ਕਰਤਾਰਪੁਰ ਵਿਖੇ ਗ਼ਰੀਬਾਂ ਦੇ ਸੜੇ ਆਸ਼ੀਆਨੇ, 38 ਮਜ਼ਦੂਰਾਂ ਦੀਆਂ ਝੁੱਗੀਆਂ ਸੜ ਕੇ ਹੋਈਆਂ ਸੁਆਹ

06/26/2022 11:35:29 AM

ਕਰਤਾਰਪੁਰ (ਸਾਹਨੀ)- ਕਰਤਾਰਪੁਰ ਤੋਂ ਕਪੂਰਥਲਾ ਰੋਡ ਉੱਤੇ ਪਿੰਡ ਦਿੱਤੂਨੰਗਲ ਵਿਖੇ ਸੜਕ ਕਿਨਾਰੇ ਵਸੀਆਂ ਵੱਡੀ ਗਿਣਤੀ ਵਿਚ ਝੁੱਗੀਆਂ ਵਿਚੋਂ 38 ਝੁੱਗੀਆਂ ਅੱਗ ਦੀ ਲਪੇਟ ’ਚ ਆਉਣ ਨਾਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਇਸ ਅੱਗ ਨੇ 38 ਮਜ਼ਦੂਰ ਪਰਿਵਾਰਾਂ ਦੇ 150 ਤੋਂ ਵੱਧ ਮੈਂਬਰਾਂ, ਜਿਨ੍ਹਾਂ ਵਿਚ ਬਜ਼ੁਰਗ ਬੱਚੇ, ਔਰਤਾਂ, ਮਰਦਾਂ ਸਮੇਤ ਦੁਧਾਰੂ ਪਸ਼ੂਆਂ ਦੇ ਸਿਰਾਂ ਤੋਂ ਇਸ ਵਰਦੀ ਗਰਮੀ ’ਚ ਭਾਵੇਂ ਕੱਚੀ ਹੀ ਸਹੀ, ਛੱਤ ਖੋਹ ਕੇ ਇਨ੍ਹਾਂ ਨੂੰ ਘਰੋਂ ਬੇਘਰ ਕਰ ਦਿੱਤਾ। ਮੌਕੇ ’ਤੇ ਪੀੜਤ ਮਜ਼ਦੂਰਾਂ ਅਨੰਦੀ ਸਿੰਘ, ਦਵਿੰਦਰ, ਰਮਨ ਮੇਹਿਤੋ ਅਤੇ ਹੋਰਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਝੋਨੇ ਦੀ ਲਵਾਈ ਕਰਨ ਗਏ ਹੋਏ ਸਨ। 

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਤੋਂ ਵੱਡੀ ਖ਼ਬਰ: ਨਹਾਉਂਦੇ ਸਮੇਂ 3 ਸਾਲ ਦਾ ਬੱਚਾ ਪਾਣੀ ਦੀ ਪਾਈਪ ਲਾਈਨ 'ਚ ਫਸਿਆ

ਦੁਪਹਿਰ ਵੇਲੇ ਖ਼ਬਰ ਮਿਲੀ ਕਿ ਝੁੱਗੀਆਂ ਨੂੰ ਅੱਗ ਲੱਗ ਗਈ ਹੈ ਤਾਂ ਉਹ ਤੁਰੰਤ ਮੌਕੇ ’ਤੇ ਆਏ। ਅੱਗ ਕਿਵੇਂ ਲੱਗੀ, ਇਸ ਬਾਰੇ ਦੱਸਣਾ ਮੁਸ਼ਕਿਲ ਹੈ। ਮੌਕੇ ’ਤੇ ਕੁਝ ਨੇੜੇ ਦੇ ਲੋਕਾਂ ਨੇ ਹਿੰਮਤ ਕਰਕੇ ਚਾਰ ਨਾਬਾਲਗ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢੇ ਜਾਣ ਦੀ ਵੀ ਗੱਲ ਦੱਸੀ। ਪੀੜਤ ਮਜ਼ਦੂਰਾਂ ਨੇ ਦੱਸਿਆ ਕਿ ਝੁੱਗੀਆਂ ’ਚ ਪਈ ਕਈ ਕੁਵਿੰਟਲ ਕਣਕ, ਚਾਵਲ, ਮੱਕੀ ਅਤੇ ਹੋਰ ਰਾਸ਼ਨ, ਕੱਪੜੇ, ਭਾਂਡੇ, ਮਜ਼ਦੂਰਾਂ ਦੇ ਮਹਿਨਤ ਦੇ ਇੱਕਠੇ ਕੀਤੇ ਹਜ਼ਾਰਾਂ ਰੁਪਏ ਦੀ ਨਕਦੀ, 35 ਦੇ ਕਰੀਬ ਸੋਲਰ, ਬੈਟਰੀਆਂ, ਸਿਲਾਈ ਮਸ਼ੀਨਾਂ, 9 ਸਾਈਕਲ, ਹੱਥ-ਰੇਹੜੀਆਂ, ਦੋ ਮੋਟਰਸਾਈਕਲਾਂ ਅਤੇ ਹੋਰ ਜ਼ਰੂਰੀ ਕਾਗਜ਼ਾਤ ਅਤੇ ਸਾਮਾਨ ਆਦਿ ਮਿੰਟਾਂ ’ਚ ਹੀ ਸੜ ਗਏ। ਇਸ ਦੌਰਾਨ ਅੱਗ ਤੋਂ ਬਾਅਦ ਸੜ ਚੁੱਕੇ ਘਰਾਂ ਚੋਂ ਮਜ਼ਦੂਰ ਪਰਿਵਾਰਾਂ ਦੇ ਲੋਕ ਕੁੱਝ ਬਚੇ ਸਾਮਾਨ ਦੀ ਤਲਾਸ਼ ਕਰਦੇ ਨਜ਼ਰ ਆਏ। ਮੌਕੇ ’ਤੇ ਪੁੱਜੀ ਫਾਇਰ ਬ੍ਰਿਗੇਡ ਦੀ ਗੱਡੀ ਵਲੋਂ ਅੱਗ ’ਤੇ ਕਾਬੂ ਪਾਇਆ ਗਿਆ। ਹਲਕਾ ਵਿਧਾਇਕ ਬਲਕਾਰ ਸਿੰਘ ਨੇ ਮੌਕੇ ’ਤੇ ਪੁੱਜ ਕੇ ਪਰਿਵਾਰਾਂ ਨੂੰ ਰਾਸ਼ਨ ਵੰਡਿਆਂ- ਇਸ ਦੌਰਾਨ ਹਲਕਾ ਵਿਧਾਇਕ ਬਲਕਾਰ ਸਿੰਘ ਸ਼ਾਮ ਕਰੀਬ 5 ਵਜੇ ਘਟਨਾ ਸਥਲ ’ਤੇ ਪੁੱਜੇ ਅਤੇ ਪੀੜਤ ਮਜ਼ਦੂਰ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। 

ਇਹ ਵੀ ਪੜ੍ਹੋ: ਮਾਨ ਸਰਕਾਰ ਦੇ 100 ਦਿਨ ਪੂਰੇ, ਜਾਣੋ ਹੁਣ ਤੱਕ CM ਭਗਵੰਤ ਮਾਨ ਵੱਲੋਂ ਲਏ ਗਏ ਫ਼ੈਸਲਿਆਂ ਬਾਰੇ

ਉਨ੍ਹਾਂ ਇਸ ਮੌਕੇ ਪ੍ਰਸ਼ਾਸਨ ਵਲੋਂ ਬਣਾਏ ਰਾਸ਼ਨ ਦੇ ਪੈਕਟ, ਜਿਸ ਵਿਚ ਆਟਾ, ਚਾਵਲ, ਦਾਲਾਂ, ਸਮਾਲੇ, ਆਦਿ ਹੋਰ ਖਾਣ-ਪੀਣ ਦਾ ਸਾਮਾਨ ਅਤੇ ਤਰਪਾਲ ਵੀ ਸ਼ਾਮਲ ਸੀ, ਪੀੜਤ 38 ਪਰਿਵਾਰਾਂ ਨੂੰ ਵੰਡਿਆਂ ਗਿਆ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੂੰ ਅਗਾਂਹ ਵੀ ਹੋਰ ਕਿਸੇ ਵੀ ਤਰ੍ਹਾਂ ਦੇ ਸਹਿਯੋਗ ਲਈ ਉਹ ਸਰਕਾਰ ਅਤੇ ਪ੍ਰਸ਼ਾਸਨ ਰਾਹੀਂ ਮਦਦ ਕਰਨ ਦਾ ਯਤਨ ਕਰਨਗੇ। 


ਇਸ ਮੌਕੇ ਵਿਧਾਇਕ ਬਲਕਾਰ ਸਿੰਘ ਨਾਲ ਉਨ੍ਹਾਂ ਦੀ ਧਰਮ ਪਤਨੀ ਬੀਬੀ ਹਰਪ੍ਰੀਤ ਕੌਰ ਨਾਇਬ ਤਹਿਸੀਲਦਾਰ ਵਿਜੇ ਕੁਮਾਰ ਅਹੀਰ, ‘ਆਪ’ ਆਗੂ ਵਰੂਣ ਬਾਵਾ, ਕੌਂਸਲਰ ਸੁਰਿੰਦਰ ਪਾਲ, ਗੁਰਪਾਲ ਸਿੰਘ ਪਾਲਾ, ਹਰਵਿੰਦਰ ਸਿੰਘ, ਲੱਬਾ ਰਾਮ, ਬਲਵਿੰਦਰ ਗੋਲਡੀ, ਜਸਵਿੰਦਰ ਬਬਲਾ ਆਦਿ ਵੀ ਸ਼ਾਮਲ ਸਨ। ਮੌਕੇ ’ਤੇ ਪੁੱਜੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਵੀ ਪੀੜਤ ਮਜ਼ਦੂਰਾਂ ਨਾਲ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ 75 ਸਾਲਾਂ ਦੀ ਕਥਿਤ ਅਜ਼ਾਦੀ ਦੇ ਬਾਅਦ ਵੀ ਸਮੇਂ ਦੀਆਂ ਸਰਕਾਰਾਂ ਰੋਟੀ, ਕੱਪੜਾ ਅਤੇ ਮਕਾਨ ਸਮੇਤ ਪੀਣ ਵਾਲਾ ਸਾਫ ਪਾਣੀ ਅਤੇ ਸਿਹਤ ਸਹੂਲਤਾਂ ਵਰਗੀਆਂ ਬੁਨਿਆਦੀ ਲੋੜਾਂ ਤੱਕ ਆਮ ਲੋਕਾਂ ਨੂੰ ਮੁਹੱਈਆ ਨਹੀਂ ਕਰਵਾ ਸਕੀਆਂ। ਬੇਘਰੇ ਅਤੇ ਬੇਜ਼ਮੀਨੇ ਕਿਰਤੀ ਲੋਕ ਝੁੱਗੀ ਝੌਪੜੀਆਂ ’ਚ ਦਿਨ ਕਟੀ ਕਰਨ ਲਈ ਮਜ਼ਬੂਰ ਹਨ। ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਦੇ ਮੁੜ ਵਸੇਬੇ ਦਾ ਤੁਰੰਤ ਪ੍ਰਬੰਧ ਕਰਦੇ ਹੋਏ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਬੇਘਰੇ ਤੇ ਬੇਜ਼ਮੀਨੇ ਕਿਰਤੀ ਲੋਕਾਂ ਨੂੰ ਰਿਹਾਇਸ਼ੀ ਪਲਾਟ ਤੇ ਪੱਕੇ ਮਕਾਨ ਉਸਾਰ ਕੇ ਦਿੱਤੇ ਜਾਣ ਅਤੇ ਲੱਗੀ ਅੱਗ ਦੀ ਜਾਂਚ ਕੀਤੀ ਜਾਵੇ।

ਇਹ ਵੀ ਪੜ੍ਹੋ:  ਰਿਸ਼ਤੇ ਸ਼ਰਮਸਾਰ: ਫਗਵਾੜਾ 'ਚ 14 ਸਾਲਾ ਧੀ ਨਾਲ ਪਿਓ ਨੇ ਕਈ ਵਾਰ ਕੀਤਾ ਜਬਰ-ਜ਼ਿਨਾਹ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri