ਸ਼ਾਹਕੋਟ ਦੇ ਐੱਸ. ਡੀ. ਐੱਮ ਸਮੇਤ 30 ਲੋਕਾਂ ਦੀ ਰਿਪੋਰਟ 'ਕੋਰੋਨਾ' ਪਾਜ਼ੇਟਿਵ

07/09/2020 3:15:51 PM

ਜਲੰਧਰ (ਰੱਤਾ) : ਵਿਸ਼ਵ ਭਰ ਦੇ ਕਈ ਦੇਸ਼ਾਂ 'ਚ ਪੂਰੀ ਤਰ੍ਹਾਂ ਫੈਲ ਚੁੱਕੇ ਕੋਰੋਨਾ ਵਾਇਰਸ ਦਾ ਕਹਿਰ ਜਿੱਥੇ ਲਗਾਤਾਰ ਜਾਰੀ ਹੈ, ਉੱਥੇ ਹੀ ਪਾਜ਼ੇਟਿਵ ਆਉਣ ਵਾਲੇ ਰੋਗੀਆਂ ਦੀ ਗਿਣਤੀ 'ਚ ਕੋਈ ਕਮੀ ਆਉਂਦੀ ਨਹੀਂ ਦਿਖ ਰਹੀ ਹੈ। ਪੰਜਾਬ 'ਚ ਵੀ ਕੋਰੋਨਾ ਦੇ ਕਹਿਰ ਨੇ ਆਪਣੇ ਪੈਰ ਪਸਾਰ ਲਏ ਹਨ। ਸੂਤਰਾਂ ਅਨੁਸਾਰ ਵੀਰਵਾਰ ਨੂੰ ਸ਼ਾਹਕੋਟ ਦੇ ਐੱਸ. ਡੀ. ਐੱਮ. ਸੰਜੀਵ ਕੁਮਾਰ ਸਮੇਤ 30 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਹਾਲਾਂਕਿ ਸਿਹਤ ਅਧਿਕਾਰੀ ਨੇ ਇਸ ਦੀ ਅਜੇ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਯਾਨੀਕਿ ਅੱਜ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਸੁਲਤਾਨਪੁਰ ਲੋਧੀ ਦੇ 54 ਸਾਲਾ ਵਿਅਕਤੀ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਜਲੰਧਰ ਲਈ ਚੰਗੀ ਖਬਰ, 588 ਲੋਕਾਂ ਦੀ ਕੋਰੋਨਾ ਦੀ ਰਿਪੋਰਟ ਆਈ ਨੈਗੇਟਿਵ

ਬੁੱਧਵਾਰ ਨੂੰ ਜ਼ਿਲ੍ਹੇ 'ਚ 71 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ 
ਕੋਰੋਨਾ ਵਾਇਰਸ ਦਾ ਪ੍ਰਕੋਪ ਜਿੱਥੇ ਲਗਾਤਾਰ ਜਾਰੀ ਹੈ, ਉਥੇ ਹੀ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਰੋਜ਼ਾਨਾ ਵਾਧਾ ਹੁੰਦਾ ਜਾ ਰਿਹਾ ਹੈ। ਬੁੱਧਵਾਰ ਨੂੰ ਜ਼ਿਲ੍ਹਾ ਜਲੰਧਰ 'ਚ 71 ਹੋਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ। ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਜਿਨ੍ਹਾਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਮਿਲੀ ਹੈ, ਉਨ੍ਹਾਂ 'ਚੋਂ ਮਹਾਨਗਰ ਦੇ ਇਕ ਮਾਣਯੋਗ ਜਸਟਿਸ ਅਤੇ ਇਕ ਨਿੱਜੀ ਹਸਪਤਾਲ ਦੇ ਡਾਕਟਰ ਅਤੇ ਕੁਝ ਹੈਲਥ ਵਰਕਰ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 71 ਰੋਗੀਆਂ 'ਚ ਭੋਗਪੁਰ ਦੇ ਇਕ ਸਾਂਝੇ ਪਰਿਵਾਰ ਦੇ ਲਗਭਗ 20 ਮੈਂਬਰ ਅਤੇ ਆਰਮੀ ਪਰਸਨ ਵੀ ਹਨ।

ਸਿਰਫ 8 ਦਿਨਾਂ 'ਚ ਮਿਲੇ 295 ਪਾਜ਼ੇਟਿਵ ਰੋਗੀ
ਜਦੋਂ ਤੋਂ ਜੁਲਾਈ ਦਾ ਮਹੀਨਾ ਸ਼ੁਰੂ ਹੋਇਆ ਹੈ, ਉਦੋਂ ਤੋਂ ਕੋਰੋਨਾ ਵਾਇਰਸ ਰੋਗੀਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਅੰਕੜਿਆਂ ਮੁਤਾਬਕ ਜਦੋਂ ਤੋਂ ਕੋਰੋਨਾ ਵਾਇਰਸ ਫੈਲਿਆ ਹੈ, ਉਦੋਂ ਤੋਂ ਲੈ ਕੇ 31 ਮਈ ਤੱਕ ਜ਼ਿਲ੍ਹੇ 'ਚ ਸਿਰਫ 252 ਪਾਜ਼ੇਟਿਵ ਰੋਗੀ ਮਿਲੇ ਸਨ ਅਤੇ ਜੂਨ ਮਹੀਨੇ 'ਚ ਇਨ੍ਹਾਂ ਦੀ ਗਿਣਤੀ ਵਧ ਕੇ 466 ਹੋ ਗਈ। 1 ਜੁਲਾਈ ਤੋਂ ਲੈ ਕੇ 8 ਜੁਲਾਈ ਤੱਕ 295 ਰੋਗੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, 6 IAS ਤੇ 26 PCS ਅਧਿਕਾਰੀਆਂ ਦੇ ਕੀਤੇ ਤਬਾਦਲੇ

ਪੰਜਾਬ ਵਿਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ    6975 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1048, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 1013, ਲੁਧਿਆਣਾ 'ਚ 1194, ਸੰਗਰੂਰ 'ਚ 593 ਕੇਸ, ਪਟਿਆਲਾ 'ਚ 444, ਮੋਹਾਲੀ (ਐੱਸ. ਏ. ਐੱਸ. ਨਗਰ) 325, ਗੁਰਦਾਸਪੁਰ 'ਚ 271 ਕੇਸ, ਪਠਾਨਕੋਟ 'ਚ 238, ਤਰਨਤਾਰਨ 208, ਹੁਸ਼ਿਆਰਪੁਰ 'ਚ 189, ਨਵਾਂਸ਼ਹਿਰ 'ਚ 180, ਮੁਕਤਸਰ 143, ਫਤਿਹਗੜ੍ਹ ਸਾਹਿਬ 'ਚ 131, ਫਰੀਦਕੋਟ 146,  ਰੋਪੜ 'ਚ 118, ਮੋਗਾ 'ਚ 134, ਫਾਜ਼ਿਲਕਾ 102, ਫਿਰੋਜ਼ਪੁਰ 'ਚ 131, ਬਠਿੰਡਾ 122, ਕਪੂਰਥਲਾ 121, ਬਰਨਾਲਾ 'ਚ 71, ਮਾਨਸਾ 'ਚ 53 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 4934 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1864 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 177 ਲੋਕਾਂ ਦੀ ਮੌਤ ਹੋ ਚੁੱਕੀ ਹੈ।


Anuradha

Content Editor

Related News