30 ਕਿੱਲੇ ਜ਼ਮੀਨ ''ਚ ਖੜ੍ਹੇ ਨਾੜ ਨੂੰ ਲੱਗੀ ਅੱਗ

05/04/2018 3:53:53 AM

ਸੁਲਤਾਨਪੁਰ ਲੋਧੀ, (ਅਸ਼ਵਨੀ)- ਉੱਘੇ ਵਕੀਲ ਐੱਸ. ਐੱਸ. ਮੋਮੀ ਨੇ ਪ੍ਰੈੱਸ ਦੇ ਨਾਂ ਜਾਰੀ ਇਕ ਬਿਆਨ ਰਾਹੀਂ ਦੱਸਿਆ ਕਿ ਬਿਜਲੀ ਬੋਰਡ ਸਬ-ਡਵੀਜ਼ਨ ਟਿੱਬਾ ਦੇ ਕਰਮਚਾਰੀਆਂ ਦੀ ਅਣਗਹਿਲੀ ਕਰ ਕੇ ਕਿਸਾਨਾਂ ਦੀ ਕਰੀਬ 30 ਏਕੜ ਜ਼ਮੀਨ 'ਚ ਤੂੜੀ ਬਣਾਉਣ ਲਈ ਖੜ੍ਹਾ ਨਾੜ ਸੜ ਗਿਆ ਤੇ ਖੇਤਾਂ ਕੰਢੇ ਖੜ੍ਹੇ ਦਰੱਖਤਾਂ ਨੂੰ ਵੀ ਨੁਕਸਾਨ ਪੁੱਜਿਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਅੱਗ ਲੱਗਣ ਦਾ ਮਾਮਲਾ ਦੁਪਹਿਰ 11.30 ਉਸ ਵੇਲੇ ਵਾਪਰਿਆ, ਜਦੋਂ ਹਨੇਰੀ ਆਉਣ ਕਾਰਨ ਪਿੰਡ ਕਾਲਰੂ 'ਚ ਨਾਲੇ ਦੇ ਕੰਢੇ ਟਿੱਬੇ ਵਾਲਿਆਂ ਦੇ ਨਾਂ ਨਾਲ ਜਾਣੇ ਜਾਂਦੇ ਟਰਾਂਸਫਾਰਮਰ ਤੋਂ ਬਲਦੇਵ ਸਿੰਘ ਦੀ ਮੋਟਰ ਨੂੰ ਜਾਂਦੀਆਂ ਤਾਰਾਂ ਦੇ ਢਿੱਲੀਆਂ ਅਤੇ ਬਹੁਤ ਹੀ ਨੀਵੀਆਂ ਹੋਣ ਕਰ ਕੇ ਆਪਸ 'ਚ ਟਕਰਾਉਣ ਨਾਲ ਚੰਗਿਆੜੇ ਨਿਕਲਣ 'ਤੇ ਕਣਕ ਦੇ ਨਾੜ ਨੂੰ ਅੱਗ ਲੱਗ ਗਈ। ਇਸ ਦੌਰਾਨ 30 ਕਿਲੇ ਜ਼ਮੀਨ 'ਚ ਕਣਕ ਦਾ ਖੜ੍ਹਾ ਨਾੜ ਸੜ ਗਿਆ ਤੇ ਜ਼ਮੀਨ ਵਾਲੇ ਕਾਸ਼ਤਕਾਰ ਤੂੜੀ ਤੋਂ ਵਾਂਝੇ ਰਹਿ ਗਏ। ਉਨ੍ਹਾਂ ਪ੍ਰਭਾਵਿਤ ਕਿਸਾਨਾਂ ਚੰਨਣ ਸਿੰਘ, ਸੁੱਚਾ ਸਿੰਘ ਵਾਸੀ ਠੱਟਾ, ਰਣਜੀਤ ਸਿੰਘ ਜਾਰਜਪੁਰ ਤੇ ਬਲਬੀਰ ਸਿੰਘ ਮੈਰੀਪੁਰ ਨੂੰ ਮੁਆਵਜ਼ੇ ਦੀ ਮੰਗ ਕੀਤੀ ਹੈ।