ਕਰੰਟ ਲੱਗਣ ਨਾਲ ਇੱਕ ਨੌਜਵਾਨ ਦੀ ਮੌਤ, 3 ਹੋਰ ਨੌਜਵਾਨ ਝੁੱਲਸੇ

08/26/2021 6:47:13 PM

ਜੈਤੋ (ਰਘੂਨੰਦਰ ਪਰਾਸ਼ਰ) : ਬਠਿੰਡਾ ਰੋਡ ’ਤੇ ਪਿਛਲੇ ਕਰੀਬ ਚਾਰ ਸਾਲਾ ਤੋਂ ਸੜਕ ਟੁੱਟੀ ਹੋਣ ਕਾਰਨ ਲੱਗਭਗ ਆਵਾਜਾਈ ਠੱਪ ਵਾਂਗ ਹੀ ਹੈ। ਇੱਥੇ ਸੀਵਰੇਜ ਵਿਛਾਉਣ ਦਾ ਠੇਕਾ ਸ਼ਾਹਪੁਰ ਜੀ ਪਲੋਂਜੀ ਪ੍ਰਾਈਵੇਟ ਲਿਮਟਿਡ ਕੰਪਨੀ ਕੋਲ ਹੈ। ਹੁਣ ਸੀਵਰੇਜ ਦੀ ਪਾਈਪ ਵਿਛਾਉਣ ਦਾ ਕੰਮ ਚਲ ਰਿਹਾ ਹੈ। ਅੱਜ ਸਵੇਰੇ ਮਜ਼ਦੂਰਾਂ ਵੱਲੋਂ ਸੀਵਰੇਜ ਪਾਈਪ ਵਿਛਾਉਣ ਦਾ ਕੰਮ ਚੱਲ ਰਿਹਾ ਸੀ। ਮਜ਼ਦੂਰ, ਸੀਵਰੇਜ ਮੈਨ ਹੋਲ ’ਚੋਂ ਇੱਕ ਪਾਈਪ (ਵੇਡ ਸ਼ਾਫਟ, ਗੈਸ ਕੱਢਣ ਵਾਲੀ ਪਾਈਪ) ਰਾਹੀਂ ਸੀਵਰੇਜ ਦੀ ਪਾਈਪ ’ਚੋਂ ਗੈਸ (ਹਵਾ) ਬਾਹਰ ਕੱਢੀ ਜਾ ਰਹੀ ਸੀ। ਜਦ ਇਹ ਪਾਈਪ ਉੱਪਰ ਵੱਲ ਖੜ੍ਹੀ ਕੀਤੀ ਗਈ। ਤਦ ਅਚਾਨਕ ਉਪਰੋਂ ਲੰਘ ਰਹੀ ਬਿਜਲੀ ਦੀ ਤਾਰ ਰਹੀ ਇਸ ਪਾਈਪ ’ਚ ਕਰੰਟ ਆ ਗਿਆ ਅਤੇ ਪਾਈਪ ਨੂੰ ਖੜ੍ਹਾ ਕਰ ਰਹੇ ਮਜ਼ਦੂਰਾਂ ਦੇ ਕਰੰਟ ਲੱਗ ਜਾਣ ਕਾਰਨ ਚਾਰ ਪ੍ਰਵਾਸੀ ਨੌਜਵਾਨ ਮਜ਼ਦੂਰ ਝੁੱਲਸੇ ਗਏ, ਜਿਨ੍ਹਾਂ ’ਚ ਇਕ ਨੌਜਵਾਨ ਬਬਲੂ (34) ਪੁੱਤਰ ਜਵਾਰਦਨ ਮੰਡਲ, ਵਾਸੀ ਬਿਹਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਸ ਤੋਂ ਇਲਾਵਾ ਤਿੰਨ ਹੋਰ ਨੌਜਵਾਨ ਮਜ਼ਦੂਰ ਝੁਲਸੇ ਗਏ, ਇਨ੍ਹਾਂ ਨੌਜਵਾਨਾਂ ਨੂੰ ਸਿਵਿਲ ਹਸਪਤਾਲ ਜੈਤੋ ਵਿਖੇ ਲਿਆਂਦਾ ਗਿਆ। ਇਨ੍ਹਾਂ ’ਚੋਂ ਇਕ ਮਜ਼ਦੂਰ ਵਿਜੈ ਕੁਮਾਰ (25) ਪੁੱਤਰ ਨਰੇਸ਼ ਕੁਮਾਰ ਦੀ ਹਾਲਤ ਗੰਭੀਰ ਹੋਣ ਕਰਨ, ਉਸਨੂੰ ਪਹਿਲੀ ਮਦਦ ਮੁਹੱਈਆ ਕਰਵਾ ਕੇ ਇਸ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਦੋ ਜਖ਼ਮੀ ਨੌਜਵਾਨਾ ਵਿਕਾਸ (18 ਸਾਲ) ਪੁੱਤਰ ਪੱਪੂ ਮੰਡਲ ਅਤੇ ਸੰਜੈ ਮੰਡਲ (25 ਸਾਲ) ਪੁੱਤਰ ਗੁਣੀ ਮੰਡਲ ਵਾਸੀ ਬਿਹਾਰ ਦਾ ਇਲਾਜ ਜੈਤੋ ਵਿਖੇ ਹੀ ਸਿਵਿਲ ਹਸਪਤਾਲ ’ਚ ਹੀ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ। ਇਸ ਕੇਸ ਦੀ ਕਾਰਵਾਈ  ਏ. ਐੱਸ. ਆਈ. ਗੁਰਦੀਪ ਸਿੰਘ ਅਤੇ ਹੈਡ ਕਾਂਸਟੇਬਲ ਕਰਮਜੀਤ ਸਿੰਘ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਖਾਲਸਾ ਟਰੇਡਿੰਗ ਕੰਪਨੀ ਵਲੋਂ ਏਥੇ ਸੀਵਰੇਜ ਦਾ ਕੰਮ ਕੀਤਾ ਜਾ ਰਿਹਾ ਹੈ।

Anuradha

This news is Content Editor Anuradha