ਰੇਲਵੇ ਸਟੇਸ਼ਨ ''ਤੇ ਲੱਗੀਆਂ 3 ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨਾਂ

09/24/2017 10:18:23 AM


ਚੰਡੀਗੜ੍ਹ (ਲਲਨ) - ਯਾਤਰੀਆਂ ਨੂੰ ਹੁਣ ਜਨਰਲ ਤੇ ਪਲੇਟਫਾਰਮ ਟਿਕਟ ਲੈਣ ਲਈ ਲਾਈਨ ਵਿਚ ਲੱਗਣ ਦੀ ਲੋੜ ਨਹੀਂ ਕਿਉਂਕਿ ਰੇਲਵੇ ਵਲੋਂ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ 3 ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨ (ਏ. ਟੀ. ਵੀ. ਐੈੱਮ.) ਲਾਈ ਗਈ ਹੈ। ਇਸ ਦਾ ਮੁੱਖ ਉਦੇਸ਼ ਹੁਣ ਟਿਕਟ ਕਾਊਂਟਰਾਂ ਨੂੰ ਪੂਰੀ ਤਰ੍ਹਾਂ ਕੈਸ਼ਲੈੱਸ ਕਰਨਾ ਹੈ। ਇਸ ਮਸ਼ੀਨ ਨੂੰ ਖਰੀਦਣ ਲਈ ਰੇਲਵੇ ਵਿਭਾਗ ਵਲੋਂ 20 ਲੱਖ ਰੁਪਏ ਤੋਂ ਵੱਧ ਖਰਚ ਕੀਤੇ ਗਏ ਹਨ। ਇਸ ਮਸ਼ੀਨ ਦੇ ਆਉਣ ਨਾਲ ਯਾਤਰੀ ਹੁਣ ਕ੍ਰੈਡਿਟ ਜਾਂ ਡੈਬਿਟ ਕਾਰਡ ਨਾਲ ਹੀ ਟਿਕਟ ਖਰੀਦ ਸਕਣਗੇ। 
ਯਾਤਰੀਆਂ ਨੂੰ ਮਸ਼ੀਨਾਂ ਦੀ ਜਾਣਕਾਰੀ ਦੇਣ ਲਈ ਵਿਭਾਗ ਵਲੋਂ ਦੋਵੇਂ ਪਾਸੇ ਕਰਮਚਾਰੀ ਵੀ ਲਾਏ ਗਏ ਹਨ ਤਾਂ ਕਿ ਯਾਤਰੀਆਂ ਨੂੰ ਆਸਾਨੀ ਨਾਲ ਟਿਕਟ ਮਿਲ ਸਕੇ, ਜਿਸ ਲਈ ਕੁੱਲ ਛੇ ਮਸ਼ੀਨਾਂ ਲਾਈਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚੋਂ 3 ਮਸ਼ੀਨਾਂ ਏ. ਟੀ. ਵੀ. ਐੈੱਮ. ਹਨ, ਜਿਥੋਂ ਯਾਤਰੀ ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਮਦਦ ਨਾਲ ਟਿਕਟ ਲੈ ਸਕਦੇ ਹਨ ਜਦਕਿ 3 ਮਸ਼ੀਨਾਂ 'ਤੇ ਕੈਸ਼ ਨਾਲ ਪੇਮੈਂਟ ਕੀਤੀ ਜਾ ਸਕਦੀ ਹੈ। 

ਕ੍ਰੈਡਿਟ ਕਾਰਡ ਤੇ ਏ. ਟੀ. ਐੈੱਮ. ਕਾਰਡ ਨਾਲ ਵੀ ਮਿਲੇਗੀ ਟਿਕਟ 
ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨ ਲੱਗਣ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਵਲੋਂ ਰੇਲਵੇ ਸਿਸਟਮ ਨੂੰ ਕੈਸ਼ਲੈੱਸ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਦੇ ਅਧੀਨ ਅੰਬਾਲਾ ਮੰਡਲ ਅਧੀਨ ਆਉਣ ਵਾਲੇ ਕਈ ਸਟੇਸ਼ਨਾਂ 'ਤੇ ਇਸ ਮਸ਼ੀਨ ਨੂੰ ਇੰਸਟਾਲ ਕੀਤਾ ਗਿਆ ਹੈ। ਇਸ ਦਾ ਮੁੱਖ ਉਦੇਸ਼ ਹੈ ਕਿ ਸਫ਼ਰ ਦੌਰਾਨ ਯਾਤਰੀ ਕੈਸ਼ਲੈੱਸ ਰਹਿ ਸਕੇ। ਇਸ ਦੇ ਤਹਿਤ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਹੁਣ ਯਾਤਰੀਆਂ ਨੂੰ ਕੈਸ਼ ਦੇ ਕੇ ਟਿਕਟ ਖਰੀਦਣ ਦੀ ਲੋੜ ਨਹੀਂ ਹੈ। ਇਹੀ ਨਹੀਂ ਰੇਲਵੇ ਵਲੋਂ ਸਟੇਸ਼ਨਾਂ 'ਤੇ ਚੱਲ ਰਹੇ ਟੀ ਸਟਾਲ ਸੰਚਾਲਕਾਂ ਨੂੰ ਵੀ ਸਵੈਪ ਮਸ਼ੀਨ ਤੇ ਪੇ. ਟੀ. ਐੈੱਮ. ਦਾ ਪ੍ਰਬੰਧ ਕਰਨ ਦਾ ਨਿਰਦੇਸ਼ ਦਿੱਤਾ ਜਾ ਚੁੱਕਾ ਹੈ। ਇਸ ਨਾਲ ਯਾਤਰੀਆਂ ਦੇ ਪੈਸੇ ਵੀ ਸੇਫ਼ ਰਹਿਣਗੇ ਤੇ ਚੋਰੀ ਹੋਣ ਦੀ ਸੰਭਾਵਨਾ ਵੀ ਨਹੀਂ ਰਹੇਗੀ। 

ਦੋਵੇਂ ਪਾਸੇ ਟਿਕਟ ਦੇਣ ਲਈ ਕਰਮਚਾਰੀ ਨਿਯੁਕਤ 
ਰੇਲਵੇ ਵਿਭਾਗ ਵਲੋਂ ਪਹਿਲਾਂ ਵੀ ਟਿਕਟ ਦੇਣ ਲਈ 3 ਟਿਕਟ ਵੈਂਡਿੰਗ ਮਸ਼ੀਨਾਂ ਲਾਈਆਂ ਗਈਆਂ ਸਨ ਪਰ ਯਾਤਰੀਆਂ ਵਲੋਂ ਇਸ ਮਸ਼ੀਨ ਦੀ ਵਰਤੋਂ ਘੱਟ ਕੀਤੀ ਜਾਂਦੀ ਸੀ, ਜਿਸ ਕਾਰਨ ਵਿਭਾਗ ਵਲੋਂ ਰੇਲਵੇ ਸਟੇਸ਼ਨ 'ਤੇ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਤਿੰਨ ਏ. ਟੀ. ਵੀ. ਐੈੱਮ. ਲਾਉਣ ਤੋਂ ਬਾਅਦ ਯਾਤਰੀਆਂ ਨੂੰ ਸਹੂਲਤ ਦੇਣ ਦੇ ਉਦੇਸ਼ ਨਾਲ ਚੰਡੀਗੜ੍ਹ ਦੇ ਪੰਚਕੂਲਾ ਵੱਲ 1-1 ਕਰਮਚਾਰੀ ਨਿਯੁਕਤ ਕੀਤਾ ਗਿਆ ਹੈ, ਜੋ ਯਾਤਰੀਆਂ ਨੂੰ ਇਸ ਮਸ਼ੀਨ ਦੀ ਵਰਤੋਂ ਬਾਰੇ ਜਾਣਕਾਰੀ ਦੇਣਗੇ। 
ਜਾਣਕਾਰੀ ਅਨੁਸਾਰ ਚੰਡੀਗੜ੍ਹ ਰੇਲਵੇ ਸਟੇਸ਼ਨ ਵੱਲ ਕੁੱਲ 4 ਟਿਕਟ ਵੈਂਡਿੰਗ ਮਸ਼ੀਨਾਂ ਲਾਈਆਂ ਗਈਆਂ ਹਨ, ਜਦਕਿ ਪੰਚਕੂਲਾ ਵੱਲ 2 । ਰੇਲਵੇ ਸਟੇਸ਼ਨ 'ਤੇ ਹੁਣ ਇਹ ਦੋਵੇਂ ਕਰਮਚਾਰੀ ਯਾਤਰੀਆਂ ਨੂੰ ਟਿਕਟ ਲੈਣ ਬਾਰੇ ਜਾਣਕਾਰੀ ਦੇਣਗੇ ਤੇ ਉਹੀ ਟਿਕਟ ਵੀ ਕੱਢ ਕੇ ਦੇਣਗੇ।

ਹੁਣ ਲਾਈਨ 'ਚ ਲੱਗ ਕੇ ਟਿਕਟ ਲੈਣ ਦੀ ਲੋੜ ਨਹੀਂ
ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਹਰ ਰੋਜ਼ 10 ਹਜ਼ਾਰ ਤੋਂ ਵੱਧ ਯਾਤਰੀ ਸਫ਼ਰ ਕਰਦੇ ਹਨ। ਅਜਿਹੇ ਵਿਚ ਟਿਕਟ ਲੈਣ ਲਈ ਗੈਰ ਰਾਖਵੇਂ ਟਿਕਟ ਕਾਊਂਟਰਾਂ 'ਤੇ ਬਹੁਤ ਭੀੜ ਲੱਗਦੀ ਹੈ। ਅਜਿਹੇ ਵਿਚ ਵਿਭਾਗ ਵਲੋਂ ਇਹ ਮਸ਼ੀਨਾਂ ਲਾਈਆਂ ਜਾ ਰਹੀਆਂ ਹਨ, ਜਿਸ ਨਾਲ ਯਾਤਰੀਆਂ ਨੂੰ ਆਸਾਨੀ ਨਾਲ ਟਿਕਟਾਂ ਮਿਲ ਜਾਇਆ ਕਰਨਗੀਆਂ। 

ਕੁੱਝ ਸਮੇਂ ਤਕ ਰਿਜ਼ਰਵੇਸ਼ਨ ਕਾਊਂਟਰਾਂ 'ਤੇ ਵੀ ਹੋਵੇਗੀ ਸਵੈਪ ਮਸ਼ੀਨ 
ਰੇਲਵੇ ਸਟੇਸ਼ਨ 'ਤੇ ਜਿਥੇ ਇਕ ਪਾਸੇ ਯਾਤਰੀਆਂ ਨੂੰ ਜਨਰਲ ਤੇ ਪਲੇਟਫਾਰਮ ਟਿਕਟ ਲੈਣ ਲਈ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨ ਲਾਈ ਗਈ ਹੈ, ਉਥੇ ਹੀ ਸੂਤਰਾਂ ਅਨੁਸਾਰ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਰਿਜ਼ਰਵੇਸ਼ਨ ਕਾਊਂਟਰਾਂ ਨੂੰ ਵੀ ਕੈਸ਼ਲੈੱਸ ਕਰਨ ਦੀ ਯੋਜਨਾ ਚੱਲ ਰਹੀ ਹੈ। ਸੂਤਰਾਂ ਅਨੁਸਾਰ ਇਕ-ਦੋ ਮਹੀਨਿਆਂ ਦੇ ਅੰਦਰ ਹੀ ਰਿਜ਼ਰਵੇਸ਼ਨ ਕਾਊਂਟਰਾਂ ਨੂੰ ਕੈਸ਼ਲੈੱਸ ਕਰ ਦਿੱਤਾ ਜਾਵੇਗਾ।