ਬੰਗਾ ਵਿਖੇ ਤੇਜ਼ ਰਫ਼ਤਾਰ ਕਾਰ ਕਾਰਨ ਵਾਪਰਿਆ ਰੂਹ ਕੰਬਾਊ ਹਾਦਸਾ, ਔਰਤ ਸਣੇ 3 ਲੋਕਾਂ ਦੀ ਮੌਤ

07/02/2023 7:09:50 PM

ਬੰਗਾ (ਚਮਨ ਲਾਲ/ਰਾਕੇਸ਼)-ਬੰਗਾ-ਨਵਾਂਸ਼ਹਿਰ ਨੈਸ਼ਨਲ ਹਾਈਵੇਅ ’ਤੇ ਪੈਂਦੇ ਪਿੰਡ ਥਾਂਦੀਆ ਵਿਖੇ ਬਣੇ ਰਾਧਾ ਸੁਆਮੀ ਸਤਿਸੰਗ ਦੇ ਬਾਹਰ ਇਕ ਤੇਜ਼ ਰਫ਼ਤਾਰ ਕਾਰ ਦੀ ਲਪੇਟ ’ਚ ਆਉਣ ਨਾਲ ਇਕ ਔਰਤ ਸਮੇਤ 3 ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਇਕ ਬੱਚੀ ਸਮੇਤ ਦੋ ਦੇ ਲੋਕਾਂ ਦੇ ਗੰਭੀਰ ਰੂਪ ’ਚ ਜ਼ਖ਼ਮੀ ਹੋਣ ਦੀ ਵੀ ਸੂਚਨਾ ਮਿਲੀ ਹੈ। 

ਮਿਲੀ ਜਾਣਕਾਰੀ ਅਨੁਸਾਰ ਇਕ ਤੇਜ਼ ਰਫ਼ਤਾਰ ਕਾਰ ਫਗਵਾੜਾ ਸਾਈਡ ਵੱਲੋਂ ਆ ਰਹੀ ਸੀ ਅਤੇ ਨਵਾਂਸ਼ਹਿਰ ਵੱਲ ਨੂੰ ਜਾ ਰਹੀ ਸੀ। ਜਿਵੇਂ ਹੀ ਉਕਤ ਕਾਰ ਹਾਦਸੇ ਵਾਲੇ ਸਥਾਨ ਨੇੜੇ ਪੁੱਜੀ ਤਾਂ ਉਕਤ ਕਾਰ ਦਾ ਅਚਾਨਕ ਸੰਤੁਲਣ ਵਿਗੜ ਗਿਆ ਅਤੇ ਉਕਤ ਕਾਰ ਰਾਧਾ ਸੁਆਮੀ ਸਤਿਸੰਗ ਘਰ ਤੋਂ ਸਤਿਸੰਗ ਸੁਣਨ ਉਪੰਰਤ ਸਤਿਸੰਗ ਘਰ ਤੋਂ ਬਾਹਰ ਨਿਕਲ ਰਹੇ ਸ਼ਰਧਾਲੂਆਂ ਨਾਲ ਜਾ ਟਕਰਾਈ। ਜਿਸ ਕਾਰਨ ਅਮਰ ਨਾਥ ਪੁੱਤਰ ਜਗਤ ਰਾਮ ਨਿਵਾਸੀ ਪਿੰਡ ਗੋਸਲਾਂ, ਭੁਪਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਨਿਵਾਸੀ ਬੰਗਾ, ਸੋਨੂੰ ਬਾਲਾ ਪਤਨੀ ਜਗਦੀਪ ਪੂੰਨ ਨਿਵਾਸੀ ਬੰਗਾ, ਅੰਕਿਤਾ ਪੂੰਨ (9) ਪੁੱਤਰੀ ਜਗਦੀਪ ਪੂੰਨ, ਅਵਤਾਰ ਚੰਦ ਨਿਵਾਸੀ ਦੁਸਾਂਝ ਖ਼ੁਰਦ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਲੋਕਾਂ ਨੇ ਨਿੱਜੀ ਵਾਹਨਾਂ ਅਤੇ 108 ਰਾਹੀਂ ਸਿਵਲ ਹਸਪਤਾਲ ਬੰਗਾ ਪੁਹੰਚਾਇਆ।

ਇਹ ਵੀ ਪੜ੍ਹੋ-ਜਾਡਲਾ ਵਿਖੇ ਵਾਪਰਿਆ ਦਰਦਨਾਕ ਹਾਦਸਾ, ਏ. ਐੱਸ. ਆਈ. ਹੇਜ ਰਾਜ ਦੀ ਨਹਿਰ ’ਚ ਡੁੱਬਣ ਨਾਲ ਮੌਤ

ਇਥੇ ਡਾਕਟਰ ਸਾਹਿਬ ਵੱਲੋਂ ਅਮਰ ਨਾਥ ਨਿਵਾਸੀ ਗੋਸਲਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਭੁਪਿੰਦਰ ਸਿੰਘ , ਸੋਨੂੰ ਬਾਲਾ ਅਤੇ ਬੱਚੀ ਅੰਕਿਤਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਰੈਫਰ ਕਰ ਦਿੱਤਾ ਗਿਆ, ਜਿਨ੍ਹਾਂ ’ਚੋਂ ਭੁਪਿੰਦਰ ਸਿੰਘ ਦੀ ਹਸਪਤਾਲ ਲਿਜਾਂਦੇ ਸਮੇ ਅਤੇ ਸੋਨੂੰ ਬਾਲਾ ਦੀ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾ ਕਲੇਰਾਂ ਵਿਖੇ ਜ਼ੇਰੇ ਇਲਾਜ ਮੌਤ ਹੋ ਗਈ ਜਦਕਿ ਅੰਕਿਤਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਹ ਗੁਰੂ ਨਾਨਕ ਮਿਸ਼ਨ ਹਸਪਤਾਲ ’ਚ ਜ਼ੇਰੇ ਇਲਾਜ ਹੈ। ਅਵਤਾਰ ਚੰਦ ਸਿਵਲ ਹਸਪਤਾਲ ਬੰਗਾ ਵਿਖੇ ਹੀ ਜ਼ੇਰੇ ਇਲਾਜ ਹੈ।

ਹਾਦਸੇ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਬੰਗਾ ਸਰਵਣ ਸਿੰਘ ਬੱਲ, ਐੱਸ. ਐੱਚ. ਓ. ਸਿਟੀ ਬੰਗਾ ਐੱਸ. ਆਈ. ਮਹਿੰਦਰ ਸਿੰਘ, ਥਾਣਾ ਸਦਰ ਦੇ ਪੁਲਸ ਅਧਿਕਾਰੀ ਮੌਕੇ ’ਤੇ ਪੁੱਜ ਗਏ ਅਤੇ ਹਾਦਸੇ ਦੌਰਾਨ ਨੁਕਸਾਨੇ ਵਾਹਨਾਂ ਅਤੇ ਮ੍ਰਿਤਕ ਵਿਅਕਤੀਆਂ ਦੀਆਂ ਦੇਹਾਂ ਨੂੰ ਮੁਰਦਾ ਘਰ ’ਚ ਰੱਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਸਮਾਚਾਰ ਲਿਖੇ ਜਾਣ ਤੱਕ ਕਾਰ ਚਾਲਕ ਦਾ ਪਤਾ ਨਹੀ ਲੱਗ ਸਕਿਆ।

ਇਹ ਵੀ ਪੜ੍ਹੋ-ਨਕੋਦਰ 'ਚ ਵੱਡੀ ਵਾਰਦਾਤ, ਝੋਨਾ ਲਾਉਣ ਦੀ ਤਿਆਰੀ ਕਰ ਰਹੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri