ਚੋਰੀ ਦੀ ਕਾਰ ਤੇ ਹੋਰ ਸਾਮਾਨ ਸਣੇ 4 ਕਾਬੂ

09/09/2017 7:52:40 AM

ਕਪੂਰਥਲਾ, (ਭੂਸ਼ਣ)- ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ 2 ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਦੇ ਦੌਰਾਨ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਚੋਰੀ ਦੀ ਕਾਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਗ੍ਰਿਫਤਾਰ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। 
ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਹਰਗੁਰਦੇਵ ਸਿੰਘ ਨੇ ਸੁਭਾਨਪੁਰ ਮਾਰਗ 'ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਜਦੋਂ ਇਕ ਮਾਰੂਤੀ ਕਾਰ ਨੂੰ ਰੋਕ ਕੇ ਉਸਦੇ ਕਾਗਜ਼ਾਤ ਦੀ ਜਾਂਚ ਕੀਤੀ ਗਈ ਤਾਂ ਕਾਰ ਚੋਰੀ ਦੀ ਨਿਕਲੀ।  
ਪੁੱਛਗਿਛ ਦੇ ਦੌਰਾਨ ਕਾਰ ਵਿਚ ਸਵਾਰ ਮੁਲਜ਼ਮ ਨੇ ਆਪਣਾ ਨਾਮ ਜੋਗਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਨਿਵਾਸੀ ਪਿੰਡ ਡੋਗਰਾਂਵਾਲ ਦੱਸਿਆ। ਮੁਲਜ਼ਮ ਨੇ ਖੁਲਾਸਾ ਕੀਤਾ ਕਿ ਬਰਾਮਦ ਕਾਰ ਉਸ ਨੇ ਹਮੀਰਾ ਦੇ ਨਜ਼ਦੀਕ ਤੋਂ ਚੋਰੀ ਕੀਤੀ ਹੈ। ਮੁਲਜ਼ਮ ਨੂੰ ਅਦਾਲਤ ਨੇ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। 
ਦੂਜੇ ਪਾਸੇ ਕੋਤਵਾਲੀ ਪੁਲਸ ਨੇ ਪਿੰਡ ਬਹੂਈ ਵਿਚ ਇਕ ਟਰੈਕਟਰ ਵਰਕਸ਼ਾਪ ਤੇ ਇਕ ਟਰੈਕਟਰ ਏਜੰਸੀ ਤੋਂ ਏ. ਸੀ. , ਸਿਲੰਡਰ ਅਤੇ ਹੋਰ ਸਾਮਾਨ ਚੋਰੀ ਕਰਨ ਦਾ ਮਾਮਲਾ ਸੁਲਝਾਉਂਦੇ ਹੋਏ 3 ਮੁਲਜ਼ਮਾਂ ਵਰਿੰਦਰ ਉਰਫ ਮੋਟਾ ਪੁੱਤਰ ਬੀਰਾ ਸਿੰਘ ਨਿਵਾਸੀ ਸ਼ਿਵ ਕਾਲੋਨੀ ਕਪੂਰਥਲਾ, ਮਨਮੀਤ ਸਿੰਘ ਪੁੱਤਰ ਸੰਨੀ ਪੁੱਤਰ ਹਰਦੀਪ ਸਿੰਘ ਨਿਵਾਸੀ ਮੁਹੱਲਾ ਸੰਤਪੁਰਾ ਤੇ ਸ਼ੁਭਮ ਸ਼ਰਮਾ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਸੰਤਪੁਰਾ ਕਪੂਰਥਲਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਚੋਰੀ ਦੇ ਸਿਲੰਡਰ ਅਤੇ ਏ. ਸੀ. ਬਰਾਮਦ ਕਰ ਲਿਆ ।