ਨਸ਼ਾ ਸਮੱਗਲਿੰਗ ਦੇ ਦੋਸ਼ਾਂ ''ਚ ਕਬੱਡੀ ਦੇ ਤਿੰਨ ਖਿਡਾਰੀ ਗ੍ਰਿਫਤਾਰ

07/18/2019 1:10:26 PM

ਜਲੰਧਰ (ਸ਼ੋਰੀ, ਹੇਮੰਤ)— ਥਾਣਾ ਫਿਲੌਰ ਦੀ ਪੁਲਸ ਨੇ ਤਿੰਨ ਅਜਿਹੇ ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ ਹੈ, ਜੋ ਕਬੱਡੀ ਦੇ ਖਿਡਾਰੀ ਹਨ ਅਤੇ ਨਸ਼ਾ ਸਮੱਗਲਿੰਗ ਵੀ ਕਰਦੇ ਸਨ। ਡੀ. ਐੱਸ. ਪੀ. ਫਿਲੌਰ ਦਵਿੰਦਰ ਅਤਰੀ ਨੇ ਦੱਸਿਆ ਕਿ ਥਾਣਾ ਗੋਰਾਇਆ ਦੇ ਐੱਸ. ਐੱਚ. ਓ. ਕੇਵਲ ਸਿੰਘ ਦੀ ਅਗਵਾਈ 'ਚ ਪੁਲਸ ਨੇ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਦੌਰਾਨ ਸੰਦੀਪ ਸਿੰਘ ਉਰਫ ਕਾਲਾ ਵਾਸੀ ਆਵਾਣ ਥਾਣਾ ਰਾਮਦਾਸ ਜ਼ਿਲਾ ਅੰਮ੍ਰਿਤਸਰ ਕੋਲੋਂ ਇਕ ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ। ਜਾਂਚ 'ਚ ਪਤਾ ਲੱਗਾ ਹੈ ਕਿ ਉਹ ਅਫੀਮ ਉਤਰਾਖੰਡ ਤੋਂ ਸਸਤੇ ਭਾਅ ਲਿਆ ਕੇ ਅੰਮ੍ਰਿਤਸਰ ਜ਼ਿਲੇ 'ਚ ਸਪਲਾਈ ਕਰਨ ਵਾਲਾ ਸੀ। ਇਸ ਤੋਂ ਪਹਿਲਾਂ ਵੀ ਉਥੋਂ ਨਸ਼ੇ ਵਾਲੇ ਟੀਕੇ ਲਿਆ ਕੇ ਅੰਮ੍ਰਿਤਸਰ 'ਚ ਸਪਲਾਈ ਕਰ ਚੁੱਕਾ ਹੈ।


ਡੀ. ਐੱਸ. ਪੀ. ਦਵਿੰਦਰ ਅਤਰੀ ਨੇ ਦੱਸਿਆ ਕਿ ਇਕ ਹੋਰ ਮਾਮਲੇ 'ਚ ਐੱਸ. ਆਈ. ਜਗਦੀਸ਼ ਰਾਏ ਨੇ ਨਾਕੇ ਦੌਰਾਨ ਪ੍ਰਗਟ ਸਿੰਘ ਉਰਫ ਵਿੱਕੀ ਪਿੰਡ ਸੋਫੀਆ ਥਾਣਾ ਰਾਮਦਾਸ ਜ਼ਿਲਾ ਅੰਮ੍ਰਿਤਸਰ ਕੋਲੋਂ 3950 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮ ਦਾ ਪਹਿਲਾ ਹੀ ਚੱਕਰ ਸੀ ਅਤੇ ਉਹ ਪੁਲਸ ਦੇ ਕਾਬੂ ਆ ਗਿਆ। ਇਸੇ ਤਰ੍ਹਾਂ ਏ. ਐੱਸ. ਆਈ. ਗੁਰਸ਼ਰਨ ਸਿੰਘ ਨੇ ਬਲਜਿੰਦਰ ਵਾਸੀ ਉਤਰਾਖੰਡ ਕੋਲੋਂ 350 ਨਸ਼ੇ ਵਾਲੇ ਕੈਪਸੂਲ ਬਰਾਮਦ ਕੀਤੇ ਹਨ। ਤਿੰਨਾਂ ਖਿਲਾਫ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ 'ਚ ਪਤਾ ਲੱਗਾ ਹੈ ਕਿ ਇਹ ਤਿੰਨੇ ਹੀ ਕਬੱਡੀ ਦੇ ਖਿਡਾਰੀ ਹਨ ਅਤੇ ਇਕ ਕਲੱਬ ਵਲੋਂ ਖੇਡਦੇ ਹਨ। ਤਿੰਨੇ ਖੁਦ ਨਸ਼ਾ ਨਹੀਂ ਕਰਦੇ ਪਰ ਨਸ਼ਾ ਵੇਚਣ ਦਾ ਧੰਦਾ ਜ਼ਰੂਰ ਕਰਦੇ ਹਨ।
ਮਿਲ ਕੇ ਕਰਦੇ ਸਨ ਕੰਮ
ਪੁਲਸ ਜਾਂਚ 'ਚ ਪਤਾ ਲੱਗਾ ਹੈ ਕਿ ਤਿੰਨੇ ਅੰਮ੍ਰਿਤਸਰ 'ਚ ਜਿੱਥੇ ਕਬੱਡੀ ਮਿਲ ਕੇ ਖੇਡਦੇ ਸਨ, ਉਥੇ ਨਸ਼ਾ ਵੀ ਮਿਲ ਕੇ ਹੀ ਵੇਚਦੇ ਸਨ। ਸ਼ਰਤ ਹੁੰਦੀ ਸੀ ਕੋਈ ਅਫੀਮ ਵੇਚੇਗਾ ਅਤੇ ਕੋਈ ਨਸ਼ੇ ਵਾਲੀਆਂ ਗੋਲੀਆਂ ਅਤੇ ਕੋਈ ਨਸ਼ੇ ਦੇ ਟੀਕੇ ਤਾਂ ਜੋ ਗਾਹਕਾਂ ਨੂੰ ਲੈ ਕੇ ਉਨ੍ਹਾਂ ਦੇ ਆਪਸੀ ਸਬੰਧ ਖਰਾਬ ਨਾ ਹੋਣ।

shivani attri

This news is Content Editor shivani attri