ਨਸ਼ੇ ਦੇ ਤੌਰ ''ਤੇ ਵਰਤੇ ਜਾਣ ਵਾਲੇ ਟੀਕਿਆਂ ਸਣੇ 3 ਗ੍ਰਿਫ਼ਤਾਰ

Saturday, May 05, 2018 - 02:22 AM (IST)

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਵੱਖ-ਵੱਖ ਥਾਣਿਆਂ ਦੀ ਪੁਲਸ ਵੱਲੋਂ 2 ਵੱਖ-ਵੱਖ ਮਾਮਲਿਆਂ 'ਚ ਨਸ਼ੇ ਦੇ ਤੌਰ 'ਤੇ ਵਰਤੇ ਜਾਣ ਵਾਲੇ 155 ਟੀਕਿਆਂ ਨਾਲ 3 ਵਿਅਕਤੀਆਂ ਤੇ ਇਕ ਹੋਰ ਮਾਮਲੇ 'ਚ ਚੂਰਾ ਪੋਸਤ ਨਾਲ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਐੱਸ.ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਨਵਾਂਸ਼ਹਿਰ ਤੋਂ ਪਿੰਡ ਗੁੱਜਰਪੁਰ ਵੱਲ ਜਾਂਦੇ ਹੋਏ ਜਦੋਂ ਬਿਨਾਂ ਫਾਟਕ ਰੇਲਵੇ ਲਾਈਨ ਦੇ ਨਜ਼ਦੀਕ ਪਹੁੰਚੀ ਤਾਂ ਦੂਜੇ ਪਾਸੇ ਤੋਂ ਆ ਰਹੇ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਕਲੋਂ ਨਸ਼ੇ ਦੇ ਤੌਰ 'ਤੇ ਵਰਤੇ ਜਾਣ ਵਾਲੇ 80 ਟੀਕੇ ਬਰਾਮਦ ਹੋਏ। ਗ੍ਰਿਫ਼ਤਾਰ ਨੌਜਵਾਨ ਦੀ ਪਛਾਣ ਜਤਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਪੁਆਰੀ ਥਾਣਾ ਫਿਲੌਰ ਵਜੋਂ ਹੋਈ।
ਇਕ ਹੋਰ ਮਾਮਲੇ 'ਚ ਥਾਣਾ ਬਲਾਚੌਰ ਦੀ ਪੁਲਸ ਨੇ ਨਸ਼ੇ ਦੇ ਤੌਰ 'ਤੇ ਵਰਤੇ ਜਾਣ ਵਾਲੇ 55 ਟੀਕਿਆਂ ਸਮੇਤ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਪਿੰਡ ਗੜ੍ਹੀ ਕਾਨੂੰਨਗੋ ਦੇ ਨਜ਼ਦੀਕ ਮੌਜੂਦ ਸੀ ਕਿ ਸਾਹਮਣੇ ਦੀ ਸਾਈਡ ਤੋਂ ਪੈਦਲ ਆ ਰਹੇ 2 ਨੌਜਵਾਨ, ਜਿਨ੍ਹਾਂ ਦੀ ਪਛਾਣ ਰਿੰਕੂ ਪੁੱਤਰ ਸਤਪਾਲ ਵਾਸੀ ਪੂਨੀਆ ਥਾਣਾ ਸਿਟੀ ਬੰਗਾ ਤੇ ਦੂਜੇ ਨੌਜਵਾਨ ਦੀ ਪਛਾਣ ਬਲਜਿੰਦਰ ਸਿੰਘ ਉਰਫ ਗੱਲੂ ਪੁੱਤਰ ਹਰਮੇਸ਼ ਲਾਲ ਵਾਸੀ ਪਿੰਡ ਨਾਗਰਾ ਥਾਣਾ ਬੰਗਾ ਦੇ ਤੌਰ 'ਤੇ ਕੀਤੀ, ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਨਸ਼ੇ ਦੇ ਤੌਰ 'ਤੇ ਵਰਤੇ ਜਾਣ ਵਾਲੇ 55 ਟੀਕੇ ਬਰਾਮਦ ਕੀਤੇ। ਪੁਲਸ ਨੇ ਦੱਸਿਆ ਕਿ ਉਕਤ ਦੋਵਾਂ ਮਾਮਲਿਆਂ 'ਚ ਪੁਲਸ ਨੇ ਸਬੰਧਤ ਥਾਣਿਆਂ 'ਚ ਐੱਨ.ਡੀ.ਪੀ.ਐੱਸ. ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
32 ਕਿਲੋਗ੍ਰਾਮ ਚੂਰਾ-ਪੋਸਤ ਸਮੇਤ 2 ਗ੍ਰਿਫ਼ਤਾਰ
ਥਾਣਾ ਮੁਕੰਦਪੁਰ ਦੀ ਪੁਲਸ ਨੇ 32 ਕਿਲੋਗ੍ਰਾਮ ਚੂਰਾ-ਪੋਸਤ ਦੇ ਨਾਲ ਔਰਤ ਸਮੇਤ 2 ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਸਬ-ਇੰਸਪੈਕਟਰ ਨਰੇਸ਼ ਕੁਮਾਰੀ ਨੇ ਦੱਸਿਆ ਕਿ ਨਸ਼ਾ ਤਸਕਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਥਾਣੇਦਾਰ ਪਰਸ਼ੋਤਮ ਦੀ ਪੁਲਸ ਪਾਰਟੀ ਬੱਸ ਅੱਡਾ ਜਗਤਪੁਰ-ਸਾਧਪੁਰ ਮੌਜੂਦ ਸੀ ਕਿ ਦੂਜੇ ਪਾਸਿਓਂ ਇਕ ਬਾਈਕ 'ਤੇ ਆ ਰਹੀ 1 ਔਰਤ ਅਤੇ 1 ਵਿਅਕਤੀ ਨੂੰ ਰੋਕ ਕੇ ਜਦੋਂ ਪੜਤਾਲ ਕੀਤੀ ਤਾਂ ਉਨ੍ਹਾਂ ਕੋਲੋਂ 32 ਕਿਲੋਗ੍ਰਾਮ ਚੂਰਾ-ਪੋਸਤ ਬਰਾਮਦ ਹੋਇਆ। ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਭੂੰਡੀ ਪੁੱਤਰ ਅਮਰੀਕ ਲਾਲ ਵਾਸੀ ਲੱਖਪੁਰ ਥਾਣਾ ਸਦਰ ਬੰਗਾ ਤੇ ਜਸਵੀਰ ਕੌਰ ਉਰਫ ਰੋਡ ਪਤਨੀ ਜਰਨੈਲ ਰਾਮ ਵਾਸੀ ਪਿੰਡ ਲੰਗੜੋਆ ਵਜੋਂ ਹੋਈ, ਜਿਸ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਬੰਗਾ, (ਚਮਨ ਲਾਲ/ਰਾਕੇਸ਼)-ਥਾਣਾ ਸਿਟੀ ਬੰਗਾ ਪੁਲਸ ਵੱਲੋਂ 30 ਵੱਖ-ਵੱਖ ਤਰ੍ਹਾਂ ਦੇ ਨਸ਼ੇ ਵਾਲੇ ਟੀਕਿਆਂ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਬਲਬੀਰ ਰਾਮ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਹੀਓ ਚੁੰਗੀ ਕੋਲ ਮੌਜੂਦ ਸੀ ਤਾਂ ਪਿੰਡ ਖਟਕੜ ਖੁਰਦ ਵੱਲੋਂ ਮੋਟਰਸਾਈਕਲ 'ਤੇ ਸਵਾਰ ਇਕ ਨੌਜਵਾਨ ਆਇਆ, ਜੋ ਪੁਲਸ ਪਾਰਟੀ ਨੂੰ ਦੇਖ ਘਬਰਾਅ ਗਿਆ ਤੇ ਪਿੱਛੇ ਮੁੜਨ ਲੱਗਾ। ਪੁਲਸ ਪਾਰਟੀ ਨੇ ਉਸ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਜਦੋਂ ਜਾਂਚ ਕੀਤੀ ਤਾਂ ਉਸ ਕੋਲੋਂ ਨਸ਼ੇ ਦੇ ਤੌਰ 'ਤੇ ਵਰਤੇ ਜਾਣ ਵਾਲੇ ਟੀਕੇ ਬਰਾਮਦ ਹੋਏ। ਉਕਤ ਮੁਲਜ਼ਮ ਦੀ ਪਛਾਣ ਦਿਲਵਿੰਦਰ ਸਿੰਘ ਵਾਸੀ ਦਿਆਲਪੁਰ ਜ਼ਿਲਾ ਜਲੰਧਰ ਵਜੋਂ ਹੋਈ, ਜਿਸ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News