ਔਰਤ ਸਣੇ 3 ਨਸ਼ਾ ਸਮੱਗਲਰ ਕਾਬੂ

10/01/2017 6:51:39 AM

ਸੁਲਤਨਾਪੁਰ ਲੋਧੀ, (ਧੀਰ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਵਲੋਂ ਨਸ਼ਿਆਂ ਦੇ ਖਿਲਾਫ ਛੇੜੀ ਹੋਈ ਲਗਾਤਾਰ ਮੁਹਿੰਮ ਤਹਿਤ ਇਕ ਔਰਤ ਸਮੇਤ 3 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਤੇ ਕੈਂਪਸੂਲਾਂ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਹਰਜੀਤ ਸਿੰਘ ਚੌਕੀ ਇੰਚਾਰਜ ਮੋਠਾਂਵਾਲ ਪੁਲਸ ਪਾਰਟੀ ਸਮੇਤ ਇਲਾਕੇ 'ਚ ਤਿਉਹਾਰ ਦੇ ਮੱਦੇਨਜ਼ਰ ਸਪੈਸ਼ਲ ਗਸ਼ਤ ਕਰ ਰਹੇ ਸਨ ਤਾਂ ਪਿੰਡ ਲਾਟੀਆਂਵਾਲ ਦੇ ਨਜ਼ਦੀਕ ਇਕ ਵਿਅਕਤੀ ਨੂੰ ਪੈਦਲ ਆਉਂਦੇ ਸ਼ੱਕ ਦੇ ਆਧਾਰ 'ਤੇ ਰੋਕਿਆ, ਜਿਸਨੇ ਆਪਣਾ ਨਾਮ ਜਗਰੂਪ ਸਿੰਘ ਉਰਫ ਅਜੂਬਾ ਪੁੱਤਰ ਬਲਵਿੰਦਰ ਸਿੰਘ ਵਾਸੀ ਲਾਟੀਆਂਵਾਲ ਦੱਸਿਆ, ਜਿਸਦੀ ਤਲਾਸ਼ੀ ਲੈਣ ਉਪਰੰਤ ਉਸ ਪਾਸੋਂ 30 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਇਸੇ ਤਰ੍ਹਾਂ ਚੌਕੀ ਇੰਚਾਰਜ ਡੱਲਾ ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਡੱਲਾ ਦੇ ਨਜ਼ਦੀਕ ਹੀ ਵਿਸ਼ੇਸ਼ ਪੁਲਸ ਫੋਰਸ ਤੇ ਲੇਡੀ ਪੁਲਸ ਨਾਲ ਨਾਕੇਬੰਦੀ ਕੀਤੀ ਹੋਈ ਸੀ ਤਾਂ ਇਕ ਔਰਤ ਨੂੰ ਜਾਂਦੇ ਸ਼ੱਕ ਦੇ ਆਧਾਰ 'ਤੇ ਰੋਕਿਆ ਤਾਂ ਲੇਡੀ ਪੁਲਸ ਵਲੋਂ ਉਸਦੀ ਤਲਾਸ਼ੀ ਲੈਣ 'ਤੇ ਉਕਤ ਔਰਤ ਜੋਗਿੰਦਰ ਕੌਰ ਪਤਨੀ ਸੂਬਾ ਸਿੰਘ ਵਾਸੀ ਡੈਣਵਿੰਡੀ ਪਾਸੋਂ 50 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ।
ਇਸ ਤੋਂ ਇਲਾਵਾ ਪਿੰਡ ਕਰਮਜੀਤਪੁਰ ਮੌੜ 'ਤੇ ਏ. ਐੱਸ. ਆਈ. ਦਿਲਬਾਗ ਸਿੰਘ ਪੁਲਸ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸਨ ਤਾਂ ਇਕ ਵਿਅਕਤੀ ਮੰਗਾ ਸਿੰਘ ਪੁੱਤਰ ਸਾਹਿਬ ਵਾਸੀ ਡੈਣਵਿੰਡ ਨੂੰ ਜਦੋਂ ਸ਼ੱਕ ਦੇ ਆਧਾਰ 'ਤੇ ਰੋਕਿਆ ਤਾਂ ਤਲਾਸ਼ੀ ਲੈਣ ਉਪਰੰਤ ਉਸ ਪਾਸੋਂ 95 ਨਸ਼ੀਲੇ ਕੈਪਸੂਲ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਉਕਤ ਤਿੰਨਾਂ ਦੋਸ਼ੀਆਂ ਖਿਲਾਫ ਪੁਲਸ ਨੇ ਕੇਸ ਦਰਜ ਕਰ ਲਿਆ ਹੈ।