ਪੁਲਸ ਹਿਰਾਸਤ ’ਚੋਂ 4 ਮੁਲਜ਼ਮ ਫਰਾਰ, 3 ਪੁਲਸ ਅਧਿਕਾਰੀ ਸਸਪੈਂਡ

04/05/2021 10:29:11 PM

ਗੁਰਦਾਸਪੁਰ (ਹਰਮਨ) - ਦੋ ਦਿਨ ਪਹਿਲਾਂ ਗੁਰਦਾਸਪੁਰ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਲੁੱਟਾਂ-ਖੋਹਾਂ ਕਰਨ ਵਾਲੇ 3 ਮੁਲਜ਼ਮ ਅੱਜ ਪੁਲਸ ਹਿਰਾਸਤ ’ਚੋਂ ਫਰਾਰ ਹੋ ਗਏ ਹਨ। ਇਸ ਤਹਿਤ ਐੱਸ. ਐੱਸ. ਪੀ. ਗੁਰਦਾਸਪੁਰ ਡਾ. ਨਾਨਕ ਸਿੰਘ ਦੇ ਨਿਰਦੇਸ਼ਾਂ ’ਤੇ ਪੁਲਸ ਨੇ ਮੁਲਜ਼ਮਾਂ ਖਿਲਾਫ ਥਾਣਾ ਸਿਟੀ ਗੁਰਦਾਸਪੁਰ ’ਚ ਇਕ ਹੋਰ ਮਾਮਲਾ ਦਰਜ ਕਰ ਦਿੱਤਾ ਅਤੇ ਨਾਲ ਹੀ ਪੁਲਸ ਮੁਖੀ ਨੇ ਇਕ ਸਬ-ਇੰਸਪੈਕਟਰ ਅਤੇ ਦੋ ਸਹਾਇਕ ਸਬ-ਇੰਸਪੈਕਟਰਾਂ ਨੂੰ ਮੁਅੱਤਲ ਕਰ ਦਿੱਤਾ ਹੈ।

ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਦੋ-ਪੱਖੀ ਸਬੰਧਾਂ ਦੀ ਬਹਾਲੀ ਚਾਹੁੰਦੈ ਪਾਕਿ ਹਾਕੀ ਮਹਾਸੰਘ


ਐੱਸ. ਪੀ. ਡੀ. ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਕ ਅਪ੍ਰੈਲ ਨੂੰ ਲਖਵਿੰਦਰ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਕਾਦੀਆਂਵਾਲੀ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਭਿਖਾਰੀਵਾਲ ਤੋਂ ਪਿੰਡ ਕਾਦੀਆਂਵਾਲੀ ਸੂਏ ਦੇ ਰਸਤੇ ਜਾ ਰਿਹਾ ਸੀ। ਰਸਤੇ ’ਚ ਅਚਾਨਕ ਰਵੀ ਮੱਟੂ ਅਤੇ ਸੁਨੀਲ ਮੱਟੂ ਪੁੱਤਰ ਮਾਰਕਸਵਾਸੀ ਮਸਤਕੋਟ ਅਤੇ ਮਨਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਹਕੀਮਪੁਰ ਨੇ ਉਸ ਨੂੰ ਰੋਕ ਕੇ ਉਸ ਦੀ ਸਕੂਟਰੀ, 6200 ਰੁਪਏ ਨਕਦ ਅਤੇ ਮੋਬਾਇਲ ਖੋਹ ਲਿਆ, ਜਿਨ੍ਹਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ।

ਇਹ ਖ਼ਬਰ ਪੜ੍ਹੋ- ਕਿਸਾਨਾਂ, ਨੌਜਵਾਨਾਂ ਤੇ ਕਮਜ਼ੋਰ ਵਰਗਾਂ ਲਈ ਕੋਈ ਇਕ ਕੰਮ ਗਿਣਵਾਏ ਕੈਪਟਨ: ਸੁਖਬੀਰ ਬਾਦਲ


ਸੰਧੂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜੇਲ ਭੇਜਣ ਤੋਂ ਪਹਿਲਾਂ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਜਾਂਦਾ ਹੈ ਅਤੇ ਜਿੰਨੀ ਦੇਰ ਰਿਪੋਰਟ ਨਹੀਂ ਆ ਜਾਂਦੀ ਓਨੀ ਦੇਰ ਉਨ੍ਹਾਂ ਨੂੰ ਪੁਰਾਣੇ ਐੱਸ. ਐੱਸ. ਪੀ. ਵਾਲੇ ਦਫ਼ਤਰ ’ਚ ਬਣਾਈ ਹਵਾਲਾਤ ’ਚ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਰਵੀ ਮੱਟੂ, ਸੁਨੀਲ ਮੱਟੂ ਅਤੇ ਮਨਦੀਪ ਸਿੰਘ ਨੂੰ ਵੀ ਇਸੇ ਹਵਾਲਾਤ ’ਚ ਰੱਖਿਆ ਗਿਆ ਸੀ ਕਿਉਂਕਿ ਅਜੇ ਤੱਕ ਇਨ੍ਹਾਂ ਦੀ ਕੋਰੋਨਾ ਨਾਲ ਸਬੰਧਤ ਰਿਪੋਰਟ ਨਹੀਂ ਆਈ ਸੀ। ਇਸ ਹਵਾਲਾਤ ’ਚ ਸਪੈਸ਼ਲ ਗਾਰਦ ਤਾਇਨਾਤ ਕੀਤੀ ਗਈ ਪਰ ਫਿਰ ਵੀ ਮੁਲਜ਼ਮ ਪੁਲਸ ਨੂੰ ਚਕਮਾ ਦੇ ਕੇ ਰਾਤ ਨੂੰ ਫਰਾਰ ਹੋ ਗਏ। ਇਸ ਸਬੰਧੀ ਪਤਾ ਲੱਗਦੇ ਹੀ ਪੁਲਸ ਨੇ ਥਾਣਾ ਸਿਟੀ ਗੁਰਦਾਸਪੁਰ ’ਚ ਮੁਲਜ਼ਮਾਂ ਖਿਲਾਫ ਇਕ ਹੋਰ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਗਾਰਦ ਦੇ ਇੰਚਾਰਜ ਸਬ-ਇੰਸਪੈਕਟਰ ਸੁਖਜਿੰਦਰ ਸਿੰਘ ਅਤੇ ਡਿਊਟੀ ’ਤੇ ਤਾਇਨਾਤ ਏ. ਐੱਸ. ਆਈ. ਜਸਪਾਲ ਸਿੰਘ ਅਤੇ ਏ. ਐੱਸ. ਆਈ. ਬਲਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਫਰਾਰ ਹੋਏ ਦੋਸ਼ੀਆਂ ਦੀ ਭਾਲ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh