ਨਹਿਰ ''ਚ ਪਾੜ ਪੈਣ ਨਾਲ 300 ਏਕੜ ਫਸਲ ਤਬਾਹ

03/18/2018 7:00:18 AM

ਸਰਹਾਲੀ ਕਲਾਂ,  (ਰਸਬੀਰ ਸੰਧੂ)-  ਸਥਾਨਕ ਕਸਬੇ ਕੋਲੋਂ ਲੰਘਦੀ ਪਿੰਡ ਖਾਰੇ ਵਾਲੀ ਵੱਡੀ ਨਹਿਰ ਵਿਚ ਦੇਰ ਰਾਤ ਪਾਣੀ ਛੱਡਣ ਨਾਲ ਪਿੰਡ ਖਾਰਾ ਦੇ ਬਿਲਕੁਲ ਸਾਹਮਣੇ ਤੜਕਸਾਰ 30-32 ਫੁੱਟ ਚੌੜਾ ਪਾੜ ਪੈਣ ਨਾਲ ਪਿੰਡ ਖਾਰਾ, ਸਰਹਾਲੀ ਕਲਾਂ ਤੇ ਬਿਲਿਆਂ ਵਾਲਾ ਆਦਿ ਪਿੰਡਾਂ ਦੇ ਕਿਸਾਨਾਂ ਦੀ ਕਰੀਬ 300 ਏਕੜ ਫਸਲ ਤੇਜ਼ ਪਾਣੀ ਦੇ ਵਹਾਅ ਕਾਰਨ ਤਬਾਹ ਹੋ ਗਈ। 
ਪੀੜਤ ਕਿਸਾਨਾਂ ਨੇ ਕਿਹਾ ਕਿ ਜੇਕਰ ਨਹਿਰੀ ਵਿਭਾਗ ਸਮੇਂ ਸਿਰ ਪਾਣੀ ਘਟਾ ਦਿੰਦਾ ਜਾਂ ਬੰਦ ਕਰ ਦਿੰਦਾ ਤਾਂ ਸੈਂਕੜੇ ਏਕੜ ਬੀਜੀਆਂ ਫਸਲਾਂ ਤਬਾਹ ਹੋਣ ਤੋਂ ਬਚ ਜਾਣੀਆਂ ਸਨ, ਜਿਸ ਕਰ ਕੇ ਕਿਸਾਨਾਂ 'ਚ ਸਬੰਧਤ ਵਿਭਾਗ ਖਿਲਾਫ ਜ਼ਬਰਦਸਤ ਰੋਸ ਪਾਇਆ ਜਾ ਰਿਹਾ ਹੈ। 
ਕੀ ਕਹਿੰਦੇ ਹਨ ਕਿਸਾਨ
ਕਿਸਾਨਾਂ ਨੇ ਦੱਸਿਆ ਕਿ ਪਾਣੀ ਛੱਡਣ ਤੋਂ ਪਹਿਲਾਂ ਵਿਭਾਗ ਨੂੰ ਨਹਿਰ ਦੀ ਖਲਾਈ ਕਰਨੀ ਚਾਹੀਦੀ ਸੀ। ਜਦੋਂ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੀ ਸਿੰਚਾਈ ਦੀ ਲੋੜ ਹੁੰਦੀ ਹੈ, ਉਸ ਸਮੇਂ ਇਸ ਨਹਿਰ ਵਿਚ ਕਦੇ ਪਾਣੀ ਨਹੀਂ ਆਇਆ ਪਰ ਜਦੋਂ ਲੋੜ ਨਹੀਂ ਹੁੰਦੀ, ਉਸ ਸਮੇਂ ਜਾਣਬੁੱਝ ਕੇ ਨਹਿਰ 'ਚ ਪਾਣੀ ਛੱਡਿਆ ਜਾਂਦਾ ਹੈ। ਹਰ ਸਾਲ ਹੀ ਕੱਚੀ ਨਹਿਰ ਦੇ ਟੁੱਟਣ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ। ਸੈਂਕੜੇ ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਉਨ੍ਹਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਉਨ੍ਹਾਂ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਸਵਰਨ ਸਿੰਘ, ਅੰਗਰੇਜ਼ ਸਿੰਘ ਪ੍ਰਧਾਨ, ਕਸ਼ਮੀਰ ਸਿੰਘ, ਪਰਮਜੀਤ ਸਿੰਘ ਨੰਬਰਦਾਰ, ਕਰਨੈਲ ਸਿੰਘ, ਗੁਰਚਰਨ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਸਿੰਘ, ਜੋਗਾ ਸਿੰਘ, ਚੈਂਚਲ ਸਿੰਘ, ਅਵਤਾਰ ਸਿੰਘ, ਮੱਸਾ ਸਿੰਘ, ਇੰਦਰਜੀਤ ਸਿੰਘ, ਮੰਗਲ ਸਿੰਘ, ਸ਼ੇਰ ਸਿੰਘ ਤੇ ਅਰਜਨ ਸਿੰਘ ਆਦਿ ਦਰਜਨਾਂ ਕਿਸਾਨ ਨਹਿਰ 'ਚ ਪਏ ਪਾੜ ਨੂੰ ਭਰਨ ਲਈ ਡਟੇ ਸਨ। 
ਕੀ ਕਹਿੰਦੇ ਹਨ ਨਹਿਰੀ
ਵਿਭਾਗ ਦੇ ਅਧਿਕਾਰੀ
ਜਦੋਂ ਨਹਿਰ 'ਚ ਪਏ ਪਾੜ ਸਬੰਧੀ ਸਬੰਧਤ ਵਿਭਾਗ ਦੇ ਕੰਟਰੋਲਰ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੱਛੋਂ ਦੇਰ ਰਾਤ ਨੂੰ ਕਰੀਬ 150 ਕਿਊਸਿਕ ਪਾਣੀ ਆਉਣ ਨਾਲ ਕੱਚੀ ਨਹਿਰ 'ਚ ਪਾੜ ਪਿਆ ਹੈ, ਜਿਸ ਕਰ ਕੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਅੱਜ ਮੁਲਾਜ਼ਮ ਡਿਊਟੀ 'ਤੇ ਨਾ ਆਉਣ ਕਰ ਕੇ ਸਾਡੇ ਕੋਲੋਂ ਪਾਣੀ 'ਤੇ ਕੰਟਰੋਲ ਨਹੀਂ ਹੋਇਆ ਅਤੇ ਅਸੀਂ ਹੁਣ ਇਹ ਪਾਣੀ ਦੂਸਰੀਆਂ ਨਹਿਰਾਂ 'ਚ ਵੰਡ ਕੇ ਕੰਟਰੋਲ ਕਰਾਂਗੇ।