ਹਥਿਆਰਾਂ ਦੀ ਨੋਕ ''ਤੇ ਕੋਰੀਅਰ ਕੰਪਨੀ ਦੇ ਮੁਲਾਜ਼ਮਾਂ ਕੋਲੋਂ ਲੁੱਟੇ 3 ਲੱਖ

06/10/2019 1:04:45 AM

ਜਲੰਧਰ(ਮਹੇਸ਼)— ਸੁੱਚੀ ਪਿੰਡ 'ਚ ਇੰਡੀਅਨ ਆਇਲ ਡਿਪੋ ਨੇੜੇ ਸਥਿਤ ਕੋਰੀਅਰ ਕੰਪਨੀ ਦੇ ਦਫਤਰ ਦੇ ਮੁਲਾਜ਼ਮਾਂ ਨੂੰ ਲੁਟੇਰੇ ਆਪਣਾ ਸ਼ਿਕਾਰ ਬਣਾਉਂਦੇ ਹੋਏ 3 ਲੱਖ ਰੁਪਏ ਦੀ ਨਕਦੀ ਤੇ 2 ਡੀ.ਵੀ.ਆਰ. ਲੁੱਟ ਕੇ ਫਰਾਰ ਹੋ ਗਏ। ਕਾਰ 'ਚ ਸਵਾਰ ਹੋ ਕੇ ਆਏ ਨਕਾਬਪੋਸ਼ ਲੁਟੇਰਿਆਂ ਦੀ ਗਿਣਤੀ ਕੋਰੀਅਰ ਕੰਪਨੀ ਦੇ ਮੁਲਾਜ਼ਮਾਂ ਨੇ 4 ਤੋਂ 5 ਦੱਸਦਿਆਂ ਕਿਹਾ ਕਿ ਸਾਰੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ।

ਮੁਨੀਸ਼ ਨਾਮਕ ਸੁਪਰਵਾਈਜ਼ਰ ਨੇ ਦੱਸਿਆ ਕਿ ਉਸ ਦੀ ਅੱਜ ਛੁੱਟੀ ਹੁੰਦੀ ਹੈ ਤੇ ਜਦੋਂ ਉਸ ਨੂੰ ਪਤਾ ਲੱਗਾ ਕਿ ਦਫਤਰ 'ਚ ਲੁੱਟ ਦੀ ਵਾਰਦਾਤ ਹੋਈ ਹੈ ਤਾਂ ਉਹ ਤੁਰੰਤ ਉਥੇ ਪਹੁੰਚੇ। ਦਫਤਰ 'ਚ ਮੌਜੂਦ ਸੁਪਰਵਾਈਜ਼ਰ ਸੁਪ੍ਰੀਤ ਤੇ ਫੀਲਡ 'ਚ ਜਾਬ ਕਰਨ ਵਾਲੇ ਅਮਨ ਨਾਂ ਦੇ ਇਕ ਹੋਰ ਮੁਲਾਜ਼ਮ ਨੇ ਦੱਸਿਆ ਕਿ ਜਦੋਂ ਉਹ ਕੈਸ਼ ਤੇ ਡੀ.ਵੀ.ਆਰ. ਅਲਮਾਰੀ 'ਚ ਰੱਖਣ ਗਏ ਤਾਂ ਉਥੇ ਅਚਾਨਕ ਕਾਰ 'ਚੋਂ ਉਤਰੇ ਕਰੀਬ ਅੱਧਾ ਦਰਜਨ ਨੌਜਵਾਨ ਅੰਦਰ ਦਾਖਲ ਹੋਏ। ਉਨ੍ਹਾਂ ਨੇ ਹਥਿਆਰਾਂ ਦੀ ਨੋਕ 'ਤੇ ਉਨ੍ਹਾਂ ਨੂੰ ਜਾਨੋਂ ਮਾਰ ਦੇਣ ਦੀ ਧਮਕੀ ਦਿੱਤੀ ਅਤੇ ਕੈਸ਼ ਤੇ ਡੀ.ਵੀ.ਆਰ. ਲੈ ਕੇ ਫਰਾਰ ਹੋ ਗਏ।

ਥਾਣਾ ਰਾਮਾ ਮੰਡੀ ਦੀ ਪੁਲਸ ਨੂੰ ਨਾਲ ਲੈ ਕੇ ਮੌਕੇ 'ਤੇ ਪਹੁੰਚੇ ਏ.ਸੀ.ਪੀ. ਸੈਂਟਰਲ ਹਰਸਿਮਰਤ ਸਿੰਘ ਛੇਤਰਾ ਨੇ ਜਾਂਚ ਸ਼ੁਰੂ ਕੀਤੀ। ਉਸ ਤੋਂ ਬਾਅਦ ਉਹ ਕੋਰੀਅਰ ਕੰਪਨੀ ਦੇ ਮੁਲਾਜ਼ਮਾਂ ਅਮਨ ਤੇ ਸੁਪ੍ਰੀਤ ਨੂੰ ਲੈ ਕੇ ਥਾਣੇ ਆ ਗਏ। ਉਥੇ ਉਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਸ਼ੁਰੂ ਕੀਤੀ ਗਈ। ਏ.ਸੀ.ਪੀ. ਛੇਤਰਾ ਨੇ ਕਿਹਾ ਕਿ ਅਮਨ ਤੇ ਸੁਪ੍ਰੀਤ ਦੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਬਹੁਤ ਜਲਦ ਹੀ ਇਸ ਵਾਰਦਾਤ ਨੂੰ ਟਰੇਸ ਕਰ ਲੈਣ ਦਾ ਵੀ ਏ.ਸੀ.ਪੀ. ਛੇਤਰਾ ਨੇ ਦਾਅਵਾ ਕੀਤਾ ਹੈ।

Baljit Singh

This news is Content Editor Baljit Singh