ਨਵਜੋਤ ਸਿੱਧੂ ਦੀ ਵਿਆਹ ਦੀ 30ਵੀਂ ਵਰ੍ਹੇਗੰਢ ਅੱਜ, ਪਤਨੀ ਨਾਰਾਜ਼

01/01/2018 1:36:30 AM

ਚੰਡੀਗੜ੍ਹ (ਪਰਾਸ਼ਰ) - ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵਿਆਹ ਦੀ ਅੱਜ 30ਵੀਂ ਵਰ੍ਹੇਗੰਢ ਹੈ ਪਰ ਉਨ੍ਹਾਂ ਦੀ ਪਤਨੀ ਉਨ੍ਹਾਂ ਨਾਲ ਨਾਰਾਜ਼ ਹੋ ਕੇ ਉਨ੍ਹਾਂ ਨੂੰ ਇਥੇ ਹੀ ਛੱਡ ਕੇ ਬੇਟੀ ਸਮੇਤ ਸ਼੍ਰੀਨਗਰ ਚਲੀ ਗਈ ਹੈ। ਇਹ ਗੱਲ ਉਨ੍ਹਾਂ ਗੱਲਬਾਤ ਦੌਰਾਨ ਦੱਸੀ। ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਉਹ ਵਿਆਹ ਦੀ ਵਰ੍ਹੇਗੰਢ ਵੱਖ-ਵੱਖ ਮਨਾ ਰਹੇ ਹਨ। ਉਹ ਵੀ ਪਤਨੀ ਨਾਲ ਸ਼੍ਰੀਨਗਰ ਜਾਣਾ ਚਾਹੁੰਦੇ ਸਨ ਪਰ ਇਕ ਟੀਮ ਉਨ੍ਹਾਂ ਨੂੰ ਮਿਲਣ ਲਈ 2 ਜਨਵਰੀ ਨੂੰ ਚੰਡੀਗੜ੍ਹ ਆ ਰਹੀ ਹੈ, ਜਿਸ ਨੂੰ ਉਹ ਕਿਸੇ ਵੀ ਹਾਲਤ ਵਿਚ ਮਿਸ ਨਹੀਂ ਕਰ ਸਕਦੇ। 5 ਜਨਵਰੀ ਨੂੰ ਕੇਂਦਰ ਤੋਂ ਅਰਬਨ ਹਾਊਸਿੰਗ ਦੇ ਸਕੱਤਰਾਂ ਦੀ ਇਕ ਟੀਮ ਆ ਰਹੀ ਹੈ ਤੇ 6 ਜਨਵਰੀ ਨੂੰ ਕੇਂਦਰੀ ਮੰਤਰੀ ਹਰਦੀਪ ਪੁਰੀ ਦੀ ਚੰਡੀਗੜ੍ਹ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਹੈ। ਇਨ੍ਹਾਂ ਸਾਰੀਆਂ ਹੀ ਬੈਠਕਾਂ ਦੀਆਂ ਤਿਆਰੀਆਂ ਨੂੰ ਲੈ ਕੇ ਉਨ੍ਹਾਂ ਦਾ ਚੰਡੀਗੜ੍ਹ ਵਿਚ ਹੀ ਬਣੇ ਰਹਿਣਾ ਅਤਿ ਜ਼ਰੂਰੀ ਹੈ।