ਇਟਲੀ ਭੇਜਣ ਦੇ ਨਾਂ ''ਤੇ 4 ਲੱਖ ਠੱਗੇ

04/04/2018 5:44:45 AM

ਮੁਕੇਰੀਆਂ, (ਝਾਵਰ)- ਥਾਣਾ ਮੁਕੇਰੀਆਂ ਦੇ ਪਿੰਡ ਕਲਸਾਂ ਦੇ ਮੌਜੂਦਾ ਸਰਪੰਚ ਇੰਦਰਜੀਤ ਸਿੰਘ ਦੀ ਸ਼ਿਕਾਇਤ 'ਤੇ ਪੁਲਸ ਨੇ ਟਰੈਵਲ ਏਜੰਟਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਉਨ੍ਹਾਂ ਐੱਸ.ਐੱਸ. ਪੀ. ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਲੜਕਾ ਗੁਰਦਿਆਲ ਸਿੰਘ ਜੋ ਬੇਰੋਜ਼ਗਾਰ ਹੈ, ਨੂੰ ਟਰੈਵਲ ਏਜੰਟਾਂ ਨੇ ਇਟਲੀ ਭੇਜਣ ਲਈ 8 ਲੱਖ ਰੁਪਏ ਵਿਚ ਸੌਦਾ ਤੈਅ ਕੀਤਾ ਸੀ ਪਰ ਨਾ ਤਾਂ ਉਨ੍ਹਾਂ ਉਸ ਨੂੰ ਇਟਲੀ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ।  
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕਰਨੈਲ ਸਿੰਘ ਅਤੇ ਜਾਂਚ ਅਧਿਕਾਰੀ ਦਿਲਬਾਗ ਸਿੰਘ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੀ ਜਾਂਚ ਡੀ.ਐੱਸ. ਪੀ. ਰਵਿੰਦਰ ਸਿੰਘ ਵੱਲੋਂ ਕੀਤੀ ਗਈ, ਜਿਸ 'ਚ ਟਰੈਵਲ ਏਜੰਟ ਸੁਖਵਿੰਦਰ ਸਿੰਘ ਉਰਫ਼ ਮਿੰਟੂ ਪੁੱਤਰ ਜੈਮਲ ਸਿੰਘ, ਵਿਮਲ ਕੌਰ ਪਤਨੀ ਜੈਮਲ ਸਿੰਘ ਵਾਸੀ ਬਾਦਲ ਮਾਰਕੀਟ ਮੁਕੇਰੀਆਂ, ਮਨਪ੍ਰੀਤ ਸਿੰਘ ਉਰਫ ਵਿੱਕੀ ਪੁੱਤਰ ਜਸਵੰਤ ਸਿੰਘ, ਜਸਵੰਤ ਸਿੰਘ ਪੁੱਤਰ ਫੌਜਾ ਸਿੰਘ ਵਾਸੀ ਮਨਸੂਰਪੁਰ ਕਸੂਰਵਾਰ ਪਾਏ ਗਏ। 
ਉਨ੍ਹਾਂ ਦੱਸਿਆ ਕਿ ਉਕਤ ਟਰੈਵਲ ਏਜੰਟਾਂ ਨੇ ਸ਼ਿਕਾਇਤਕਰਤਾ ਨਾਲ ਉਸ ਦੇ ਬੇਟੇ ਨੂੰ ਇਟਲੀ ਭੇਜਣ ਲਈ 8 ਲੱਖ ਰੁਪਏ ਵਿਚ ਸੌਦਾ ਤੈਅ ਕੀਤਾ ਸੀ ਅਤੇ ਇਸ ਰਕਮ 'ਚੋਂ ਉਨ੍ਹਾਂ 4 ਲੱਖ ਰੁਪਏ ਅਤੇ ਪਾਸਪੋਰਟ ਉਸ ਕੋਲੋਂ ਲੈ ਲਿਆ। ਦੋਸ਼ੀਆਂ ਨੇ ਨਾ ਤਾਂ ਸਰਪੰਚ ਇੰਦਰਜੀਤ ਸਿੰਘ ਦੇ ਲੜਕੇ ਗੁਰਦਿਆਲ ਸਿੰਘ ਨੂੰ ਇਟਲੀ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ, ਜਿਸ 'ਤੇ ਮੁਕੇਰੀਆਂ ਪੁਲਸ ਨੇ ਉਕਤ ਟਰੈਵਲ ਏਜੰਟਾਂ ਵਿਰੁੱਧ ਧਾਰਾ 406, 420, 34 ਆਈ.ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਹੈ।