ਸਾਬਕਾ ਸਰਪੰਚ ਦੀ ਹੱਤਿਆ ਕਰਨ ਖਾਤਿਰ ਲਈ ਸੀ 50 ਲੱਖ ਦੀ ਸੁਪਾਰੀ, ਗੈਂਗ ਦੇ 4 ਮੈਂਬਰ ਚੜ੍ਹੇ ਪੁਲਸ ਦੇ ਹੱਥੇ

11/06/2017 6:50:37 PM

ਜੰਲਧਰ— ਇਥੋਂ ਦੀ ਪੁਲਸ ਦੇ ਹੱਥ ਉਸ ਸਮੇਂ ਵੱਡੀ ਸਫਲਤਾ ਲੱਗੀ ਜਦੋਂ ਮੋਗਾ ਦੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਸਰਪੰਚ ਹਰਭਜਨ ਸਿੰਘ ਦੀ ਹੱਤਿਆ ਲਈ 50 ਲੱਖ ਦੀ ਸੁਪਾਰੀ ਲੈਣ ਵਾਲੇ ਸੁਪਾਰੀ ਕੀਲਿੰਗ ਗੈਂਗ ਨੂੰ ਦਬੋਚ ਲਿਆ। ਪੁਲਸ ਨੇ ਫੜੇ ਗਏ ਦੋਸ਼ੀਆਂ ਕੋਲੋਂ ਇਕ ਪਿਸਤੌਲ, ਇਕ ਫੀਲਡ ਗਨ, 15 ਕਾਰਤੂਸ ਅਤੇ ਇਕ ਏਅਰ ਪਿਸਤੌਲ ਬਰਾਮਦ ਕੀਤੀ ਹੈ। ਦੋਸ਼ੀਆਂ ਦੀ ਪਛਾਣ ਮਕਸੂਦਾਂ ਦੇ ਨੰਗਲ ਸਲੇਮਪੁਰ ਦੇ ਰਹਿਣ ਵਾਲੇ ਰਣਜੀਤ ਸਿੰਘ ਉਰਫ ਰਾਣਾ, ਲਿੱਧੜਾਂ ਦੇ ਨਰਿੰਦਰ ਸਿੰਘ ਜੀਤ ਉਰਫ ਕਾਲੀ, ਬਟਾਲਾ ਦੇ ਅਵਤਾਰ ਸਿੰਘ ਅਤੇ ਮਕਸੂਦਾਂ ਦੇ ਨੰਗਲ ਸਰਾਏਪੁਰ ਦੇ ਸੁਖਵਿੰਦਰ ਉਰਫ ਸੁੱਖਾ ਦੇ ਰੂਪ 'ਚ ਹੋਈ ਹੈ। ਇਨ੍ਹਾਂ ਸਾਰਿਆਂ ਨੇ ਆਪਸ 'ਚ ਇਕ ਗਰੁੱਪ ਬਣਾਇਆ ਹੋਇਆ ਹੈ ਜੋਕਿ ਲੁੱਟਖੋਹਾਂ ਕਰਦੇ ਹਨ ਅਤੇ ਲੋਕਾਂ ਕੋਲੋਂ ਫਿਰੌਤੀ ਵਸੂਲਦੇ ਅਤੇ ਲੋਕਾਂ ਨੂੰ ਡਰਾਉਂਦੇ ਹਨ। 


ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਹਾਲੈਂਡ 'ਚ ਰਹਿੰਦੇ ਬਲਜਿੰਦਰ ਸਿੰਘ ਉਰਫ ਬੰਟੀ ਦੀ ਸਾਬਕਾ ਸਰਪੰਚ ਹਰਭਜਨ ਸਿੰਘ ਨਾਲ ਪੁਰਾਣੀ ਰੰਜਿਸ਼ ਚਲਦੀ ਆ ਰਹੀ ਹੈ। ਉਸ ਨੇ ਹਾਲੈਂਡ 'ਚ ਹੀ ਰਹਿੰਦੇ ਗੁਰਵਿੰਦਰ ਸਿੰਘ ਟੀਟੂ ਦੇ ਨਾਲ ਸੰਪਰਕ ਕੀਤਾ। ਬੰਟੀ ਨੇ ਟੀਟੂ ਨੂੰ 50 ਲੱਖ ਰੁਪਏ ਦੇ ਦਿੱਤੇ। ਟੀਟੂ ਨੇ ਜਲੰਧਰ 'ਚ ਰਣਜੀਤ ਰਾਣਾ ਅਤੇ ਉਸ ਦੀ ਗੈਂਗ ਨਾਲ ਸੰਪਰਕ ਕੀਤਾ। ਇਨ੍ਹਾਂ ਨੇ ਸਰਪੰਚ ਨੂੰ ਮਾਰਨ ਲਈ 3-4 ਵਾਰ ਰੇਕੀ ਵੀ ਕੀਤੀ। ਡੀ. ਸੀ. ਪੀ. ਨੇ ਦੱਸਿਆ ਕਿ ਏ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋ, ਏ. ਸੀ. ਪੀ. ਸਤਿੰਦਰ ਚੱਡਾ, ਇੰਸਪੈਕਟਰ ਬਿਮਲਕਾਂਤ ਬਲਬੀਰ ਸਿੰਘ ਨੇ ਮਿਲ ਕੇ ਇਨ੍ਹਾਂ ਚਾਰੇ ਦੋਸ਼ੀਆਂ ਨੂੰ ਫੜ ਲਿਆ। ਇਨ੍ਹਾਂ ਨੇ ਰਿਸ਼ੀਕੇਸ਼ 'ਚ ਰਹਿੰਦੇ ਗਗਨਦੀਪ ਸਿੰਘ ਨਾਂ ਦੇ ਨੌਜਵਾਨ ਨੂੰ ਮਾਰਨ ਲਈ 50 ਲੱਖ ਰੁਪਏ ਲਏ ਸਨ। ਹੁਣ ਇਹ ਵੀ ਪਤਾ ਲੱਗਾ ਹੈ ਕਿ ਡਰ ਦੇ ਮਾਰੇ ਗਗਨਦੀਪ ਹਾਲੈਂਡ ਛੱਡ ਕੇ ਕਿਸੇ ਹੋਰ ਦੇਸ਼ ਚਲਾ ਗਿਆ ਹੈ।