3 ਪਾਕਿਸਤਾਨੀ ਨਾਗਰਿਕ ਸਰਹੱਦ ਪਾਰ ਕਰਦੇ ਕਾਬੂ

11/20/2019 12:31:34 AM

ਤਰਨਤਾਰਨ,(ਰਮਨ) : ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਡੱਲ ਵਿਖੇ ਅੱਜ 3 ਪਾਕਿਸਤਾਨੀ ਨਾਗਰਿਕਾਂ ਨੂੰ ਬੀ. ਐੱਸ. ਐੱਫ. ਵਲੋਂ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਸਬੰਧੀ ਬੀ. ਐੱਸ. ਐੱਫ. ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਅਗਲੇਰੀ ਪੁੱਛ-ਗਿੱਛ ਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਗ੍ਰਿਫਤਾਰ ਕੀਤੇ ਗਏ ਇਨ੍ਹਾਂ ਤਿੰਨਾਂ ਪਾਕਿਸਤਾਨੀ ਨਾਗਰਿਕਾਂ ਕੋਲੋਂ ਕੁੱਲ 6 ਹਜ਼ਾਰ ਸੱਤ ਸੌ ਰੁਪਏ ਦੀ ਪਾਕਿਸਤਾਨੀ ਕਰੰਸੀ ਤੇ 3 ਮੋਬਾਇਲ ਬਰਾਮਦ ਕੀਤੇ ਗਏ ਹਨ । ਸੂਤਰਾਂ ਅਨੁਸਾਰ ਇਹ ਤਿੰਨੇ ਵਿਅਕਤੀ ਕਿਸੇ ਭੁਲੇਖੇ 'ਚ ਸਰਹੱਦ ਪਾਰ ਕਰ ਕੇ ਭਾਰਤ ਆ ਪੁੱਜੇ ਸਨ।

ਜਾਣਕਾਰੀ ਮੁਤਾਬਕ ਅੱਜ ਸ਼ਾਮ ਚਾਰ ਵਜੇ ਬੀ. ਐੱਸ. ਐੱਫ. ਦੀ ਇਕ ਪਲਟਨ ਰੋਜ਼ਾਨਾ ਦੀ ਤਰ੍ਹਾਂ ਜ਼ਿਲਾ ਤਰਨਤਾਰਨ ਦੇ ਥਾਣਾ ਖਾਲੜਾ ਅਧੀਨ ਚੌਕੀ ਡੱਲ ਵਿਖੇ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਕੁੱਝ ਹਿੱਲਜੁਲ ਹੁੰਦੀ ਅਤੇ ਕੁਝ ਵਿਅਕਤੀਆਂ ਦੀ ਭਾਰਤੀ ਸਰਹੱਦ ਅੰਦਰ ਦਾਖਲ ਹੋਣਾ ਵਿਖਾਈ ਦਿੱਤਾ। ਜਿਸ ਦੌਰਾਨ ਬੀ. ਐੱਸ. ਐੱਫ. ਵਲੋਂ ਇਨ੍ਹਾਂ ਨੂੰ ਲਲਕਾਰਾ ਮਾਰਦੇ ਹੋਏ ਮੌਕੇ 'ਤੇ ਕਾਬੂ ਕਰ ਲਿਆ ਗਿਆ। ਬੀ. ਐੱਸ. ਐੱਫ. ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਿੰਨਾਂ ਨਾਗਰਿਕਾਂ ਦੀ ਪਛਾਣ ਹਾਕਮ ਅਲੀ (24) ਪੁੱਤਰ ਫਜ਼ਲ ਦੀਨ ਵਾਸੀ ਜਾਮਨ ਹਵੇਲੀਆਂ, ਵਾਹਿਦ ਆਲਮ (32) ਪੁੱਤਰ ਮੁਹੰਮਦ ਆਲਮ ਵਾਸੀ ਛੀਨਾ ਅਗਲ ਅਤੇ ਸਦਿਮ (28) ਪੁੱਤਰ ਮੁਹੰਮਦ ਹਨੀਫ ਵਾਸੀ ਕਰਮਪੁਰਾ ਬਿਹਾਰੀ ਦੱਸੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗ੍ਰਿਫਤਾਰ ਕੀਤੇ ਗਏ ਤਿੰਨਾਂ ਪਾਕਿਸਤਾਨੀ ਨਾਗਰਿਕਾਂ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।