ਬੇਕਾਬੂ ਬੱਸ ਦਰੱਖਤ ਨਾਲ ਟਕਰਾਈ, 4 ਜ਼ਖ਼ਮੀ

03/29/2018 8:34:41 AM

ਕੋਟਕਪੂਰਾ/ਜੈਤੋ (ਨਰਿੰਦਰ, ਭਾਵਿਤ, ਜਿੰਦਲ) - ਬੀਤੀ ਰਾਤ ਸਥਾਨਕ ਜੈਤੋ ਰੋਡ 'ਤੇ ਇਕ ਨਿੱਜੀ ਕੰਪਨੀ ਦੀ ਬੱਸ ਬੇਕਾਬੂ ਹੋ ਕੇ ਦਰੱਖਤਾਂ ਨਾਲ ਟਕਰਾਅ ਗਈ, ਜਿਸ ਕਾਰਨ 2 ਔਰਤਾਂ ਸਮੇਤ 4 ਜਣੇ ਜ਼ਖ਼ਮੀ ਹੋ ਗਏੇ, ਜੋ ਕਿ ਇਲਾਜ ਅਧੀਨ ਹਨ।
ਜਾਣਕਾਰੀ ਅਨੁਸਾਰ ਇਕ ਨਿੱਜੀ ਕੰਪਨੀ ਦੀ ਬੱਸ ਬੀਤੀ ਰਾਤ ਜੈਤੋ ਤੋਂ ਕੋਟਕਪੂਰਾ ਵੱਲ ਆ ਰਹੀ ਸੀ ਕਿ ਪਿੰਡ ਰੋਮਾਣਾ ਅਲਬੇਲ ਸਿੰਘ ਨੇੜੇ 8:00 ਵਜੇ ਦੇ ਕਰੀਬ ਬੱਸ ਬੇਕਾਬੂ ਹੋ ਕੇ ਸੜਕ ਕੰਢੇ ਲੱਗੇ ਦਰੱਖਤਾਂ ਨਾਲ ਟਕਰਾਅ ਗਈ, ਜਿਸ ਕਾਰਨ ਬੱਸ 'ਚ ਸਵਾਰ ਸਿਮਰਨ ਵਾਸੀ ਕੋਟਕਪੂਰਾ, ਜਗਦੀਸ਼ ਕੁਮਾਰ ਵਾਸੀ ਤਰਨਤਾਰਨ, ਸੰਤੋਸ਼ ਵਾਸੀ ਤਰਨਤਾਰਨ ਅਤੇ ਇਕ ਹੋਰ ਅਣਪਛਾਤਾ ਵਿਅਕਤੀ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ ਨੂੰ ਨੌਜਵਾਨ ਵੈੱਲਫੇਅਰ ਸੋਸਾਇਟੀ ਦੀ ਐਂਬੂਲੈਂਸ ਰਾਹੀਂ ਮੈਂਬਰਾਂ ਵੱਲੋਂ ਇਲਾਜ ਲਈ ਕੋਟਕਪੂਰਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਜਾਂਚ ਅਧਿਕਾਰੀ ਹੌਲਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਹਾਦਸੇ 'ਚ ਬੱਸ ਦਾ ਕਾਫੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ।