ਜਲੰਧਰ: 12 ਜਿੰਦਾ ਕਾਰਤੂਸ, 5 ਪਿਸਤੌਲਾਂ ਤੇ ਹੋਰ ਸਮਾਨ ਸਮੇਤ 4 ਵਿਅਕਤੀ ਗ੍ਰਿਫਤਾਰ (ਵੀਡੀਓ)

09/16/2019 7:22:08 PM

ਜਲੰਧਰ,(ਸੋਨੂੰ/ਸ਼ੋਰੀ): ਜਲੰਧਰ ਦਿਹਾਤੀ ਪੁਲਸ ਦੇ ਥਾਣਾ ਆਦਮਪੁਰ ਦੀ ਪੁਲਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 5 ਪਿਸਤੌਲਾਂ, 12 ਜਿੰਦਾ ਕਾਰਤੂਸ, 980 ਨਸ਼ੀਲੀਆਂ ਗੋਲੀਆਂ ਤੇ ਇਕ ਬਿਨਾ ਨੰਬਰ ਦਾ ਮੋਟਰਸਾਈਕਲ ਬਰਾਮਦ ਹੋਇਆ ਹੈ।
ਜਾਣਕਾਰੀ ਦਿੰਦੇ ਹੋਏ ਐਸ. ਐਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ 13 ਸਤੰਬਰ ਸ਼ਾਮ ਨੂੰ ਥਾਣਾ ਆਦਮਪੁਰ ਦੇ ਐਸ. ਆਈ. ਰਘੁਨਾਥ ਸਿੰਘ ਨੇ ਪੁਲਸ ਪਾਰਟੀ ਸਮੇਤ ਜੰਡੂਸਿੰਘਾ ਵਾਈ ਪੁਆਇੰਟ 'ਤੇ ਨਾਕਾਬੰਦੀ ਕੀਤੀ ਹੋਈ ਸੀ। ਉਸ ਸਮੇਂ ਰਾਮਾਮੰਡੀ ਵਲੋਂ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ 2 ਨੌਜਵਾਨ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਰੋ ਕੇ ਪੁੱਛਗਿੱਛ ਕੀਤੀ ਗਈ। ਜਿਸ ਦੌਰਾਨ ਮੋਟਰਸਾਈਕਲ ਚਲਾ ਵਾਲੇ ਆਪਣਾ ਨਾਮ ਸੰਜੀਵ ਕੁਮਾਰ ਉਰਫ ਨਾਨੂ ਪੁੱਤਰ ਕੁਲਵਿੰਦਰ ਨਿਵਾਸੀ ਮਲਿਆ ਤੇ ਦੂਜੇ ਨੇ ਆਪਣਾ ਨਾਮ ਵਿਜੇ ਕੁਮਾਰ ਪੁੱਤਰ ਦਲਵੀਰ ਨਿਵਾਸੀ ਭੀਖਾ ਨੰਗਲ ਥਾਣਾ ਕਰਤਾਰਪੁਰ ਦੱਸਿਆ। ਪੁਲਸ ਨੇ ਮੋਟਰਸਾਈਕਲ 'ਤੇ ਟੰਗੇ ਹੋਏ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ 'ਚੋਂ 980 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਜਿਸ ਤੋਂ ਬਾਅਦ ਪੁਲਸ ਪਾਰਟੀ ਨੇ ਦੋਵੇਂ ਨੌਜਵਾਨਾਂ ਦੀ ਤਲਾਸ਼ੀ ਲਈ। ਤਲਾਸ਼ੀ ਲੈਣ 'ਤੇ ਸੰਜੀਵ ਕੁਮਾਰ ਕੋਲੋਂ 32  ਬੋਰ ਦਾ ਦੇਸੀ ਪਿਸਤੌਲ ਤੇ 5 ਜਿੰਦਾ ਕਾਰਤੂਸ ਬਰਾਮਦ ਹੋਏ। ਉਥੇ ਹੀ ਵਿਜੇ ਕੁਮਾਰ ਕੋਲੋਂ ਇਕ 12 ਬੋਰ ਦਾ ਦੇਸੀ ਪਿਸਤੌਲ ਤੇ 2 ਜਿੰਦਾ ਕਾਰਤੂਸ ਬਰਾਮਦ ਹੋਏ। ਪੁਲਸ ਨੇ ਦੋਸ਼ੀਆਂ 'ਤੇ ਥਾਣਾ ਆਦਮਪੁਰ 'ਚ ਮਾਮਲਾ ਦਰਜ ਕਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਜਿਸ ਤੋਂ ਬਾਅਦ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਰਿਮਾਂਡ ਦੌਰਾਨ ਪੁੱਛਗਿੱਛ 'ਚ ਦੋਸ਼ੀ ਵਿਜੇ ਤੇ ਸੰਜੀਵ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਹੋਰ 12 ਬੋਰ ਦੀ ਰਾਈਫਲ ਵੀ ਹੈ, ਜੋ ਪੁਲਸ ਨੇ ਬਰਾਮਦ ਕਰ ਲਈ ਹੈ।

ਦੋਸ਼ੀਆਂ ਨੇ ਦੱਸਿਆ ਕਿ ਇਹ ਰਾਈਫਲ ਸਤਵੀਰ ਸਿੰਘ ਨਿਵਾਸੀ ਦਾਊਦਪੁਰ ਨੇ ਉਨ੍ਹਾਂ ਨੂੰ ਦਿੱਤੀ ਸੀ ਜੋ ਰਿਵਾਲਵਰ ਤੇ ਪਿਸਤੌਲ ਉਨ੍ਹਾਂ ਕੋਲ ਸੀ ਉਹ ਉਨ੍ਹਾਂ ਨੇ ਵਿਜੇ ਕੁਮਾਰ ਪੁੱਤਰ ਹਰਦਿਆਲ ਸਿੰਘ ਨਿਵਾਸੀ ਪਿੰਡ ਥਾਣ ਸਿੰਘ ਜਿਲਾ ਸੁਜਾਨਪੁਰ ਯੂ. ਪੀ. ਹਾਲ ਨਿਵਾਸੀ ਮੁਹੱਲਾ ਰਾਮੂ ਦੀ ਬਸਤੀ ਢਿਲਵਾਂ ਤੇ ਸੂਰਜ ਸਿੰਘ ਪੁੱਤਰ ਕਮਲਜੀਤ ਸਿੰਘ ਨਿਵਾਸੀ ਮੁਹੱਲਾ ਪੀਰ ਦਾਸ ਬਸਤੀ, ਬੈਕ ਸਾਈਡ ਐ. ਪੀ. ਗੈਸ ਏਜੰਸੀ ਜਲੰਧਰ ਨੇ ਲਿਆ ਕੇ ਦਿੱਤੀ ਸੀ। ਇਸ ਪ੍ਰਕਾਰ ਥਾਣਾ ਆਦਮਪੁਰ ਦੇ ਏ. ਐਸ. ਆਈ. ਭੁਪਿੰਦਰ ਪਾਲ ਸਿੰਘ 15 ਸਤੰਬਰ ਦੁਪਹਿਰ ਪੁਲਸ ਪਾਰਟੀ ਸਮੇਤ ਗਸ਼ਤ 'ਤੇ ਸਨ। ਜਿਵੇਂ ਹੀ ਪੁਲਸ ਪਾਰਟੀ ਪਿੰਡ ਅਰਜਨਵਾਲ ਵੱਲ ਪਹੁੰਚੀ ਤਾਂ ਮਹਿਮਦਪੁਰ ਕੱਚਾ ਸੁਆ ਨੇੜੇ ਇਕ ਮੋਨਾ ਨੌਜਵਾਨ ਆਉਂਦਾ ਦਿਖਾਈ ਦਿੱਤਾ। ਜੋ ਪੁਲਸ ਪਾਰਟੀ ਨੂੰ ਦੇਖ ਘਬਰਾ ਗਿਆ ਤੇ ਵਾਪਸ ਭੱਜਣ ਲੱਗਾ। ਪੁਲਸ ਪਾਰਟੀ ਨੇ ਉਸ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੇ ਨਾਂ ਵਿਜੇ ਕੁਮਾਰ ਪੁੱਤਰ ਹਰਦਿਆਲ ਸਿੰਘ ਦੱਸਿਆ, ਜਿਸ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ 12 ਬੋਰ ਦਾ ਪਿਸਤੌਲ ਤੇ 2 ਜਿੰਦਾ ਕਾਰਤੂਸ ਬਰਾਮਦ ਹੋਏ। ਪੁਲਸ ਨੇ ਦੋਸ਼ੀ ਖਿਲਾਫ ਥਾਣਾ ਆਦਮਪੁਰ 'ਚ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ 15 ਸਤੰਬਰ ਨੂੰ ਹੀ ਏ. ਐਸ. ਆਈ. ਨਿਸ਼ਾਨ ਸਿੰਘ ਨੇ ਪੁਲਸ ਪਾਰਟੀ ਸਮੇਤ ਖੁਰਦਪੁਰ ਨਹਿਰ ਨੇੜੇ ਸੂਰਜ ਸਿੰਘ ਪੁੱਤਰ ਕਮਲਜੀਤ ਸਿੰਘ ਨਿਵਾਸੀ ਮੁਹੱਲਾ ਪੀਰ ਦਾਸ ਬਸਤੀ ਬੈਕਸਾਈਡ ਐਚ. ਪੀ. ਗੈਸ ਏਜੰਸੀ ਨੂੰ ਕਾਬੂ ਕਰ ਉਸ ਕੋਲੋਂ ਇਕ ਪਿਸਤੌਲ 32 ਬੋਰ ਤੇ 3 ਜਿੰਦਾ ਕਾਰਤੂਸ ਬਰਾਮਦ ਕਰ ਲਏ। ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।