ਪੈਟਰੋਲ ਪੰਪ ਦੇ ਕਰਮਚਾਰੀ ਤੋਂ ਪੈਸਿਆਂ ਵਾਲਾ ਬੈਗ ਖੋਹ ਕੇ 3 ਵਿਅਕਤੀ ਫਰਾਰ, ਕੇਸ ਦਰਜ

Tuesday, Oct 31, 2017 - 01:25 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਪੈਟਰੋਲ ਪੰਪ ਦੇ ਕਰਮਚਾਰੀ ਤੋਂ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੁੰਦੇ ਸਮੇਂ ਉਸ ਨੂੰ ਜ਼ਖਮੀ ਕਰਨ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਸਿਟੀ ਬਰਨਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸਤਵਿੰਦਰਪਾਲ ਸਿੰਘ ਨੇ ਦੱਸਿਆ ਕਿ ਮੁੱਦਈ ਸੁਖਵਿੰਦਰ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਅਮਲਾ ਸਿੰਘ ਵਾਲਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਲੁਧਿਆਣਾ ਰੋਡ ਸੰਘੇੜਾ ਵਿਖੇ ਰਿਲਾਇੰਸ ਪੈਟਰੋਲ ਪੰਪ 'ਤੇ ਨੌਕਰੀ ਕਰਦਾ ਹੈ। ਬੀਤੇ ਦਿਨੀਂ ਰਾਤ ਕਰੀਬ 9.43 ਵਜੇ ਭੱਦਲਵੱਢ ਵੱਲੋਂ ਇਕ ਮੋਟਰਸਾਈਕਲ ਆਇਆ, ਜਿਸ 'ਤੇ 3 ਵਿਅਕਤੀ ਬੈਠੇ ਸਨ ਤੇ ਉਨ੍ਹਾਂ ਆਪਣੇ ਮੂੰਹ ਬੰਨ੍ਹੇ ਹੋਏ ਸਨ। ਉਨ੍ਹਾਂ ਉਸ ਨੂੰ ਮੋਟਰਸਾਈਕਲ 'ਚ ਤੇਲ ਪਾਉਣ ਲਈ ਕਿਹਾ ਤੇ ਜਦੋਂ ਉਸ ਦਾ ਮੂੰਹ ਮਸ਼ੀਨ ਵੱਲ ਹੋਇਆ ਤਾਂ ਇਕ ਵਿਅਕਤੀ ਉਸ ਦੇ ਗਲ 'ਚ ਪਾਇਆ ਪੈਸਿਆਂ ਵਾਲਾ ਬੈਗ ਖੋਹ ਕੇ ਪਿੰਡ ਸੰਘੇੜਾ ਵੱਲ ਭੱਜ ਗਿਆ। ਬੈਗ 'ਚ ਕਰੀਬ 8000 ਰੁਪਏ ਸਨ ਤੇ ਬਾਕੀ ਦੋਨੋਂ ਵਿਅਕਤੀ ਵੀ ਮੋਟਰਸਾਈਕਲ ਲੈ ਕੇ ਪਿੰਡ ਸੰਘੇੜਾ ਵੱਲ ਨੂੰ ਭੱਜ ਗਏ ਅਤੇ ਜਾਂਦੇ ਸਮੇਂ ਉਸ ਦੇ ਕੰਨ 'ਤੇ ਵਾਰ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਪੁਲਸ ਨੇ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News