3 ਜ਼ਿਲਿਆਂ ਦੀ ਪੁਲਸ ਨੂੰ ਲੋੜੀਂਦਾ ਨੌਜਵਾਨ ਕਾਬੂ

03/23/2018 6:26:25 AM

ਚੌਕ ਮਹਿਤਾ,   (ਕੈਪਟਨ, ਪਾਲ)-  ਐੱਸ. ਐੱਸ. ਪੀ. ਪਰਮਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਐੱਸ. ਪੀ. (ਡੀ) ਹਰਪਾਲ ਸਿੰਘ ਤੇ ਡੀ. ਐੱਸ. ਪੀ. ਜੰਡਿਆਲਾ ਗੁਰੂ ਗੁਰਪ੍ਰਤਾਪ ਸਿੰਘ ਸਹੋਤਾ ਦੀ ਨਿਗਰਾਨੀ 'ਚ ਗੈਂਗਸਟਰਾਂ ਤੇ ਸਮੱਗਲਰਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਬਣਾ ਕੇ ਸਪੈਸ਼ਲ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਥਾਣਾ ਮਹਿਤਾ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਦੇ ਏ. ਐੱਸ. ਆਈ. ਨਰੇਸ਼ ਕੁਮਾਰ ਨੇ ਕਤਲ, ਲੁੱਟ-ਖੋਹ, ਚੋਰੀ ਆਦਿ ਦੀਆਂ ਵਾਰਦਾਤਾਂ 'ਚ ਲੰਬੇ ਸਮੇਂ ਤੋਂ ਭਗੌੜੇ ਸ਼ਿਵਪ੍ਰੀਤ ਸਿੰਘ ਉਰਫ ਐੱਸ. ਪੀ. ਪੁੱਤਰ ਸਰਵਣ ਸਿੰਘ ਵਾਸੀ ਉਦੋਕੇ ਕਲਾਂ ਨੂੰ ਇਕ ਦੇਸੀ ਪਿਸਤੌਲ ਤੇ 3 ਜ਼ਿੰਦਾ ਕਾਰਤੂਸਾਂ ਸਮੇਤ ਕਾਬੂ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ। ਐੱਸ. ਐੱਚ. ਓ. ਅਮਨਦੀਪ ਸਿੰਘ ਨੇ ਦੱਸਿਆ ਕਿ ਇਹ ਮੁਲਜ਼ਮ ਥਾਣਾ ਮੱਤੇਵਾਲ, ਥਾਣਾ ਸਿਟੀ ਬਟਾਲਾ ਤੇ ਥਾਣਾ ਸੁਹਾਨਾ ਮੋਹਾਲੀ ਦੀ ਪੁਲਸ ਨੂੰ ਲੋੜੀਂਦਾ ਸੀ। ਇਸ ਖਿਲਾਫ ਹੁਣ ਤੱਕ 8 ਮੁਕੱਦਮੇ ਦਰਜ ਹਨ ਤੇ ਥਾਣਾ ਮਹਿਤਾ ਵਿਖੇ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ।