ਲੁਧਿਆਣਾ 'ਚ ਸਿਲੰਡਰ ਫਟਣ ਕਾਰਨ 33 ਜ਼ਖਮੀ, ਇਕ ਦੀ ਮੌਤ (ਵੀਡੀਓ)

04/26/2018 9:06:58 PM

ਲੁਧਿਆਣਾ (ਰਿਸ਼ੀ) —ਥਾਣਾ ਫੋਕਲ ਪੁਆਇੰਟ ਦੇ ਇਲਾਕੇ 'ਚ ਗਲੀ ਨੰਬਰ-2 ਸਮਾਰਟ ਕਾਲੋਨੀ 'ਚ ਵੀਰਵਾਰ ਸਵੇਰੇ ਘਰੇਲੂ ਸਿਲੰਡਰ 'ਚ ਜ਼ਬਰਦਸਤ ਧਮਾਕਾ ਹੋਣ ਕਾਰਨ 33 ਲੋਕ ਝੁਲਸ ਗਏ, ਜਦਕਿ ਇਕ ਮਹਿਲਾ ਦੀ ਮੌਤ ਹੋ ਗਈ ਹੈ।
ਜਾਣਕਾਰੀ ਮੁਤਾਬਕ ਸ਼ਹਿਰ ਦੇ ਗਿਆਸਪੁਰਾ ਇਲਾਕੇ ਦੀ ਸਮਾਰਟ ਕਾਲੋਨੀ 'ਚ ਸਿਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ ਹੋਇਆ, ਜਿਸ ਦੌਰਾਨ 33 ਜ਼ਖਮੀ ਅਤੇ ਇਕ ਮਹਿਲਾ ਦੀ ਮੌਤ ਹੋ ਗਈ ਹੈ। ਰਸੋਈ 'ਚ ਭੋਜਨ ਬਣਾਉਣ ਸਮੇਂ ਜਦ ਸਿਲੰਡਰ 'ਚੋਂ ਗੈਸ ਲੀਕ ਹੋਣ ਲੱਗੀ ਤਾਂ ਰਸੋਈ 'ਚ ਮੌਜੂਦ ਔਰਤ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਉਸ ਦੇ ਪਤੀ ਨੇ ਤੁਰੰਤ ਗੈਸ ਸਿਲੰਡਰ ਤੇ ਚੁੱਲੇ ਨੂੰ ਰਸੋਈ 'ਚੋਂ ਬਾਹਰ ਕੱਢਿਆ ਪਰ ਇਸ ਦੌਰਾਨ ਅੱਗ ਭੜਕ ਚੁਕੀ ਸੀ, ਜਿਸ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਉਪਰੰਤ ਸਕੂਲ ਜਾਣ ਲਈ ਤਿਆਰ 3 ਬੱਚਿਆਂ ਨੇ ਬਾਹਰ ਜਾ ਕੇ ਗੁਆਂਢੀਆਂ ਤੋਂ ਸਹਾਇਤਾ ਮੰਗੀ। ਘਰ 'ਚੋਂ ਧੁੰਆ ਨਿਕਲਣ ਕਾਰਨ ਲੋਕ ਮਿਟੀ ਅਤੇ ਬਾਲਟੀਆਂ 'ਚ ਪਾਣੀਆਂ ਭਰ ਕੇ ਲਿਆਏ ਪਰ ਅੱਗ ਭੜਕਨ ਦੇ ਨਾਲ-ਨਾਲ ਲੀਕ ਹੋ ਰਹੀ ਗੈਸ ਪਰਿਵਾਰਕ ਮੈਂਬਰਾਂ ਅਤੇ ਬਚਾਅ ਕਾਰਜਾਂ 'ਚ ਜੁਟੇ ਲੋਕਾਂ ਦੇ ਕੱਪੜਿਆਂ ਨਾਲ ਜਾ ਚਿਪਕੀ। ਜਿਸ ਤੋਂ ਕੁੱਝ ਸਮੇਂ ਬਾਅਦ ਗੈਸ ਸਿਲੰਡਰ 'ਚ ਧਮਾਕਾ ਹੋਣ ਕਾਰਨ ਘਰ 'ਚ ਮੌਜੂਦ ਬਚਾਅ ਕਾਰਜਾਂ 'ਚ ਜੁਟੇ ਲੋਕੀ ਅਤੇ ਘਰ ਦੇ ਬਾਹਰ ਖੜੇ ਲੋਕ ਅੱਗ ਦੀ ਲਪੇਟ 'ਚ ਆ ਗਏ।                                 
ਇਸ ਹਾਦਸੇ 'ਚ 5 ਪਰਿਵਾਰਕ ਮੈਂਬਰਾਂ ਸਮੇਤ 34 ਲੋਕ ਝੁਲਸ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿਥੇ ਹਾਲਤ ਗੰਭੀਰ ਹੋਣ ਕਾਰਨ ਕਈਆਂ ਨੂੰ ਪੀ. ਜੀ. ਆਈ., ਸੀ. ਐਮ. ਸੀ. ਅਤੇ ਈ. ਐਸ. ਆਈ. ਹਸਪਤਾਲ ਰੈਫਰ ਕੀਤਾ ਗਿਆ। ਝੁਲਸੇ ਲੋਕਾਂ 'ਚ 4 ਬੱਚੇ, 20 ਵਿਅਕਤੀ ਅਤੇ 10 ਔਰਤਾਂ ਸ਼ਾਮਲ ਹਨ। ਇਨ੍ਹਾਂ 'ਚੋਂ 7 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਘਟਨਾ ਦਾ ਪਤਾ ਚੱਲਦੇ ਹੀ ਏ. ਸੀ. ਪੀ. ਸਾਊਥ ਧਰਮਪਾਲ, ਥਾਣਾ ਇੰਚਾਰਜ ਅਮਨਦੀਪ ਸਿੰਘ ਬਰਾੜ, ਪੁਲਸ ਪਾਰਟੀ ਸਮੇਤ ਘਟਨਾ ਵਾਲੇ ਸਥਾਨ 'ਤੇ ਪਹੁੰਚੇ ਅਤੇ ਬਚਾਅ ਕਾਰਜ 'ਚ ਜੁਟ ਗਏ।
ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਘਰ ਦੇ ਮਾਲਕ ਦੀ ਪਛਾਣ ਅਸ਼ੋਕ ਕੁਮਾਰ ਯਾਦਵ (58), ਬੇਟੀ ਕਾਜਲ(19), ਪੂਜਾ(20), ਅਤੇ ਬੇਟਾ ਰਾਜ (13), ਦੇ ਰੂਪ 'ਚ ਹੋਈ ਹੈ ਜਦਕਿ ਅਸ਼ੋਕ ਦੀ ਪਤਨੀ ਸੁਨੀਤਾ ਯਾਦਵ (40) ਨੇ ਦੇਰ ਸ਼ਾਮ ਹਸਪਤਾਲ 'ਚ ਦਮ ਤੋੜ ਦਿੱਤਾ ਹੈ।