ਪਾਵਰਕਾਮ ਵੱਲੋਂ ਖੇਤੀਬਾੜੀ ਸੈਕਟਰ ਨੂੰ ਬਿਜਲੀ ਸਪਲਾਈ ਦੇਣ ਵਾਸਤੇ ਰੋਪੜ ਤੇ ਲਹਿਰਾ ਮੁਹੱਬਤ ਦੇ 4 ਯੂਨਿਟ ਚਾਲੂ

06/20/2018 4:23:19 AM

ਪਟਿਆਲਾ (ਪਰਮੀਤ) - ਬੁੱਧਵਾਰ ਤੋਂ ਸ਼ੁਰੂ ਹੋ ਰਹੇ ਝੋਨੇ ਦੇ ਸੀਜ਼ਨ ਲਈ ਬਿਜਲੀ ਸਪਲਾਈ ਦੇਣ ਵਾਸਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਅੱਜ ਆਪਣੇ ਲਹਿਰਾ ਮੁਹੱਬਤ ਤੇ ਰੋਪੜ ਥਰਮਲ ਪਲਾਂਟਾਂ ਦੇ 4 ਯੂਨਿਟਾਂ ਨੂੰ ਚਾਲੂ ਕਰ ਦਿੱਤਾ ਹੈ। ਸੁਚੱਜੀ ਸਪਲਾਈ ਯਕੀਨੀ ਬਣਾਉਣ ਵਾਸਤੇ ਪਾਵਰਕਾਮ ਨੇ ਸੂਬੇ ਵਿਚ 5 ਕੰਟਰੋਲ ਰੂਮ ਵੀ ਸਥਾਪਤ ਕੀਤੇ ਹਨ। ਪਾਵਰਕਾਮ ਵੱਲੋਂ 3 ਗਰੁੱਪਾਂ ਵਿਚੋਂ ਪਹਿਲੇ ਗਰੁੱਪ ਨੂੰ ਅੱਧੀ ਰਾਤ 12 ਵਜੇ ਤੋਂ ਤੁਰੰਤ ਬਾਅਦ 8 ਘੰਟੇ ਵਾਲੀ ਬਿਜਲੀ ਸ਼ੁਰੂ ਹੋ ਜਾਵੇਗੀ। ਇਸ ਵਾਸਤੇ ਲਹਿਰਾ ਮੁਹੱਬਤ ਸਥਿਤ ਗੁਰੂ ਹਰਿਗੋਬਿੰਦ ਥਰਮਲ ਪਲਾਂਟਾਂ ਤੇ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ 4 ਯੂਨਿਟ ਅੱਜ ਚਾਲੂ ਕੀਤੇ ਗਏ ਹਨ। ਇਨ੍ਹਾਂ ਵਿਚੋਂ 2 ਯੂਨਿਟ ਅੱਜ ਸਵੇਰੇ ਤੇ 2 ਦੇਰ ਸ਼ਾਮ ਸ਼ੁਰੂ ਕੀਤੇ ਗਏ।
ਇਸ ਗੱਲ ਦੀ ਪੁਸ਼ਟੀ ਕਰਦਿਆਂ ਪਾਵਰਕਾਮ ਦੇ ਡਾਇਰੈਕਟਰ ਜਨਰੇਸ਼ਨ ਇੰਜੀ. ਐੈੱਸ. ਕੇ. ਪੁਰੀ ਨੇ ਦੱਸਿਆ ਕਿ 4 ਯੂਨਿਟ ਹਾਲੇ ਸ਼ੁਰੂ ਕੀਤੇ ਗਏ ਹਨ। ਜਿਵੇਂ-ਜਿਵੇਂ ਮੰਗ ਵਿਚ ਵਾਧਾ ਹੁੰਦਾ ਜਾਵੇਗਾ, ਅਸੀਂ ਯੂਨਿਟ ਚਾਲੂ ਕਰ ਲਵਾਂਗੇ। ਇਸ ਦੌਰਾਨ ਮੈਨੇਜਮੈਂਟ ਨੇ ਆਪਣੇ ਸਾਰੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਹੈੱਡਕੁਆਰਟਰ 'ਤੇ ਹਾਜ਼ਰ ਰਹਿਣ ਦੇ ਸਖ਼ਤੀ ਭਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਫੀਲਡ ਡਿਊਟੀ 'ਤੇ ਖਾਸ ਧਿਆਨ ਕੇਂਦਰਿਤ ਕੀਤਾ ਗਿਆ ਹੈ। ਬਿਜਲੀ ਖਪਤਕਾਰਾਂ ਦੀਆਂ ਬਿਜਲੀ ਬਾਰੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ 98 ਨੋਡਲ ਸ਼ਿਕਾਇਤ ਕੇਂਦਰ, ਜ਼ੋਨਲ ਪੱਧਰ 'ਤੇ 5 ਕੰਟਰੋਲ ਰੂਮ ਅਤੇ ਇਕ ਕੰਟਰੋਲ ਰੂਮ ਹੈੱਡ ਆਫਿਸ ਪਟਿਆਲਾ ਵਿਖੇ ਵੀ ਸਥਾਪਤ ਕੀਤਾ ਗਿਆ ਹੈ। ਅਜਿਹੇ ਸਾਰੇ ਕੰਟਰੋਲ ਰੂਮਾਂ ਦੇ ਫੋਨ ਤੇ ਈ-ਮੇਲ ਬਾਕਾਇਦਾ ਜਾਰੀ ਕੀਤੇ ਗਏ ਹਨ।
ਡਾਇਰੈਕਟਰ ਡਿਸਟ੍ਰੀਬਿਊਸ਼ਨ ਇੰਜੀ. ਐੈੱਨ. ਕੇ. ਸ਼ਰਮਾ ਨੇ ਦੱਸਿਆ ਕਿ ਥਰਮਲ ਪਲਾਂਟਾਂ ਲਈ ਕੋਲੇ ਦੀ ਸਥਿਤੀ ਵਿਚ ਸੁਧਾਰ ਹੋਇਆ ਹੈ। ਹੁਣ ਰਾਜਪੁਰਾ ਪਲਾਂਟ ਕੋਲ 7 ਦਿਨਾਂ ਦਾ ਕੋਲਾ ਉਪਲਬਧ ਹੈ। ਇਸੇ ਤਰ੍ਹਾਂ ਤਲਵੰਡੀ ਸਾਬੋ ਤੇ ਗੋਇੰਦਵਾਲ ਸਾਹਿਬ ਪਲਾਂਟ ਵਿਚ ਵੀ ਸਥਿਤੀ ਸੁਧਰ ਰਹੀ ਹੈ। ਦੂਜੇ ਪਾਸੇ ਸਰਕਾਰੀ ਥਰਮਲਾਂ ਕੋਲ 25 ਦਿਨ ਤੋਂ ਵੱਧ ਦੇ ਭੰਡਾਰ ਪਏ ਹਨ। ਦੱਸਣਯੋਗ ਹੈ ਕਿ ਪਿਛਲੇ ਸਾਲ ਜੁਲਾਈ ਦੌਰਾਨ ਪੀਕ ਲੋਡ ਸਥਿਤੀ ਵਿਚ ਬਿਜਲੀ ਦੀ ਵੱਧ ਤੋਂ ਵੱਧ ਮੰਗ ਦਾ ਅੰਕੜਾ 11705 ਮੈਗਾਵਾਟ 'ਤੇ ਮਾਪਿਆ ਗਿਆ ਸੀ। ਪਾਵਰਕਾਮ ਨੂੰ ਅੰਦਾਜ਼ਾ ਹੈ ਕਿ ਐਤਕੀਂ ਪੀਕ ਲੋਡ ਵਿਚ ਇਹ ਅੰਕੜਾ 12290 ਤੋਂ ਲੈ ਕੇ 12500 ਮੈਗਾਵਾਟ ਤੱਕ ਪਹੁੰਚ ਸਕਦਾ ਹੈ। ਉਂਝ ਬਿਜਲੀ ਪ੍ਰਬੰਧਾਂ ਦੀ ਤਿਆਰੀ ਵਜੋਂ ਪਾਵਰਕਾਮ ਵੱਲੋਂ 13073 ਮੈਗਾਵਾਟ ਤੋਂ ਵੀ ਵੱਧ ਦੀ ਪੂਰਤੀ ਕਰਨ ਦੇ ਪ੍ਰਬੰਧ ਕੀਤੇ ਜਾਣ ਦਾ ਵੀ ਦਾਅਵਾ ਕੀਤਾ ਗਿਆ ਹੈ। ਪਾਵਰਕਾਮ ਦੇ ਸੀ. ਐੈੱਮ. ਡੀ. ਇੰਜੀ. ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਨਿਰਵਿਘਨ 8 ਘੰਟੇ ਸਪਲਾਈ ਦੇਣ ਲਈ ਤੇ ਬਾਕੀ ਖਪਤਕਾਰਾਂ ਨੂੰ 24 ਘੰਟੇ ਸਪਲਾਈ ਲਾਈਨ ਨਾਲ ਜੋੜੀ ਰੱਖਣ ਲਈ ਅਦਾਰੇ ਵੱਲੋਂ ਸਾਰੇ ਪ੍ਰਬੰਧ ਪੁਖ਼ਤਾ ਹਨ।