ਫਿਰੋਜ਼ਪੁਰ CIA ਸਟਾਫ਼ ਨੂੰ ਮਿਲੀ ਵੱਡੀ ਸਫ਼ਲਤਾ, ਹੈਰੋਇਨ ਤੇ ਨਾਜਾਇਜ਼ ਹਥਿਆਰਾਂ ਸਮੇਤ 3 ਮੈਂਬਰ ਗ੍ਰਿਫ਼ਤਾਰ

12/21/2022 12:57:14 PM

ਫਿਰੋਜ਼ਪੁਰ (ਕੁਮਾਰ) : ਪੰਜਾਬ ਸਰਕਾਰ ਅਤੇ ਡੀ. ਜੀ. ਪੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਜ਼ਿਲ੍ਹਾ ਫਿਰੋਜਪੁਰ ਵਿੱਚ ਨਸ਼ਾ ਤਸਕਰਾਂ ਖ਼ਿਲਾਫ ਸ਼ਿਕੰਜਾ ਕੱਸਦੇ ਹੋਏ ਸੀ. ਆਈ. ਏ. ਸਟਾਫ਼ ਫਿਰੋਜ਼ਪੁਰ ਪੁਲਸ ਨੇ ਸਬ-ਇੰਸਪੈਕਟਰ ਮੰਗਲ ਸਿੰਘ ਦੀ ਅਗਵਾਈ ਹੇਠ ਨਸ਼ਾ ਤਸਕਰ ਗਿਰੋਹ ਦੇ 3 ਮੈਂਬਰਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋ 2 ਕਿਲੋ ਹੈਰੋਇਨ, 25 ਲੱਖ 5 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਹਥਿਆਰ ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ.  ਫਿਰੋਜ਼ਪੁਰ ਕੰਵਰਦੀਪ ਕੌਰ ਨੇ ਦੱਸਿਆ ਕਿ ਐੱਸ. ਪੀ.  ਡਿਟੈਕਟਿਵ ਗੁਰਮੀਤ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਡੀ. ਐੱਸ. ਪੀ.  ਡਿਟੈਕਟਿਵ ਫਤਿਹ ਸਿੰਘ ਅਤੇ ਸੀ. ਆਈ. ਏ.  ਇੰਚਾਰਜ ਇੰਸਪੈਕਟਰ ਹਰਪ੍ਰੀਤ ਸਿੰਘ, ਸਬ-ਇੰਸਪੈਕਟਰ ਮੰਗਲ ਸਿੰਘ ਅਤੇ ਉਨ੍ਹਾਂ ਦੀ ਟੀਮ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦਿਆਂ ਜਦੋਂ ਬਜੀਦਪੁਰ ਵਿੱਚ ਗੁਰਦੁਆਰਾ ਸਾਹਿਬ ਦੇ ਗੇਟ ਅੱਗੇ ਪੁੱਜੇ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਗੁਰਮਨਪ੍ਰੀਤ ਸਿੰਘ ਉਰਫ਼ ਗੋਰਾ ਪੁੱਤਰ ਜਸਵੰਤ ਸਿੰਘ ਵਾਸੀ ਮਹਾਤਮਾ ਨਗਰ ਢੋਲਾ ਭੈਣੀ ਜ਼ਿਲ੍ਹਾ ਫਾਜ਼ਿਲਕਾ, ਲਵਪ੍ਰੀਤ ਸਿੰਘ ਉਰਫ਼ ਲਵ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਭਿੰਡਰ ਕਲਾਂ ਜ਼ਿਲ੍ਹਾ ਮੋਗਾ ਅਤੇ ਵੰਸ਼ ਪੁੱਤਰ ਸਤਪਾਲ ਵਾਸੀ ਗਾਂਧੀਨਗਰ ਫਿਰੋਜ਼ਪੁਰ ਵੱਡੇ ਪੱਧਰ ’ਤੇ ਹੈਰੋਇਨ ਦੀ ਤਸਕਰੀ ਕਰਦੇ ਹਨ ਅਤੇ ਉਹ ਆਪਣੇ ਕੋਲ ਨਾਜਾਇਜ਼ ਹਥਿਆਰ ਵੀ ਰੱਖਦੇ ਹਨ। 

ਇਹ ਵੀ ਪੜ੍ਹੋ- ਸ਼ਰਾਬ ਫੈਕਟਰੀ ਮਾਮਲਾ : ਸਰਕਾਰ ਤੇ ਧਰਨਾਕਾਰੀਆਂ ਨੂੰ ਹਾਈ ਕੋਰਟ ਨੇ ਲਾਈ ਫਟਕਾਰ

ਐੱਸ. ਐੱਸ. ਪੀ.  ਨੇ ਦੱਸਿਆ ਕਿ ਪੁਲਸ ਨੂੰ ਮਿਲੀ ਸੂਚਨਾ ਮੁਤਾਬਕ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਇਨ੍ਹਾਂ ਕਥਿਤ ਨਸ਼ਾ ਤਸਕਰਾਂ ਅੱਗੇ ਵੇਚਣ ਲਈ ਸਮਾਰਟ ਸਿਟੀ ਥ੍ਰੀ ਕਾਲੋਨੀ ਵਿੱਚ ਲਵਪ੍ਰੀਤ ਸਿੰਘ ਉਰਫ ਲਵ ਦੇ ਘਰ ਰੱਖੀ ਹੋਈ ਹੈ। ਇਸ ਗੁਪਤ ਸੂਚਨਾ ਦੇ ਆਧਾਰ ’ਤੇ ਤੁਰੰਤ ਸਬ-ਇੰਸਪੈਕਟਰ ਮੰਗਲ ਸਿੰਘ ਅਤੇ ਉਨ੍ਹਾਂ ਦੀ ਸੀ. ਆਈ. ਏ.  ਪੁਲਸ ਟੀਮ ਨੇ ਦੱਸੀ ਗਈ ਜਗ੍ਹਾ ’ਤੇ ਰੇਡ ਕੀਤਾ, ਜਿੱਥੇ ਤਲਾਸ਼ੀ ਦੌਰਾਨ 2 ਕਿਲੋ ਹੈਰੋਇਨ, 25 ਲੱਖ 5 ਹਜ਼ਾਰ ਦੀ ਡਰੱਗ ਮਨੀ, ਇਕ ਪਿਸਟਲ ਬਲਾਕ ਪਿਸਟਲ ਗਲੋਕ ਮੈਗਜ਼ੀਨ ਦੇ ਨਾਲ, 12 ਜਿੰਦਾ ਕਾਰਤੂਸ, ਮੈਗਜ਼ੀਨ ਦੇ ਨਾਲ ਇੱਕ ਪਿਸਟਲ 30 ਬੋਰ ਅਤੇ 7 ਜਿੰਦਾ ਕਾਰਤੂਸ ਅਤੇ ਇੱਕ ਆਈ ਟਵੰਟੀ ਕਾਰ ਨੰਬਰ ਪੀ. ਸੀ. 05 ਡੀ.ਐਫ.5300 ਬਰਾਮਦ ਹੋਈ। 

ਇਹ ਵੀ ਪੜ੍ਹੋ- ਦੇਸ਼ 'ਚ ਮਜ਼ਦੂਰ ਖ਼ੁਦਕੁਸ਼ੀਆਂ 'ਤੇ 'ਆਪ' ਦਾ ਭਾਜਪਾ ਨੂੰ ਵੱਡਾ ਸਵਾਲ- ਕੀ ਏਹੀ ਹੈ 'ਸਬਕਾ ਸਾਥ,ਸਬਕਾ ਵਿਕਾਸ' ?

ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਉਨ੍ਹਾਂ ਦੱਸਿਆ ਕਿ ਹੈਰੋਇਨ ਅਤੇ ਹਥਿਆਰਾਂ ਦੀ ਇਹ ਖੇਪ ਪਾਕਿਸਤਾਨ ਤੋਂ ਮੰਗਵਾਈ ਗਈ ਹੈ। ਉਨ੍ਹਾਂ ਕਿਹਾ ਕਿ ਫੜੇ ਗਏ ਕਥਿਤ ਸਮੱਗਲਰਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਨੇ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਕਿਵੇਂ ਪ੍ਰਾਪਤ ਕੀਤੀ ਅਤੇ ਅੱਗੇ ਹੈਰੋਇਨ ਅਤੇ ਹਥਿਆਰ ਕਿੱਥੇ ਸਪਲਾਈ ਕੀਤੀ ਜਾਣੀ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 10 ਕਰੋੜ ਰੁਪਏ ਦੱਸੀ ਜਾਂਦੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto