ਵੱਡੀ ਖਬਰ : ਲੁਧਿਆਣਾ 'ਚ ACP ਤੋਂ ਬਾਅਦ ਪਤਨੀ ਸਮੇਤ 3 ਲੋਕ ਕੋਰੋਨਾ ਪਾਜ਼ੇਟਿਵ, ਕੁੱਲ ਗਿਣਤੀ ਹੋਈ 14

04/17/2020 1:28:38 PM

ਲੁਧਿਆਣਾ (ਸਹਿਗਲ, ਨਰਿੰਦਰ) : ਲੁਧਿਆਣਾ 'ਚ ਤਾਇਨਾਤ ਏ. ਸੀ. ਪੀ. ਦੀ ਬੀਤੇ ਦਿਨੀਂ ਕੋਰੋਨਾ ਸਬੰਧੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਕਰੀਬੀ 3 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ, ਜਿਨ੍ਹਾਂ 'ਚ ਏ. ਸੀ. ਪੀ. ਦੀ ਪਤਨੀ, ਐਸ. ਐਚ. ਓ. ਅਤੇ ਇਕ ਹੋਰ ਵਿਅਕਤੀ ਸ਼ਾਮਲ ਹੈ, ਜਿਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਸ਼ੇਸ਼ ਸਕੱਤਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਫਿਲਹਾਲ ਡਾਕਟਰਾਂ ਵਲੋਂ ਉਕਤ ਤਿੰਨਾਂ ਲੋਕਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਇਨ੍ਹਾਂ ਕੇਸਾਂ ਤੋਂ ਬਾਅਦ ਲੁਧਿਆਣਾ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 14 ਹੋ ਗਈ ਹੈ। ਦੱਸਣਯੋਗ ਹੈ ਕਿ ਏ. ਸੀ. ਪੀ. ਦੀ 4 ਦਿਨ ਪਹਿਲਾਂ ਕੋਰੋਨਾ ਦੀ ਰਿਪੋਰਟ ਪਾਜ਼ੇਟਿਵ ਆਈ ਸੀ ਅਤੇ ਉਹ ਇਕ ਨਿਜੀ ਹਸਪਤਾਲ 'ਚ ਵੈਂਟੀਲੇਟਰ 'ਤੇ ਹਨ। 

ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਪਹਿਲੇ ਕੋਰੋਨਾ ਮ੍ਰਿਤਕ ਦਾ ਦੇਰ ਰਾਤ ਸਸਕਾਰ, ਮਹਿਜ਼ ਚਾਰ ਜੀਅ ਹੋਏ ਸ਼ਾਮਲ


ਪੰਜਾਬ 'ਚ ਹੁਣ ਤੱਕ ਦੀ ਸਥਿਤੀ
ਪੰਜਾਬ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਪੰਜਾਬ 'ਚ ਕੋਰੋਨਾ ਦੇ ਕੁੱਲ 202 ਮਰੀਜ਼ ਹੋ ਚੁੱਕੇ ਹਨ, ਜਦੋਂ ਕਿ ਸੂਬੇ 'ਚ ਇਸ ਬੀਮਾਰੀ ਕਾਰਨ ਹੁਣ ਤੱਕ 14 ਲੋਕਾਂ ਦੀ ਮੌਤ ਹੋ ਗਈ ਹੈ। ਵੀਰਵਾਰ ਨੂੰ ਜਲੰਧਰ 'ਚ ਕੋਰੋਨਾ ਦੇ 6 ਕੇਸ ਪਾਜ਼ੇਟਿਵ ਪਾਏ ਗਏ ਸਨ, ਜਿਨ੍ਹਾਂ 'ਚੋਂ 5 ਲੋਕ ਆਪਣੇ ਕਰੀਬੀਆਂ ਦੇ ਸੰਪਰਕ 'ਚ ਆਉਣ ਕਾਰਨ ਬੀਮਾਰ ਹੋਏ ਹਨ, ਜਦੋਂ ਕਿ ਵੀਰਵਾਰ ਨੂੰ ਗੁਰਦਾਸਪੁਰ ਦੇ ਪਹਿਲੇ ਕੋਰੋਨਾ ਪੀੜਤ ਮਰੀਜ਼ ਨੇ ਅੰਮ੍ਰਿਤਸਰ ਦੇ ਹਸਪਤਾਲ 'ਚ ਦਮ ਤੋੜ ਦਿੱਤਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਪੀੜਤਾਂ ਲਈ ਖਰੀਦੀਆਂ ਜਾਣਗੀਆਂ 'ਵਾਸ਼ਿੰਗ ਮਸ਼ੀਨਾਂ', ਜਾਣੋ ਕਾਰਨ


ਭਾਰਤ 'ਚ ਕੋਰੋਨਾ ਪੀੜਤਾਂ ਦਾ ਅੰਕੜਾ 13 ਹਜ਼ਾਰ ਤੋਂ ਪਾਰ
ਦੁਨੀਆ ਭਰ 'ਚ ਕਹਿਰ ਢਾਹ ਰਹੇ ਖਤਰਨਾਕ ਕੋਰੋਨਾ ਵਾਇਰਸ ਮਹਾਂਮਾਰੀ ਹੁਣ ਭਾਰਤ 'ਚ ਵੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਦੇਸ਼ ਭਰ 'ਚ ਕੋਰੋਨਾ ਦੇ 13387 ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 437 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਰਾਹਤ ਭਰੀ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਕੇਰਲ ਨੇ ਹੁਣ ਕੋਰੋਨਾ 'ਚੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਹੈ। ਕੇਰਲ 'ਚ ਪਿਛਲੇ 24 ਘੰਟਿਆਂ 'ਚ ਸਿਰਫ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਪੁੱਡੂਚੇਰੀ ਦੇ ਮਾਹੇ ਜ਼ਿਲੇ 'ਚ ਪਿਛਲੇ 28 ਦਿਨਾਂ ਤੋਂ ਕੋਰੋਨਾ ਇਨਫੈਕਟਡ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਦੱਸਣਯੋਗ ਹੈ ਕਿ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਤੋਂ ਸਾਹਮਣੇ ਆਏ ਹਨ। ਇੱਥੇ ਲਗਭਗ 3202 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦਕਿ 194 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਦਿੱਲੀ 'ਚ ਹੁਣ ਤੱਕ 1640 ਮਾਮਲੇ ਸਾਹਮਣੇ ਆਏ ਹਨ, ਜਦਕਿ 38 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ 'ਚ ਵੀਰਵਾਰ ਨੂੰ ਇਕ ਹੀ ਦਿਨ 'ਚ 62 ਨਵੇਂ ਮਾਮਲੇ ਸਾਹਮਣੇ ਆਏ ਹਨ। 
ਇਹ ਵੀ ਪੜ੍ਹੋ : ਅਮਰੀਕਾ : ਇਕ ਦਿਨ 'ਚ ਰਿਕਾਰਡ 4491 ਮੌਤਾਂ, ਮ੍ਰਿਤਕਾਂ ਦਾ ਅੰਕੜਾ 34 ਹਜ਼ਾਰ ਦੇ ਪਾਰ

Babita

This news is Content Editor Babita