ਬੈਂਕਾਂ ਦੇ ਸਟ੍ਰਾਂਗ ਰੂਮਜ਼ ''ਚੋਂ ਕੈਸ਼ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ 4 ਮੈਂਬਰ ਗ੍ਰਿਫ਼ਤਾਰ

11/27/2022 3:07:26 AM

ਕਪੂਰਥਲਾ (ਭੂਸ਼ਣ, ਮਹਾਜਨ, ਓਬਰਾਏ) : ਜ਼ਿਲ੍ਹਾ ਪੁਲਸ ਨੇ 28-29 ਸਤੰਬਰ ਦੀ ਰਾਤ ਨੂੰ ਪਿੰਡ ਭਵਾਨੀਪੁਰ ’ਚ ਐਕਸਿਸ ਬੈਂਕ ’ਚ ਹੋਈ 38 ਲੱਖ ਰੁਪਏ ਦੀ ਚੋਰੀ ਦੇ ਮਾਮਲੇ ਨੂੰ ਸੁਲਝਾਉਂਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ 3.10 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ, ਉੱਥੇ ਹੀ ਮਾਮਲੇ ’ਚ ਸ਼ਾਮਲ ਬਾਕੀ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਦਾ ਦੌਰ ਜਾਰੀ ਹੈ।

ਇਹ ਵੀ ਪੜ੍ਹੋ : ਘਰ ਅੰਦਰ ਵੜ ਕਾਰ 'ਤੇ ਚੜ੍ਹਾ 'ਤਾ ਟਰੈਕਟਰ, ਕੱਢੀਆਂ ਗਾਲ੍ਹਾਂ, ਪੀੜਤ ਨੇ ਕੀਤੀ ਇਹ ਮੰਗ

ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਬੀਤੀ 29 ਸਤੰਬਰ ਨੂੰ ਮਨੀਸ਼ ਕੁਮਾਰ ਪੁੱਤਰ ਬਲਰਾਮ ਸ਼ਰਮਾ ਵਾਸੀ ਪਿੰਡ ਕਰੀਦਾ ਜ਼ਿਲ੍ਹਾ ਚੰਬਾ ਹਿਮਾਚਲ ਪ੍ਰਦੇਸ਼ ਹਾਲ ਮੈਨੇਜਰ ਐਕਸਿਸ ਬੈਂਕ ਭਵਾਨੀਪੁਰ ਨੇ ਕੰਟਰੋਲ ਰੂਮ ਨੂੰ ਦਿੱਤੀ ਆਪਣੀ ਸੂਚਨਾ ’ਚ ਦੱਸਿਆ ਸੀ ਕਿ 28 ਸਤੰਬਰ ਨੂੰ ਉਹ ਬੈਂਕ ਬੰਦ ਕਰਕੇ ਚਲਾ ਗਿਆ ਸੀ। ਇਸੇ ਦੌਰਾਨ ਸਵੇਰੇ ਜਦੋਂ ਬੈਂਕ ਖੋਲ੍ਹਿਆ ਤਾਂ ਪਤਾ ਲੱਗਾ ਕਿ ਅਣਪਛਾਤੇ ਮੁਲਜ਼ਮਾਂ ਨੇ ਬੈਂਕ ਦੀ ਪਿਛਲੀ ਕੰਧ ਨੂੰ ਤੋੜ ਕੇ ਅੰਦਰ ਦਾਖਲ ਹੋ ਕੇ ਸਟ੍ਰਾਂਗ ਰੂਮ ’ਚ ਪਈ ਅਲਮਾਰੀ ਨੂੰ ਕੱਟ ਕੇ ਕਰੀਬ 38 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ। ਇਸ ਸਬੰਧੀ ਥਾਣਾ ਫੱਤੂਢੀਂਗਾ ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਸੀ, ਜਿਸ ਦੇ ਆਧਾਰ ’ਤੇ ਜਦੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਸਾਰੇ ਮੁਲਜ਼ਮ ਨਕਾਬਪੋਸ਼ ਨਿਕਲੇ।

ਇਹ ਵੀ ਪੜ੍ਹੋ : ਘਰ ’ਚ ਵੜ ਲੁਟੇਰੇ ਬੋਲੇ, ‘‘ਅਸੀਂ ਸਿੱਧੂ ਮੂਸੇਵਾਲਾ ਨਹੀਂ ਛੱਡਿਆ, ਤੁਸੀਂ ਕੀ ਚੀਜ਼ ਹੋ’’

ਐੱਸ. ਐੱਸ. ਪੀ. ਕਪੂਰਥਲਾ ਨੇ ਦੱਸਿਆ ਕਿ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸ. ਪੀ. (ਡੀ) ਹਰਵਿੰਦਰ ਸਿੰਘ ਦੀ ਨਿਗਰਾਨੀ ’ਚ ਇਕ ਵਿਸ਼ੇਸ਼ ਟੀਮ ਜਿਸ ਵਿੱਚ ਡੀ. ਐੱਸ. ਪੀ. (ਡੀ) ਬਰਜਿੰਦਰ ਸਿੰਘ, ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ, ਐੱਸ. ਐੱਚ. ਓ. ਫੱਤੂਢੀਂਗਾ ਇੰਸਪੈਕਟਰ ਮਨਦੀਪ ਕੌਰ ਤੇ ਟੈਕਨੀਕਲ ਸੈੱਲ ਕਪੂਰਥਲਾ ਦੇ ਇੰਚਾਰਜ ਚਰਨਜੀਤ ਸਿੰਘ ਨੂੰ ਸ਼ਾਮਲ ਕਰਕੇ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਮਹਿੰਗਾ ਹੋ ਸਕਦੈ ਰੇਲ ਸਫ਼ਰ ਦੌਰਾਨ ਖਾਣਾ-ਪੀਣਾ, ਵਿਭਾਗ ਵੱਲੋਂ ਰੇਟ ਵਧਾਉਣ ਦੀ ਤਿਆਰੀ

ਪੂਰੀ ਟੀਮ ਨੇ ਕਈ ਦਿਨਾਂ ਦੀ ਲੰਬੀ ਮਿਹਨਤ ਤੋਂ ਬਾਅਦ ਤਕਨੀਕੀ ਤੌਰ ’ਤੇ ਕੰਮ ਕਰਦਿਆਂ 6 ਮੁਲਜ਼ਮਾਂ ਦੀ ਪਛਾਣ ਕੀਤੀ, ਜਿਨ੍ਹਾਂ ਦੇ ਨਾਵਾਂ ਦਾ ਖੁਲਾਸਾ ਰਣਜੀਤ ਕੁਮਾਰ ਬਿੰਦ ਪੁੱਤਰ ਸਰਜੁਗ ਬਿੰਦ ਵਾਸੀ ਨਾਰਗਪੁਰ ਜ਼ਿਲ੍ਹਾ ਭਾਗਲਪੁਰ ਬਿਹਾਰ, ਕੈਲਾਸ਼ ਬਿੰਦ ਪੁੱਤਰ ਪੁਨੀਤ ਬਿੰਦ ਵਾਸੀ ਪਿੰਡ ਬਹੂਈ ਜ਼ਿਲ੍ਹਾ ਮੁੰਗੇਰ ਬਿਹਾਰ, ਗਜਾਨੰਦ ਪੁੱਤਰ ਰਜਿੰਦਰ ਬਿੰਦ ਵਾਸੀ ਪਿੰਡ ਬਹੂਈ ਜ਼ਿਲ੍ਹਾ ਮੁੰਗੇਰ ਬਿਹਾਰ, ਰਾਜਾ ਕੁਮਾਰ ਪੁੱਤਰ ਪਰਸ਼ੂਰਾਮ ਵਾਸੀ ਪਿੰਡ ਬਹੂਈ ਜ਼ਿਲ੍ਹਾ ਮੁੰਗੇਰ ਬਿਹਾਰ, ਰਾਮੀ ਬਿੰਦ ਪੁੱਤਰ ਬਲਵਨ ਬਿੰਦ ਵਾਸੀ ਪਿੰਡ ਪਰਸ਼ੋਤਮਪੁਰ ਜ਼ਿਲ੍ਹਾ ਮੁੰਗੇਰ ਬਿਹਾਰ ਤੇ ਮੁਖੇਸ਼ ਬਿੰਦ ਪੁੱਤਰ ਬਹਾਦਰ ਬਿੰਦ ਵਾਸੀ ਪਿੰਡ ਬਹੂਈ ਜ਼ਿਲ੍ਹਾ ਮੁੰਗੇਰ ਬਿਹਾਰ ਦੇ ਰੂਪ ’ਚ ਹੋਇਆ। ਪੁਲਸ ਟੀਮ ਨੇ ਚਾਰੇ ਮੁਲਜ਼ਮਾਂ ਰਣਜੀਤ ਕੁਮਾਰ ਬਿੰਦ, ਕੈਲਾਸ਼ ਬਿੰਦ, ਗਜਾਨੰਦ ਤੇ ਰਾਜਾ ਕੁਮਾਰ ਨੂੰ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ 3.10 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ, ਜਦਕਿ ਰਾਮੀ ਬਿੰਦ ਤੇ ਮੁਖੇਸ਼ ਬਿੰਦ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

ਇਹ ਵੀ ਪੜ੍ਹੋ : ਸਾਈਬਰ ਠੱਗ ਨੇ ਬਣਾਇਆ ਵਿਧਾਇਕ ਦੇ ਭਰਾ ਦਾ ਜਾਅਲੀ ਅਕਾਊਂਟ, ਪਰਦਾਫਾਸ਼ ਹੋਇਆ ਤਾਂ...

ਇਸੇ ਗਿਰੋਹ ਨੇ ਨੂਰਮਹਿਲ ਸਥਿਤ ਐਕਸਿਸ ਬੈਂਕ ’ਚ ਵੀ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ : ਐੱਸ. ਐੱਸ. ਪੀ.

ਐੱਸ. ਐੱਸ. ਪੀ. ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਗਿਰੋਹ ਨੇ ਦੇਸ਼ ਦੇ ਕਈ ਸੂਬਿਆਂ ’ਚ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਇਸ ਗਿਰੋਹ ਨੇ ਜ਼ਿਲ੍ਹਾ ਜਲੰਧਰ ਦੇ ਨੂਰਮਹਿਲ ਖੇਤਰ ’ਚ ਵੀ ਐਕਸਿਸ ਬੈਂਕ ’ਚ ਚੋਰੀ ਦੀ ਵਾਰਦਾਤ ਕਰਨ ਦਾ ਖੁਲਾਸਾ ਕੀਤਾ ਹੈ, ਜਿਸ ਨੂੰ ਲੈ ਕੇ ਬੀਤੀ 12 ਸਤੰਬਰ ਨੂੰ ਥਾਣਾ ਨੂਰਮਹਿਲ ਪੁਲਸ ਨੇ ਮਾਮਲਾ ਦਰਜ ਕੀਤਾ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਗਿਰੋਹ ਦੇ ਫਰਾਰ ਮੈਂਬਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ, ਜਿਸ ਨੂੰ ਲੈ ਕੇ ਪੁਲਸ ਟੀਮਾਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਰਹੀਆਂ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh