ਵਿਅਕਤੀਆਂ 'ਤੇ 420 ਦਾ ਪਰਚਾ ਦਰਜ ਕੀਤਾ ਗਿਆ। ਇਸ ਸੰਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਸਮਾਜ ਸੇਵੀ ਮਲੂਕ ਸਿੰਘ ਵਾਸੀ ਪਿੰਡ ਬੱਬੇਹਾਲੀ ਤੇ ਉਸ ਦੇ ਵਕੀਲ ਰਾਜੇਸ਼ ਚੌਹਾਨ ਨੇ ਹੋਰਨਾਂ ਸਾਥੀਆਂ ਸਮੇਤ ਪੱਤਰਕਾਰਾਂ ਨੂੰ ਦੱਸਿਆ ਕਿ ਗੁਰਦਾਸਪੁਰ ਦੇ ਹਨੂਮਾਨ ਚੌਕ ਕੋਲ ਜੋ ਏ. ਜੀ. ਐੱਮ. ਮਾਲ ਬਣ ਰਿਹਾ ਹੈ, ਉਸ ਦੀ ਜਗ੍ਹਾ ਦੇ ਕਾਗਜ਼ਾਂ 'ਚ ਸਾਬਕਾ ਵਿਧਾਇਕ ਦੇ ਪੁੱਤਰ ਅਮਰਜੋਤ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਨਾਂ 99 ਸਾਲ ਦੀ ਲੀਜ਼ (ਪਟਾ) ਕਰਵਾ ਲਈ ਗਈ ਹੈ, ਜਦਕਿ ਅਸਲੀਅਤ ਕੁਝ ਹੋਰ ਹੈ। ਇਹ ਜਗ੍ਹਾ ਸਵ. ਪਰਮਹੰਸ ਪੁੱਤਰ ਬਿਸ਼ੰਬਰ ਨਾਥ ਵਾਸੀ ਝੂਲਣਾ ਮਹਿਲ ਦੇ ਨਾਂ 'ਤੇ ਸੀ। ਮਾਲ ਦੀ ਜ਼ਮੀਨ ਨੂੰ ਕਾਗਜ਼ਾਂ 'ਚ ਦਰਸਾਇਆ ਗਿਆ ਹੈ ਕਿ 25-11-1998 ਨੂੰ ਬਮਿਆਲ ਵਿਖੇ ਜਾ ਕੇ ਸਤੀਸ਼ ਕੁਮਾਰ ਪੁੱਤਰ ਤਰਸੇਮ ਰਾਏ ਵਾਸੀ ਥਾਣੇਵਾਲ ਦੇ ਨਾਂ 'ਤੇ ਪਾਵਰ ਆਫ ਅਟਾਰਨੀ ਤਿਆਰ ਕੀਤੀ ਗਈ। ਫਿਰ ਉਸ ਅਟਾਰਨੀ ਤੋਂ ਦੋ ਰਜਿਸਟਰੀਆਂ ਤਿਆਰ ਕੀਤੀਆਂ ਗਈਆਂ, ਜਿਨ੍ਹਾਂ 'ਚੋਂ ਇਕ ਹੀਰਾ ਸਿੰਘ ਪੁੱਤਰ ਬੇਅੰਤ ਵਾਸੀ ਬੱਬੇਹਾਲੀ ਤੇ ਦੂਜੀ ਰੂਪ ਲਾਲ ਪੁੱਤਰ ਦੀਵਾਨ ਵਾਸੀ ਬੱਬੇਹਾਲੀ ਦੇ ਨਾਂ 'ਤੇ ਤਿਆਰ ਕੀਤੀ ਗਈ। ਇਕ ਰਜਿਸਟਰੀ 8-5-2004 ਤੇ ਦੂਜੀ 9-6-2004 ਨੂੰ ਤਿਆਰ ਕੀਤੀ ਗਈ। ਫਿਰ ਇਨ੍ਹਾਂ ਰਜਿਸਟਰੀਆਂ ਰਾਹੀਂ 1-8-2017 ਨੂੰ 99 ਸਾਲ ਲਈ ਲੀਜ਼ ਅਮਰਜੋਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਬੱਬੇਹਾਲੀ ਦੇ ਨਾਂ ਕਰ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਇਹ ਕੁੱਲ ਜ਼ਮੀਨ 5 ਕਨਾਲ 11 ਮਰਲੇ ਹੈ, ਜਿਸ ਦੀ ਲੀਜ਼ 'ਚ 15 ਹਜ਼ਾਰ ਰੁਪਏ ਕਿਰਾਇਆ ਕੀਤਾ ਗਿਆ ਤੇ 15 ਕਰੋੜ ਦਾ ਇਸ ਜ਼ਮੀਨ 'ਤੇ ਮਾਲ ਤਿਆਰ ਕਰਨ ਲਈ ਬੈਂਕ ਤੋਂ ਲੋਨ ਲਿਆ ਗਿਆ, ਜਦਕਿ ਇਸ ਮਾਲ 'ਤੇ 200 ਕਰੋੜ ਰੁਪਏ ਦਾ ਪ੍ਰਾਜੈਕਟ ਲੱਗਾ ਹੈ। 15 ਕਰੋੜ ਰੁਪਏ ਛੱਡ ਕੇ ਬਾਕੀ ਦੇ ਪੈਸੇ ਕਿੱਥੋਂ ਆਏ, ਇਸ ਦੀ ਜਾਂਚ ਲਈ ਉਨ੍ਹਾਂ ਮਾਣਯੋਗ ਕੋਰਟ 'ਚ ਅਰਜ਼ੀ ਲਾਈ ਹੋਈ ਹੈ।
ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਅਮਰਜੋਤ ਸਿੰਘ ਬੱਬੇਹਾਲੀ ਨੇ ਆਪਣੀ ਸਿਆਸੀ ਪਾਵਰ ਦਾ ਇਸਤੇਮਾਲ ਕਰਦੇ ਹੋਏ ਝੂਠੀ ਪਾਵਰ ਆਫ ਅਟਾਰਨੀ ਤਿਆਰ ਕਰ ਕੇ ਪਹਿਲਾਂ ਸਤੀਸ਼ ਕੁਮਾਰ ਪੁੱਤਰ ਤਰਸੇਮ ਰਾਏ ਵਾਸੀ ਥਾਣੇਵਾਲ ਦੇ ਨਾਂ ਰਜਿਸਟਰੀ ਤਿਆਰ ਕਰ ਲਈ ਤੇ ਫਿਰ ਉਸ ਦੀ ਰਜਿਸਟਰੀ ਰੂਪ ਲਾਲ ਪੁੱਤਰ ਦੀਵਾਨ ਚੰਦ ਵਾਸੀ ਬੱਬੇਹਾਲੀ ਦੇ ਨਾਂ ਤਿਆਰ ਕਰ ਦਿੱਤੀ। ਫਿਰ ਹੀਰਾ ਸਿੰਘ ਤੇ ਰੂਪ ਲਾਲ ਵੱਲੋਂ ਗਲਤ ਤੱਥਾਂ ਦੇ ਆਧਾਰ 'ਤੇ ਅਮਰਜੋਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਬੱਬੇਹਾਲੀ ਦੇ ਨਾਂ ਗਲਤ ਤਰੀਕੇ ਨਾਲ 99 ਸਾਲ ਦੀ ਲੀਜ਼ ਤਿਆਰ ਕਰ ਦਿੱਤੀ। ਇਸ ਜ਼ਮੀਨ ਦਾ ਅਸਲ ਮਾਲਕ ਸਵ. ਪਰਮਹੰਸ ਪੁੱਤਰ ਬਿਸ਼ੰਬਰ ਨਾਥ ਵਾਸੀ ਝੂਲਣਾ ਮਹਿਲ ਸੀ, ਜਿਸ ਦੀ 12-10-2003 ਨੂੰ ਮੌਤ ਹੋ ਚੁੱਕੀ ਹੈ। ਉਕਤ ਜ਼ਮੀਨ ਅਮਰਜੋਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਬੱਬੇਹਾਲੀ ਦੇ ਨਾਂ ਏ. ਜੀ. ਐੱਮ. ਮਾਲ ਦੇ ਡਾਇਰੈਕਟਰ ਵਜੋਂ 99 ਸਾਲ ਦਾ ਕਾਗਜ਼ਾਂ 'ਚ ਪਟਾ ਕਰ ਦਿੱਤਾ ਗਿਆ ਸੀ, ਜਦਕਿ ਜ਼ਮੀਨ ਦੇ ਅਸਲੀ ਮਾਲਕ ਪਰਮਹੰਸ ਨੂੰ ਪਠਾਨਕੋਟ ਦਾ ਰਹਿਣ ਵਾਲਾ ਦੱਸ ਕੇ ਸਤੀਸ਼ ਕੁਮਾਰ ਪੁੱਤਰ ਤਰਸੇਮ ਰਾਏ ਵਾਸੀ ਥਾਣੇਵਾਲ ਦੇ ਹੱਕ 'ਚ 8-6-2004 ਨੂੰ 4 ਕਨਾਲ 2 ਮਰਲੇ ਦੀ ਰਜਿਸਟਰੀ ਕਰ ਦਿੱਤੀ ਗਈ, ਜਦਕਿ ਦੂਜੀ ਰਜਿਸਟਰੀ 9-6-2004 ਨੂੰ 3 ਕਨਾਲ 7 ਮਰਲੇ ਰੂਪ ਲਾਲ ਦੇ ਹੱਕ 'ਚ 8 ਲੱਖ 37 ਹਜ਼ਾਰ 500 ਰੁਪਏ ਦੀ ਕੀਮਤ ਹੇਠ ਕਰ ਦਿੱਤੀ ਗਈ। ਮਲੂਕ ਸਿੰਘ ਨੇ ਕਿ ਇਸ ਮਾਮਲੇ ਦੀ ਜਾਂਚ ਸੰਬੰਧੀ ਉਸ ਨੇ ਐੱਸ. ਐੱਸ. ਪੀ. ਗੁਰਦਾਸਪੁਰ ਤੇ ਹੋਰਨਾਂ ਸੀਨੀਅਰ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ ਪਰ ਉਸ ਦੀ ਸੁਣਵਾਈ ਨਾ ਹੋਣ 'ਤੇ ਉਸ ਨੇ ਕੋਰਟ ਦਾ ਸਹਾਰਾ ਲਿਆ ਤੇ ਹੁਣ ਇਸ ਦੀ ਜਾਂਚ ਦੀ ਡਿਊਟੀ ਡੀ. ਐੱਸ. ਪੀ. ਸਪੈਸ਼ਲ ਬ੍ਰਾਂਚ ਗੁਰਬੰਸ ਸਿੰਘ ਬੈਂਸ ਗੁਰਦਾਸਪੁਰ ਦੀ ਲਾਈ ਗਈ, ਜਿਸ ਨੇ ਤੱਥਾਂ ਦੇ ਆਧਾਰ 'ਤੇ ਪੂਰੀ ਜਾਂਚ ਕਰ ਕੇ ਦੋਸ਼ੀ ਪਾਏ ਜਾਣ 'ਤੇ 9 ਵਿਅਕਤੀਆਂ ਖਿਲਾਫ ਥਾਣਾ ਸਿਟੀ 'ਚ ਮਾਮਲਾ ਦਰਜ ਕੀਤਾ ਹੈ।  
ਕਿਨ੍ਹਾਂ 'ਤੇ ਹੋਏ ਪਰਚੇ ਦਰਜ
ਸਤੀਸ਼ ਕੁਮਾਰ ਪੁੱਤਰ ਤਰਸੇਮ ਰਾਏ ਵਾਸੀ ਥਾਣੇਵਾਲ, ਅਮਰਜੋਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਬੱਬੇਹਾਲੀ, ਹੀਰਾ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਬੱਬੇਹਾਲੀ, ਰੂਪ ਲਾਲ ਪੁੱਤਰ ਦੀਵਾਨ ਵਾਸੀ ਬੱਬੇਹਾਲੀ, ਰਾਮ ਲਾਲ ਵਾਸੀ ਸ਼ਹਿਜ਼ਾਦਾ ਨਗਰ ਗੁਰਦਾਸਪੁਰ, ਵਿਪਨ ਕੁਮਾਰ ਪੁੱਤਰ ਯਸ਼ਪਾਲ ਵਾਸੀ ਗੁਰਦਾਸਪੁਰ, ਵਿਨੋਦ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਹਰਿਦੁਆਰ ਕਾਲੋਨੀ ਗੁਰਦਾਸਪੁਰ, ਦਰਸ਼ਨ ਕੁਮਾਰ ਵਾਸੀ ਗੁਰਦਾਸਪੁਰ ਤੇ ਪ੍ਰੇਮ ਨਾਥ ਪੁੱਤਰ ਤਾਰਾ ਚੰਦ ਵਾਸੀ ਰੌੜੀ ਮੁਹੱਲਾ ਗੁਰਦਾਸਪੁਰ।