ਸੂਬਾ ਸਰਕਾਰ ਵਲੋਂ ਸਿਵਲ ਹਸਪਤਾਲ ਨੂੰ 300 ਬੈੱਡਾਂ ਦੀ ਮਨਜ਼ੂਰੀ
Wednesday, Aug 22, 2018 - 06:46 AM (IST)
ਮੋਹਾਲੀ, (ਰਾਣਾ)- ਪੰਜਾਬ ਸਰਕਾਰ ਵਲੋਂ ਜਿਥੇ ਮੋਹਾਲੀ ਵਿਚ ਨਵਾਂ ਮੈਡੀਕਲ ਕਾਲਜ ਖੋਲ੍ਹਣ ਤੋਂ ਪਹਿਲਾਂ ਮੌਜੂਦਾ ਸਰਕਾਰੀ ਹਸਪਤਾਲ ਨੂੰ 200 ਤੋਂ 300 ਬੈੱਡਾਂ ਵਿਚ ਅਪਗ੍ਰੇਡ ਕਰਨ ਨੂੰ ਮਨਜ਼ੂਰੀ ਮਿਲ ਚੁੱਕੀ ਹੈ, ਉਥੇ ਹੀ ਮੋਹਾਲੀ ਦਾ ਸਿਵਲ ਹਸਪਤਾਲ ਪਿਛਲੇ ਕਾਫ਼ੀ ਸਮੇਂ ਤੋਂ ਡਾਕਟਰਾਂ ਦੀ ਕਮੀ ਨਾਲ ਜੂਝ ਰਿਹਾ ਹੈ ਪਰ ਇਸ ਦਾ ਹੱਲ ਅਜੇ ਤਕ ਨਹੀਂ ਨਿਕਲ ਸਕਿਆ। ਇਸ ਸਬੰਧੀ ਕਈ ਵਾਰ ਹਸਪਤਾਲ ਨਾਲ ਸਬੰਧਤ ਵਿਭਾਗ ਨੂੰ ਲਿਖ ਕੇ ਦਿੱਤਾ ਜਾ ਚੁੱਕਾ ਹੈ ਪਰ ਕਿਸੇ ਨੇ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ।
ਡਾਕਟਰ ਦੇ ਰਹੇ ਹਨ ਦੋ-ਦੋ ਜਗ੍ਹਾ ਡਿਊਟੀ
ਜਾਣਕਾਰੀ ਅਨੁਸਾਰ ਫੇਜ਼-6 ਸਥਿਤ ਸਿਵਲ ਹਸਪਤਾਲ ਵਿਚ ਲੰਬੇ ਸਮੇਂ ਤੋਂ ਡਾਕਟਰਾਂ ਦੀ ਕਾਫ਼ੀ ਕਮੀ ਹੈ, ਜਿਸ ਨੂੰ ਪੂਰਾ ਕਰਨ ਲਈ ਕਈ ਵਾਰ ਹਸਪਤਾਲ ਨਾਲ ਸਬੰਧਤ ਵਿਭਾਗ ਨੂੰ ਵੀ ਲਿਖਿਆ ਜਾ ਚੱਕਾ ਹੈ ਪਰ ਇਸ ਕਮੀ ਨੂੰ ਅਜੇ ਤਕ ਦੂਰ ਨਹੀਂ ਕੀਤਾ ਗਿਆ, ਜਿਸ ਦਾ ਖਮਿਆਜ਼ਾ ਇਲਾਜ ਕਰਵਾਉਣ ਆਏ ਮਰੀਜ਼ਾਂ ਨੂੰ ਭੁਗਤਣਾ ਪੈ ਰਿਹਾ ਹੈ। ਹਸਪਤਾਲ ਵਿਚ ਰੋਜ਼ਾਨਾ ਵੱਖ-ਵੱਖ ਡਾਕਟਰਾਂ ਦੀ ਡਿਊਟੀ ਤੈਅ ਕਰ ਦਿੱਤੀ ਜਾਂਦੀ ਹੈ, ਜਿਸ ਕਾਰਨ ਇਨ੍ਹਾਂ ਡਾਕਟਰਾਂ ’ਤੇ ਰੋਜ਼ਾਨਾ ਦੇ ਕੰਮ ਦੇ ਨਾਲ-ਨਾਲ ਐਮਰਜੈਂਸੀ ਦੀ ਪੂਰੀ ਜ਼ਿੰਮੇਵਾਰੀ ਵੀ ਹੈ ਪਰ ਕਈ ਡਾਕਟਰਾਂ ’ਤੇ ਤਾਂ ਕਾਫ਼ੀ ਬੋਝ ਪਾ ਦਿੱਤਾ ਜਾਂਦਾ ਹੈ। ਕਈ ਵਾਰ ਤਾਂ ਜਦੋਂ ਓ. ਪੀ. ਡੀ. ਦੇ ਡਾਕਟਰ ਦੀ ਡਿਊਟੀ ਐਮਰਜੈਂਸੀ ਵਿਚ ਲੱਗੀ ਹੁੰਦੀ ਹੈ ਤਾਂ ਓ. ਪੀ. ਡੀ. ਦੇ ਬਾਹਰ ਬੈਠੇ ਮਰੀਜ਼ ਵੀ ਕਾਫ਼ੀ ਪ੍ਰੇਸ਼ਾਨ ਹੁੰਦੇ ਹਨ ਕਿਉਂਕਿ ਉਸ ਵਿਚ ਡਾਕਟਰ ਦੀ ਵੀ ਕੋਈ ਗਲਤੀ ਨਹੀਂ ਹੁੰਦੀ, ਉਹ ਵੀ ਆਪਣੀ ਡਿਊਟੀ ਕਰ ਰਿਹਾ ਹੈ ਤੇ ਕਈ ਡਾਕਟਰ ਕੁਝ ਦੇਰ ਕੰਮ ਕਰਕੇ ਹਸਪਤਾਲ ਤੋਂ ਗਾਇਬ ਹੋ ਜਾਂਦੇ ਹਨ ਅਤੇ ਡਿਊਟੀ ਖਤਮ ਹੋਣ ਦੇ ਸਮੇਂ ਵਾਪਸ ਵੀ ਆ ਜਾਂਦੇ ਹਨ।
ਸੀਨੀਅਰ ਡਾਕਟਰ ਸਰਕਾਰੀ ਨੌਕਰੀ ਛੱਡ ਕੇ ਜਾ ਰਹੇ ਨੇ ਪ੍ਰਾਈਵੇਟ ਹਸਪਤਾਲਾਂ ’ਚ
ਸਰਕਾਰੀ ਹਸਪਤਾਲ ਵਿਚ ਪੈ ਰਹੇ ਡਾਕਟਰਾਂ ’ਤੇ ਜ਼ਿਆਦਾ ਬੋਝ ਕਾਰਨ ਡਾਕਟਰ ਨੌਕਰੀ ਛੱਡ ਕੇ ਪ੍ਰਾਈਵੇਟ ਹਸਪਤਾਲਾਂ ਵਿਚ ਜਾ ਰਹੇ ਹਨ। ਇੰਝ ਹੀ ਸਿਵਲ ਹਸਪਤਾਲ ਦੇ ਚਾਈਲਡ ਮਦਰ ਕੇਅਰ ਸੈਂਟਰ ਵਿਚ ਤਾਇਨਾਤ ਸੀਨੀਅਰ ਡਾਕਟਰ ਨੇ ਵੀ ਸਰਕਾਰੀ ਨੌਕਰੀ ਛੱਡ ਕੇ ਮੋਹਾਲੀ ਵਿਚ ਹੀ ਇਕ ਨਾਮੀ ਪ੍ਰਾਈਵੇਟ ਹਸਪਤਾਲ ਵਿਚ ਜੁਆਇਨ ਕਰ ਲਿਆ ਹੈ। ਇਸ ਤੋਂ ਇਕ ਗੱਲ ਤਾਂ ਸਪੱਸ਼ਟ ਹੋ ਚੁੱਕੀ ਹੈ ਕਿ ਸਿਵਲ ਹਸਪਤਾਲ ਵਿਚ ਡਾਕਟਰਾਂ ਦੀ ਕਮੀ ਤੇ ਡਾਕਟਰਾਂ ’ਤੇ ਪੈ ਰਹੇ ਬੋਝ ਕਾਰਨ ਇਹ ਕਦਮ ਚੁੱਕ ਜਾ ਰਹੇ ਹਨ।
ਮੈਡੀਕਲ ਕਾਲਜ ਖੁੱਲ੍ਹਣ ਤੋਂ ਬਾਅਦ ਹੋਵੇਗਾ ਸਮੱਸਿਆ ਦਾ ਹੱਲ
ਉਥੇ ਹੀ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾਕਟਰ ਮਨਜੀਤ ਸਿੰਘ ਨੇ ਕਿਹਾ ਕਿ ਹਸਪਤਾਲ ਵਿਚ ਡਾਕਟਰਾਂ ਦੀ ਕਮੀ ਤਾਂ ਹੈ, ਜਿਸ ਨੂੰ ਦੂਰ ਕਰਨ ਲਈ ਕਈ ਵਾਰ ਲਿਖ ਕੇ ਦਿੱਤਾ ਗਿਆ ਹੈ ਪਰ ਅਗਲੇ ਸਾਲ ਤਕ ਸਿਵਲ ਹਸਪਤਾਲ 300 ਬੈੱਡਾਂ ਵਿਚ ਅੱਪਗ੍ਰੇਡ ਹੋ ਜਾਵੇਗਾ। ਇਸ ਤੋਂ ਬਾਅਦ ਜੋ ਡਾਕਟਰਾਂ ਦੀ ਕਮੀ ਹੈ, ਉਹ ਵੀ ਦੂਰ ਹੋ ਜਾਵੇਗੀ।
