ਸ਼ਰਾਬ ਦੀਆਂ 195 ਪੇਟੀਆਂ ਸਮੇਤ ਤਿੰਨ ਸ਼ਰਾਬ ਕਾਰੋਬਾਰੀ ਕਾਬੂ

09/21/2019 12:11:16 PM

ਜਲੰਧਰ (ਜ. ਬ.)— ਠੇਕਿਆਂ ਦੀ ਆੜ 'ਚ ਬਾਹਰੀ ਸੂਬਿਆਂ ਦੀ ਸ਼ਰਾਬ ਵੇਚਣ ਵਾਲੇ ਸ਼ਰਾਬ ਕਾਰੋਬਾਰੀ ਅਤੇ ਉਸ ਦੇ ਡਰਾਈਵਰ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਤਿੰਨਾਂ ਨੂੰ ਕਾਜ਼ੀ ਮੰਡੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਵੱਲੋਂ ਬਰਾਮਦ ਕੀਤੀ ਸ਼ਰਾਬ ਦੀਆਂ 195 ਪੇਟੀਆਂ 2 ਗੱਡੀਆਂ 'ਚੋਂ ਬਰਾਮਦ ਕੀਤੀਆਂ ਹਨ। ਸਪੈਸ਼ਲ ਆਪ੍ਰੇਸ਼ਨ ਯੂਨਿਟ ਏ. ਐੱਸ. ਆਈ. ਮੋਹਨ ਸਿੰਘ ਨੇ ਦੱਸਿਆ ਕਿ ਪੁਲਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਕਾਜ਼ੀ ਮੰਡੀ 'ਚ ਵੱਡੇ ਪੱਧਰ 'ਤੇ ਸ਼ਰਾਬ ਦੀ ਸਪਲਾਈ ਹੋਣ ਜਾ ਰਹੀ ਹੈ ਅਤੇ ਸਾਰੀ ਸ਼ਰਾਬ ਬਾਹਰੀ ਸੂਬਿਆਂ ਦੀ ਹੈ। ਪੁਲਸ ਨੇ ਜਿਵੇ ਹੀ ਕਾਜ਼ੀਮੰਡੀ 'ਚ ਛਾਪਾਮਾਰੀ ਕੀਤੀ ਤਾਂ ਰਵਿੰਦਰ ਪਿੰਦਰੀ ਪੁੱਤਰ ਵੀਰ ਦਾਸ ਵਾਸੀ ਅਜੀਤ ਨਗਰ ਨੂੰ ਕਾਬੂ ਕਰ ਕੇ ਇਸ ਤੋਂ 5 ਪੇਟੀਆਂ ਸ਼ਰਾਬ ਦੀਆਂ ਮਿਲੀਆਂ।
ਪੁੱਛਗਿੱਛ 'ਚ ਪਤਾ ਲੱਗਾ ਕਿ ਉਸ ਨੇ ਇਹ ਸ਼ਰਾਬ ਠੇਕਿਆਂ ਨੂੰ ਪਾਰਟਨਰਸ਼ਿਪ 'ਚ ਚਲਾਉਣ ਵਾਲੇ ਬਲਵਿੰਦਰ ਸਿੰਘ ਪੁੱਤਰ ਪਰਗਟ ਸਿੰਘ ਵਾਸੀ ਨਾਹਰਪੁਰ ਕਰਤਾਰਪੁਰ ਤੋਂ ਖਰੀਦੀ ਸੀ।

ਪੁਲਸ ਨੇ ਟ੍ਰੈਪ ਲਾ ਕੇ ਕਾਜ਼ੀ ਮੰਡੀ ਤੋਂ ਹੀ ਬਲਵਿੰਦਰ ਸਿੰਘ ਅਤੇ ਉਸ ਦੇ ਡਰਾਈਵਰ ਹਰਜਿੰਦਰ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਬਿੱਲੀ ਚਾਓ ਨਕੋਦਰ ਨੂੰ ਕਾਬੂ ਕਰ ਲਿਆ। ਦੋਵੇਂ ਅਲੱਗ-ਅਲੱਗ ਗੱਡੀਆਂ 'ਚ ਆਏ ਸਨ। ਪੁਲਸ ਨੇ ਬਲਵਿੰਦਰ ਸਿੰਘ ਦੀ ਗੱਡੀ 'ਚੋਂ 59 ਅਤੇ ਹਰਜਿੰਦਰ ਸਿੰਘ ਦੀ ਗੱਡੀ 'ਚੋਂ 131 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ। ਏ. ਐੱਸ . ਆਈ. ਮੋਹਨ ਸਿੰਘ ਨੇ ਕਿਹਾ ਕਿ 195 ਪੇਟੀਆਂ ਸ਼ਰਾਬ 'ਚੋਂ ਚੰਡੀਗੜ੍ਹ, ਅਰੁਣਾਚਲ ਪ੍ਰਦੇਸ਼ ਅਤੇ ਪੰਜਾਬ ਦੀ ਸ਼ਰਾਬ ਮਿਲੀ ਹੈ। ਉਕਤ ਲੋਕਾਂ ਨੇ ਪੰਜਾਬ ਦੀ ਸ਼ਰਾਬ ਠੇਕੇ 'ਤੇ ਵੇਚਣੀ ਸੀ ਜਦਕਿ ਉਸ ਦੀ ਆੜ 'ਚ ਹੋਰ ਸੂਬਿਆਂ ਦੀ ਸ਼ਰਾਬ ਨੂੰ ਵੱਖ-ਵੱਖ ਸਮੱਗਲਰਾਂ ਨੂੰ ਵੇਚਣਾ ਸੀ। ਪੁਲਸ ਨੇ ਤਿੰਨਾਂ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਰਵਿੰਦਰ ਪਿੰਦਰੀ ਖਿਲਾਫ ਥਾਣਾ ਨੰਬਰ -8 'ਚ ਪਹਿਲਾਂ ਵੀ ਨਸ਼ੇ ਦਾ ਕੇਸ ਦਰਜ ਹੋਇਆ ਹੈ ਜਿਸ 'ਚ ਉਹ 10 ਸਾਲ ਦੀ ਸਜ਼ਾ ਕੱਟ ਚੁੱਕਾ ਹੈ।

shivani attri

This news is Content Editor shivani attri