ਹੁਸ਼ਿਆਰਪੁਰ ਦੇ 3 ਨੌਜਵਾਨ ਹੋਏ ਲਾਪਤਾ, ਮਾਪਿਆਂ ਨੇ ਚੰਗੇ ਭਵਿੱਖ ਲਈ ਭੇਜਿਆ ਸੀ ਅਮਰੀਕਾ

11/06/2017 6:51:05 PM

ਹੁਸ਼ਿਆਰਪੁਰ— ਚੰਗੇ ਭਵਿੱਖ ਦੀ ਖਾਤਿਰ ਅਮਰੀਕਾ ਜਾਣ ਲਈ ਬਹਾਮਸ ਦੇ ਫਰੀਪੋਰਟ ਤੋਂ ਲਾਪਤਾ ਹੋਏ ਦੁਆਬਾ ਖੇਤਰ ਦੇ ਮੁੰਡਿਆਂ ਵਿਚ 3 ਨੌਜਵਾਨ ਮੁਕੇਰੀਆਂ ਦੇ ਨੇੜਲੇ ਪਿੰਡਾਂ ਨਾਲ ਸਬੰਧਤ ਹਨ। ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਏਜੰਟੀ ਦਾ ਕੰਮ ਕਰਦੇ ਇਕ ਪੁਲਸ ਮੁਲਾਜ਼ਮ ਵੱਲੋਂ ਭੇਜਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਬਹਾਮਸ ਤੋਂ ਲਾਪਤਾ ਹੋਏ ਇਹ ਨੌਜਵਾਨ ਮੁਕੇਰੀਆਂ ਲਾਗਲੇ ਪਿੰਡ ਪੁਰੀਕਾ, ਅਬਦੁਲਾਪੁਰ ਤੇ ਬਿਆਨਪੁਰ ਨਾਲ ਸਬੰਧਤ ਸਨ। ਪਿੰਡ ਅਬਦੁਲਾਪੁਰ ਦੇ ਨੌਜਵਾਨ ਇੰਦਰਜੀਤ ਸਿੰਘ ਦਾ ਪਿਤਾ ਸ਼ਮਸ਼ੇਰ ਸਿੰਘ ਫੌਜ ਵਿਚ ਸੂਬੇਦਾਰ ਦੀ ਨੌਕਰੀ ਕਰਦਾ ਹੈ। ਇੰਦਰਜੀਤ ਸਿੰਘ (23) ਨੇ 12ਵੀਂ ਪਾਸ ਕੀਤੀ ਹੈ। ਉਸ ਦੇ ਚਾਚਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇੰਦਰਜੀਤ ਸਿੰਘ ਨੂੰ ਅਮਰੀਕਾ ਭੇਜਣ ਲਈ ਪਿੰਡ ਮਹਿੰਦੀਪੁਰ ਦੇ ਏਜੰਟ ਸੁਖਵਿੰਦਰ ਸਿੰਘ ਨਾਲ 35 ਲੱਖ ਰੁਪਏ ਦਾ ਸੌਦਾ ਹੋਇਆ ਸੀ ਅਤੇ 12 ਲੱਖ ਪੇਸ਼ਗੀ ਦਿੱਤੇ ਸਨ। ਉਸ ਨੇ ਦੱਸਿਆ ਕਿ ਇਸੇ ਤਰ੍ਹਾਂ ਮੁਕੇਰੀਆਂ ਪਿੰਡ ਪੁਰੀਕਾ ਦਾ ਸਰਬਜੀਤ ਸਿੰਘ ਪੁੱਤਰ ਜਰਨੈਲ ਸਿੰਘ ਵੀ ਉਨ੍ਹਾਂ ਦੇ ਨਾਲ ਹੀ ਗਿਆ ਹੈ। ਜਰਨੈਲ ਸਿੰਘ ਸਾਬਕਾ ਫੌਜੀ ਹੈ ਅਤੇ ਇਸ ਸਮੇਂ ਇਟਲੀ 'ਚ ਰਹਿੰਦਾ ਹੈ। ਕਰੀਬ 26 ਸਾਲਾ ਸਰਬਜੀਤ ਸਿੰਘ ਨੇ ਬੀ. ਏ. ਤੋਂ ਬਾਅਦ ਹੋਟਲ ਮੈਨੇਜਮੈਂਟ ਦਾ ਵੀ ਕੋਰਸ ਕੀਤਾ ਹੈ।  |
ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਨਾਲ ਗਿਆ ਤੀਜਾ ਲੜਕਾ ਪਿੰਡ ਬਿਆਨਪੁਰ ਦਾ ਗੁਰਦੀਪ ਸਿੰਘ ਹੈ। ਇਨ੍ਹਾਂ ਤਿੰਨਾਂ ਨਾਲ 35 ਲੱਖ ਦਾ ਸੌਦਾ ਹੋਇਆ ਸੀ ਅਤੇ 12-12 ਲੱਖ ਰੁਪਏ ਪੇਸ਼ਗੀ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਉਕਤ ਤਿੰਨੋਂ ਨੌਜਵਾਨ ਇਸੇ ਸਾਲ ਮਈ ਮਹੀਨੇ ਦਿੱਲੀ ਗਏ ਸਨ ਅਤੇ ਕੁਝ ਦਿਨਾਂ ਬਾਅਦ ਉਥੋਂ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਮਾਸਕੋ ਲਿਜਾਇਆ ਗਿਆ। ਉਸ ਤੋਂ ਬਾਅਦ ਉਹ ਬਹਾਮਸ ਪੁੱਜੇ ਬੇਗੋਵਾਲ ਖੇਤਰ ਵਾਲਿਆਂ ਵਾਂਗ ਇਨ੍ਹਾਂ ਤਿੰਨਾਂ ਲੜਕਿਆਂ ਦੀ ਮਾਪਿਆਂ ਨਾਲ ਆਖਰੀ ਗੱਲ 3 ਅਗਸਤ ਨੂੰ ਹੀ ਹੋਈ ਹੈ। ਉਸ ਤੋਂ ਬਾਅਦ ਉਨ੍ਹਾਂ ਦੀ ਕੋਈ ਉੱਘ-ਸੁੱਘ ਨਹੀਂ ਮਿਲੀ। 3 ਅਗਸਤ ਤੋਂ ਹੀ ਬੇਗੋਵਾਲ ਅਤੇ ਮੁਕੇਰੀਆਂ ਵਾਲਿਆਂ ਦੇ ਲਾਪਤਾ ਹੋਣ ਦੀ ਘਟਨਾ ਤੋਂ ਲਗਦਾ ਹੈ ਕਿ ਉਹ ਪੰਜਾਬ ਤੋਂ ਭਾਵੇਂ ਵੱਖ-ਵੱਖ ਏਜੰਟਾਂ ਰਾਹੀਂ ਗਏ ਪਰ ਅੱਗੇ ਕਿਸੇ ਇਕ ਏਜੰਟ ਰਾਹੀਂ ਹੀ ਗਏ ਹਨ। ਲੜਕਿਆਂ ਦੇ ਮਾਪਿਆਂ ਨੇ ਦੱਸਿਆ ਕਿ ਸਤੰਬਰ ਮਹੀਨੇ ਤੱਕ ਤਾਂ ਏਜੰਟ ਉਨ੍ਹਾਂ ਨੂੰ ਇਹੀ ਲਾਰੇ ਲਾਉਂਦਾ ਰਿਹਾ ਕਿ ਸਭ ਕੁਝ ਬਿਲਕੁਲ ਠੀਕ-ਠਾਕ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਮੁੰਡਿਆਂ ਦੇ ਅਮਰੀਕਾ ਤੋਂ ਫੋਨ ਆ ਜਾਣਗੇ ਪਰ ਜਦ ਦਿਨ ਲੰਘਦੇ ਗਏ ਤਾਂ ਮਾਪਿਆਂ ਨੇ ਚਿੰਤਾ ਪ੍ਰਗਟ ਕਰਨੀ ਸ਼ੁਰੂ ਕੀਤੀ ਅਤੇ ਪਿੰਡ ਮਹਿੰਦੀਪੁਰ ਦੀ ਪੰਚਾਇਤ ਵਿਚ ਵੀ ਗੱਲ ਚਲੀ ਗਈ। ਆਖਰ ਏਜੰਟ ਸੁਖਵਿੰਦਰ ਸਿੰਘ ਨੇ ਤਿੰਨਾਂ ਪਰਿਵਾਰਾਂ ਨੂੰ 12-12 ਲੱਖ ਰੁਪਏ ਮੋੜ ਦਿੱਤੇ ਅਤੇ ਨਾਲ ਮੁੰਡੇ ਲੱਭਣ ਲਈ 13-13 ਲੱਖ ਰੁਪਏ ਹੋਰ ਦੇ ਦਿੱਤੇ। ਮਹਿੰਦੀਪੁਰ ਦੀ ਪੰਚਾਇਤ 'ਚ ਲਿਖੇ ਮਾਪਿਆਂ ਦੇ ਹਲਫੀਆ ਬਿਆਨ ਵਿਚ ਤਿੰਨਾਂ ਮਾਪਿਆਂ ਨੇ ਕਿਹਾ ਕਿ ਜੇਕਰ ਕਿਸੇ ਕਾਰਨ ਕਰਕੇ ਬੱਚਾ ਨਹੀਂ ਮਿਲ ਦਾ ਜਾਂ ਕਿਸੇ ਅਣਸੁਖਾਵੀਂ ਘਟਨਾ ਦੀ ਪੁਸ਼ਟੀ ਹੁੰਦੀ ਹੈ ਤਾਂ ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਸੁਖਵਿੰਦਰ ਸਿੰਘ ਅਤੇ ਤਰੁਣ ਖੋਸਲਾ ਟਰੈਵਲ ਏਜੰਟ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਏਜੰਟ ਵੱਲੋਂ ਪੇਸ਼ਗੀ ਪੈਸਿਆਂ ਦੇ ਨਾਲ ਵਾਧੂ ਪੈਸੇ ਦੇਣ ਅਤੇ ਅੱਗੋਂ ਕਾਨੂੰਨੀ ਚਾਰਾਜੋਈ ਤੋਂ ਰੋਕਣ ਲਈ ਹਲਫੀਆ ਬਿਆਨਾਂ ਤੋਂ ਦਾਲ 'ਚ ਕਾਫੀ ਕੁਝ ਕਾਲਾ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਜਦ ਕਥਿਤ ਏਜੰਟ ਸੁਖਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹ ਮੁੱਕਰ ਹੀ ਗਿਆ ਅਤੇ ਕਿਹਾ ਕਿ ਮੇਰਾ ਅਜਿਹੀ ਕਿਸੇ ਗੱਲ ਨਾਲ ਕੋਈ ਸਬੰਧ ਨਹੀਂ ਪਰ ਬਾਅਦ ਵਿਚ ਉਸ ਨੇ ਦੋਵੇਂ ਮੋਬਾਇਲ ਫੋਨ ਹੀ ਬੰਦ ਕਰ ਲਏ। |
ਵਿਦੇਸ਼ ਮੰਤਰਾਲੇ ਨੇ ਲਿਆ ਗੰਭੀਰ ਨੋਟਿਸ
ਦੁਆਬਾ ਖੇਤਰ ਦੇ ਕਰੀਬ 20 ਨੌਜਵਾਨਾਂ ਦੇ ਅਮਰੀਕਾ ਲਾਗਲੇ ਬਹਾਮਸ ਟਾਪੂ ਤੋਂ ਲਾਪਤਾ ਹੋਣ ਦੀ ਖਬਰ ਤੋਂ ਬਾਅਦ ਕੇਂਦਰੀ ਵਿਦੇਸ਼ ਮੰਤਰਾਲੇ ਨੇ ਗੰਭੀਰ ਨੋਟਿਸ ਲਿਆ ਹੈ। ਸੂਤਰਾਂ ਮੁਤਾਬਕ ਮੰਤਰਾਲੇ ਦੇ ਅਧਿਕਾਰੀ ਨੇ ਸਾਰੀ ਖਬਰ ਦਾ ਅੰਗਰੇਜ਼ੀ ਤਰਜਮਾ ਮੰਗਵਾਉਣ ਬਾਅਦ ਇਸ ਮਾਮਲੇ ਦੀ ਪੁਸ਼ਟੀ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਵੀ ਰਾਬਤਾ ਬਣਾਏ ਜਾਣ ਦਾ ਪਤਾ ਲੱਗਾ ਹੈ।