150 ਗ੍ਰਾਮ ਹੈਰੋਇਨ ਸਮੇਤ 3 ਗ੍ਰਿਫਤਾਰ

07/24/2017 3:52:26 AM

ਬਠਿੰਡਾ,   (ਸੁਖਵਿੰਦਰ)-  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ 'ਤੇ ਨਸ਼ਾ ਸਮੱਗਲਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਕਾਊਂਟਰ ਇੰਟੈਲੀਜੈਂਸ ਪੁਲਸ ਨੇ 150 ਗ੍ਰਾਮ ਹੈਰੋਇਨ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ। ਪੁਲਸ ਵਿਭਾਗ ਦੇ ਏ. ਆਈ. ਜੀ. ਅਜੇ ਮਲੂਜਾ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸੀ ਨੂੰ ਜਾਣਕਾਰੀ ਮਿਲੀ ਕਿ ਦਿੱਲੀ ਤੋਂ ਨਸ਼ਾ ਸਮੱਗਲਰ ਹੈਰੋਇਨ ਲੈ ਕੇ ਸਵਿਫਟ ਕਾਰ 'ਤੇ ਆ ਰਹੇ ਹਨ। ਉਨ੍ਹਾਂ ਇੰਸਪੈਕਟਰ ਨਵੀਨ ਸਿੰਗਲਾ ਦੀ ਅਗਵਾਈ ਵਿਚ ਪੁਲਸ ਟੀਮ ਸਮੇਤ ਮਾਨਸਾ ਰੋਡ 'ਤੇ ਨਾਕਾਬੰਦੀ ਕਰ ਕੇ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ। ਡਰਾਈਵਰ ਨੇ ਤੇਜ਼ੀ ਨਾਲ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਤਾਇਨਾਤ ਪੁਲਸ ਨੇ ਉਨ੍ਹਾਂ ਨੂੰ ਘੇਰ ਹੀ ਲਿਆ। 
ਤਲਾਸ਼ੀ ਲੈਣ 'ਤੇ ਕਾਰ ਵਿਚੋਂ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। 
ਨਵੀਨ ਕੁਮਾਰ ਨੇ ਦੱਸਿਆ ਕਿ ਕਾਰ ਡਰਾਈਵਰ ਸ਼ਮਸ਼ੇਰ ਸਿੰਘ ਵਾਸੀ ਜੈਤੋ ਮੰਡੀ, ਸਮੱਗਲਰ ਜਲੰਧਰ ਸਿੰਘ ਅਤੇ ਉਸ ਦੇ ਰਿਸ਼ਤੇਦਾਰ ਸਨੀ ਸਿੰਘ ਵਾਸੀਆਨ ਮੋਗਾ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਲੰਧਰ ਸਿੰਘ 'ਤੇ ਪਹਿਲਾਂ ਵੀ ਨਸ਼ਾ ਸਮੱਗਲਿੰਗ ਦੇ ਮਾਮਲੇ ਦਰਜ ਹਨ। 2013 ਵਿਚ ਉਸ ਕੋਲੋਂ 50 ਬੋਰੀ ਚੂਰਾ ਪੋਸਤ ਬਰਾਮਦ ਕੀਤਾ ਗਿਆ ਸੀ ਅਤੇ ਉਹ ਲੰਬੇ ਸਮੇਂ ਲਈ ਜੇਲ 'ਚ ਵੀ ਰਿਹਾ। 
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਦਿੱਲੀ ਤੋਂ ਨਸ਼ੇ ਦੀ ਖੇਪ ਲੈ ਕੇ ਆਏ ਸਨ, ਜਿਸ ਨੂੰ ਬਠਿੰਡਾ, ਮੋਗਾ, ਮੁਕਤਸਰ, ਫਰੀਦਕੋਟ ਤੇ ਹੋਰ ਸ਼ਹਿਰਾਂ ਵਿਚ ਵੇਚਣਾ ਚਾਹੁੰਦੇ ਸੀ। ਜਲੰਧਰ ਸਿੰਘ ਹੈਰੋਇਨ ਦੀ ਇਕ ਗ੍ਰਾਮ ਤੇ ਅੱਧੇ ਗ੍ਰਾਮ ਦੀਆਂ ਪੁੜੀਆਂ ਬਣਾ ਕੇ ਮਹਿੰਗੇ ਰੇਟਾਂ 'ਤੇ ਨੌਜਵਾਨਾਂ ਨੂੰ ਵੇਚਦਾ ਸੀ। ਮੁਲਜ਼ਮਾਂ ਖਿਲਾਫ਼ ਥਾਣਾ ਕੈਨਾਲ ਵਿਖੇ ਮਾਮਲਾ ਦਰਜ ਕਰ ਕੇ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ। ਸ਼੍ਰੀ ਅਜੇ ਮਲੂਜਾ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।