ਗੈਂਗਸਟਰ ਟੀਨੂੰ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਲਾਰੈਂਸ ਤੇ ਗੋਲਡੀ ਬਰਾੜ ਗੈਂਗ ਨੇ ਲਿਖੀ ਸੀ ਫ਼ਰਾਰ ਹੋਣ ਦੀ ਸਕ੍ਰਿਪਟ

10/13/2022 1:07:19 PM

ਲੁਧਿਆਣਾ/ਮਾਨਸਾ(ਪੰਕਜ, ਸੰਦੀਪ ਮਿੱਤਲ) : ਸੀ. ਆਈ. ਏ. ਮਾਨਸਾ ਦੇ ਡਿਸਮਿਸ ਇੰਚਾਰਜ ਪ੍ਰਿਤਪਾਲ ਸਿੰਘ ਦੀ ਮਦਦ ਨਾਲ ਪੁਲਸ ਕਸਟਡੀ ਤੋਂ ਭੱਜਣ ਵਾਲੇ ਗੈਂਗਸਟਰ ਦੀਪਕ ਟੀਨੂ ਦੇ ਦੇਸ਼ ’ਚੋਂ ਫਰਾਰ ਹੋਣ ਵਿਚ ਕਾਮਯਾਬ ਹੋਣ ਦੀ ਖ਼ਬਰ ਹੈ। ਫਰਜ਼ੀ ਪਾਸਪੋਰਟ ਦੀ ਮਦਦ ਨਾਲ ਮਾਰੀਸ਼ਸ ਪੁੱਜ ਚੁੱਕਾ ਟੀਨੂੰ ਹੁਣ ਉੱਥੋਂ ਦੱਖਣੀ ਅਫਰੀਕਾ ਨਿਕਲਣ ਦੀ ਤਿਆਰੀ ਵਿਚ ਹੈ, ਜਿਸ ਨੂੰ ਦਬੋਚਣ ਲਈ ਪੁਲਸ ਹੁਣ ਉਸ ਪਾਸਪੋਰਟ ਦੀ ਪਛਾਣ ਕਰ ਕੇ ਮਾਰੀਸ਼ਸ ਸਰਕਾਰ ਨਾਲ ਸੰਪਰਕ ਸਾਧ ਰਹੀ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਦੋਂ ਤੀਜੀ ਵਾਰ ਪੁਲਸ ਨੇ ਟੀਨੂ ਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਈ ਸੀ, ਉਸੇ ਸਮੇਂ ਲਾਰੈਂਸ ਅਤੇ ਗੋਲਡੀ ਬਰਾੜ ਗੈਂਗ ਨੇ ਉਸ ਦੀ ਫਰਾਰੀ ਦੀ ਸਾਜ਼ਿਸ਼ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਦੇ ਲਈ ਸਭ ਤੋਂ ਪਹਿਲਾਂ ਪ੍ਰਿਤਪਾਲ ਨੂੰ ਟੀਨੂੰ ਨੇ ਭਰੋਸੇ ’ਚ ਲੈ ਕੇ ਹਥਿਆਰਾਂ ਅਤੇ ਕੈਸ਼ ਦੀ ਵੱਡੀ ਰਿਕਵਰੀ ਕਰਵਾ ਕੇ ਦੇਣ ਦਾ ਦਾਅਵਾ ਕੀਤਾ।

ਇਹ ਵੀ ਪੜ੍ਹੋ- ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਬੋਲੋ- ਸਿਆਸਤਦਾਨ ਤੋਂ ਜ਼ਿਆਦਾ ਮੈਂ ਖ਼ੁਦ ਨੂੰ ਸਮਾਜ ਸੇਵੀ ਮੰਨਦਾ ਹਾਂ

ਆਪਣੀ ਖੇਡ ’ਚ ਸਫ਼ਲ ਹੋਣ ’ਤੇ ਉਸ ਨੇ ਪੂਰੀ ਜਾਣਕਾਰੀ ਆਪਣੇ ਸਾਥੀਆਂ ਤੱਕ ਭੇਜੀ, ਜਿਨ੍ਹਾਂ ਨੇ ਉਸ ਦੀ ਫਰਾਰੀ ਤੋਂ ਲੈ ਕੇ ਵਿਦੇਸ਼ ਭੱਜਣ ਤੱਕ ਦੀ ਪੂਰੀ ਰੂਪ-ਰੇਖਾ ਤਿਆਰ ਕਰ ਕੇ ਉਸ ’ਤੇ ਕੰਮ ਸ਼ੁਰੂ ਕਰ ਦਿੱਤਾ। ਮਾਨਸਾ ਪੁਲਸ ਦੀ ਕਸਟਡੀ ’ਚੋਂ ਭੱਜਦੇ ਸਮੇਂ ਉਸ ਨੇ ਆਪਣੇ ਨਾਲ ਜਿਸ ਜਤਿੰਦਰ ਉਰਫ ਜੋਤੀ ਨਾਮੀ ਲੜਕੀ ਨੂੰ ਆਪਣੇ ਨਾਲ ਰੱਖਿਆ, ਉਹ ਇਕ ਬਿਊਟੀ ਪਾਰਲਰ ’ਚ ਕੰਮ ਕਰਦੀ ਸੀ ਅਤੇ ਉਸ ਦੇ ਇਸੇ ਹੁਨਰ ਦਾ ਫਾਇਦਾ ਉਠਾਉਣ ਦੀ ਸਾਜ਼ਿਸ਼ ਤਹਿਤ ਨਾ ਸਿਰਫ਼ ਉਸ ਨੂੰ ਆਪਣੇ ਨਾਲ ਰੱਖਿਆ, ਸਗੋਂ ਮਾਰੀਸ਼ਸ ਭਜਾਉਣ ਦੇ ਮਾਮਲੇ ’ਚ ਉਸ ਨੂੰ ਵੀ ਧੋਖੇ ਵਿਚ ਰੱਖਿਆ। ਜੋਤੀ ਨੇ ਟੀਨੂੰ ਦਾ ਹੁਲੀਆ ਬਦਲਣ ’ਚ ਅਹਿਮ ਭੂਮਿਕਾ ਨਿਭਾਈ ਅਤੇ ਉਹ ਦੇਸ਼ ਤੋਂ ਫਰਾਰ ਹੋਣ ’ਚ ਸਫ਼ਲ ਹੋ ਗਿਆ।

ਪੁਲਸ ਸੂਤਰਾਂ ਮੁਤਾਬਕ ਦੀਪਕ ਨੂੰ ਭਜਾਉਣ ਦੀ ਸਾਜ਼ਿਸ਼ ’ਚ ਵੱਖ-ਵੱਖ ਚਾਰ ਮਾਡਿਊਲ ਦੀ ਚੋਣ ਕੀਤੀ ਗਈ ਸੀ ਅਤੇ ਉਸ ਦੇ ਲਈ ਜ਼ਰੂਰੀ ਚੀਜ਼ਾਂ, ਖਾਸ ਕਰ ਕੇ ਕੱਪੜਿਆਂ ਦੀ ਖਰੀਦਦਾਰੀ ਲੁਧਿਆਣਾ ਦੇ ਇਕ ਵੱਡੇ ਸ਼ੋਅਰੂਮ ਤੋਂ ਕੀਤੀ ਗਈ ਸੀ। ਪਹਿਲਾਂ ਤੋਂ ਮਾਨਸਾ ਪੁਲਸ ਲਾਈਨ ਸਥਿਤ ਪ੍ਰਿਤਪਾਲ ਦੇ ਘਰ ਠਹਿਰੇ ਟੀਨੂੰ ਤਕ ਜੋਤੀ ਨੂੰ ਪਹੁੰਚਾਉਣ ਦਾ ਕੰਮ ਕਰਨ ਤੋਂ ਬਾਅਦ ਸਕੋਡਾ ਗੱਡੀ ’ਚ ਸਵਾਰ ਮੁਲਜਮ ਵਾਪਸ ਨਿਕਲ ਜਾਂਦੇ ਹਨ ਅਤੇ ਇਸੇ ਦੌਰਾਨ ਲਾਰੈਂਸ ਗੈਂਗ ਦੇ ਅੱਧਾ ਦਰਜਨ ਮੈਂਬਰ 2 ਗੱਡੀਆਂ ’ਚ ਹਥਿਆਰਾਂ ਨਾਲ ਪੁੱਜਦੇ ਹਨ ਅਤੇ ਮੌਕਾ ਮਿਲਦੇ ਹੀ ਉਹ ਟੀਨੂੰ ਅਤੇ ਜੋਤੀ ਨੂੰ ਲੈ ਕੇ ਉੱਥੋਂ ਫਰਾਰ ਹੋ ਜਾਂਦੇ ਹਨ। ਜੋ ਇਨ੍ਹਾਂ ਦੋਵਾਂ ਨੂੰ ਹਰਿਆਣਾ ਛੱਡ ਦਿੰਦੇ ਹਨ, ਜਿੱਥੋਂ ਅਗਲਾ ਮਾਡਿਊਲ ਉਨ੍ਹਾਂ ਨੂੰ 2 ਗੱਡੀਆਂ ਵਿਚ ਬਿਠਾ ਕੇ ਰਾਜਸਥਾਨ ਤੱਕ ਲੈ ਜਾਂਦਾ ਹੈ। ਇਥੇ ਦੋਵੇਂ ਇਕ ਕਿਰਾਏ ਦੀ ਗੱਡੀ ’ਤੇ ਸਵਾਰ ਹੋ ਕੇ ਸੜਕ ਰਸਤਿਓਂ ਹੀ ਮੁੰਬਈ ਪੁੱਜਦੇ ਹਨ, ਜਦੋਂਕਿ ਗੈਂਗਸਟਰਾਂ ਦੀ ਇਕ ਗੱਡੀ ਉਨ੍ਹਾਂ ਨੂੰ ਲਗਾਤਾਰ ਫਾਲੋ ਕਰਦੀ ਰਹਿੰਦੀ ਹੈ ਅਤੇ ਮੁੰਬਈ ਏਅਰਪੋਰਟ ਜਾਣ ’ਤੇ ਟੀਨੂੰ ਫਰਜ਼ੀ ਪਾਸਪੋਰਟ ਦੀ ਮਦਦ ਨਾਲ ਫਲਾਈਟ ਫੜ ਕੇ ਦੇਸ਼ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਜਾਂਦਾ ਹੈ।

ਇਹ ਵੀ ਪੜ੍ਹੋ- ਜਲੰਧਰ ਵਿਖੇ ਗੈਂਗਸਟਰ ਪ੍ਰੀਤ ਫਗਵਾੜਾ ਦੇ 3 ਸਾਥੀ ਵੱਡੀ ਮਾਤਰਾ ’ਚ ਅਸਲੇ ਸਣੇ ਗ੍ਰਿਫ਼ਤਾਰ

ਪੂਰੇ ਪੰਜਾਬ ਦੀ ਪੁਲਸ ਨੂੰ ਧੋਖਾ ਦੇਣ ’ਚ ਕਾਮਯਾਬ ਰਹੇ ਇਸ ਗੈਂਗ ਨੇ ਇਕ ਖ਼ਤਰਨਾਕ ਗੈਂਗਸਟਰ ਨੂੰ ਕਸਟਡੀ ’ਚੋਂ ਫਰਾਰ ਕਰਵਾਉਣ ਲਈ, ਚਾਲਾਕੀ ਨਾਲ 4 ਵੱਖ-ਵੱਖ ਮਾਡਿਊਲਾਂ ’ਚ ਸ਼ਾਮਲ 2 ਦਰਜਨ ਦੇ ਕਰੀਬ ਮੁਲਜ਼ਮਾਂ ਨੇ ਲਾਰੈਂਸ ਅਤੇ ਗੋਲਡੀ ਬਰਾੜ ਗੈਂਗ ਵੱਲੋਂ ਲਿਖੀ ਸਕ੍ਰਿਪਟ ’ਤੇ ਸਫ਼ਲਤਾ ਨਾਲ ਕੰਮ ਕੀਤਾ ਅਤੇ ਪੂਰੀ ਸਾਜ਼ਿਸ਼ ’ਚ ਕਾਮਯਾਬ ਵੀ ਹੋ ਗਏ। ਟੀਨੂ ਦੇ ਫਰਾਰ ਹੋਣ ਨਾਲ ਹੋਈ ਕਿਰਕਿਰੀ ਤੋਂ ਬਾਅਦ ਹਰਕਤ ’ਚ ਆਈ ਪੁਲਸ ਨੇ ਜੋਤੀ ਤੋਂ ਇਲਾਵਾ ਲੁਧਿਆਣਾ ’ਚ ਜਿੰਮ ਚਲਾਉਣ ਵਾਲੇ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਬੇਸ਼ੱਕ ਹਾਸਲ ਕਰ ਲਈ ਹੈ ਪਰ ਦੇਸ਼ ’ਚੋਂ ਫ਼ਰਾਰ ਹੋਣ ’ਚ ਕਾਮਯਾਬ ਰਹੇ ਟੀਨੂੰ ਨੂੰ ਵਾਪਸ ਲਿਆਉਣਾ ਚੁਣੌਤੀ ਤੋਂ ਘੱਟ ਨਹੀਂ ਹੈ, ਜਿਸ ਦੀਆਂ ਸੰਭਾਵਨਾਵਾਂ ਘੱਟ ਹੀ ਹੈ। ਹਾਲਾਂਕਿ ਪੁਲਸ ਅਤੇ ਸਰਕਾਰ ਟੀਨੂੰ ਵੱਲੋਂ ਬਣਾਈ ਫਰਜ਼ੀ ਪਛਾਣ ਦੀ ਸ਼ਨਾਖਤ ਕਰਨ ਤੋਂ ਬਾਅਦ ਮਾਰੀਸ਼ਸ ਸਰਕਾਰ ਨਾਲ ਸੰਪਰਕ ਸਾਧਣ ’ਚ ਜੁਟੀ ਹੋਈ ਹੈ ਪਰ ਜੇਕਰ ਟੀਨੂੰ ਸਾਊਥ ਅਫਰੀਕਾ ਨਿਕਲਣ ’ਚ ਸਫ਼ਲ ਹੋ ਜਾਂਦਾ ਹੈ ਤਾਂ ਫਿਰ ਉਸ ਨੂੰ ਵਾਪਸ ਦੇਸ਼ ਲਿਆਉਣਾ ਸੌਖਾ ਨਹੀਂ ਹੋਵੇਗਾ। ਐੱਸ. ਐੱਸ. ਪੀ. ਮਾਨਸਾ ਗੌਰਵ ਤੂਰਾ ਨੇ ਦੱਸਿਆ ਕਿ ਪੁਲਸ ਇਸ ਮਾਮਲੇ ਵਿਚ ਸਾਰੇ ਪਹਿਲੂਆਂ ’ਤੇ ਗੰਭੀਰਤਾ ਨਾਲ ਜਾਂਚ ਪੜਤਾਲ ਕਰ ਰਹੀ ਹੈ। ਸਮਾਂ ਆਉਣ ’ਤੇ ਇਸ ਦਾ ਖ਼ੁਲਾਸਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੈਂਗਸਟਰ ਟੀਨੂੰ ਨੂੰ ਭਜਾਉਣ ਵਾਲੇ ਮਦਦ ਕਰਨ ਵਾਲੇ ਕਿਸੇ ਵੀ ਪੁਲਸ ਅਧਿਕਾਰੀ, ਮੁਲਾਜ਼ਮ ਜਾਂ ਗੈਂਗਸਟਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਬਲਕਿ ਭੱਜਿਆ ਗੈਂਗਸਟਰ ਦੀਪਕ ਟੀਨੂੰ ਵੀ ਜਲਦ ਪੁਲਸ ਦੀ ਗ੍ਰਿਫ਼ਤ ਵਿਚ ਹੋਵੇਗਾ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto